ਖ਼ਬਰ-ਪੱਟੀ : ਪੈਰਾ ਰਚਨਾ


ਟੈਲੀਵਿਜ਼ਨ ਵਿਗਿਆਨ ਦੀਆਂ ਮਹੱਤਵਪੂਰਨ ਕਾਢਾਂ ਵਿੱਚੋਂ ਇੱਕ ਹੈ। ਇਹ ਕੇਵਲ ਮਨੋਰੰਜਨ ਦਾ ਹੀ ਸਾਧਨ ਨਹੀਂ ਸਗੋਂ ਸਾਡੇ ਗਿਆਨ ਵਿੱਚ ਵੀ ਵਾਧਾ ਕਰਦਾ ਹੈ। ਇਹ ਸੂਚਨਾਵਾਂ ਪ੍ਰਦਾਨ ਕਰਨ ਦਾ ਇੱਕ ਮਹੱਤਵਪੂਰਨ ਅਤੇ ਵੱਡਾ ਸੋਮਾ ਹੈ। ਟੈਲੀਵਿਜ਼ਨ-ਸਕਰੀਨ ਦੇ ਬਿਲਕੁਲ ਹੇਠਾਂ ਲਿਖਤੀ ਰੂਪ ਵਿੱਚ ਸ਼ਬਦਾਂ ਦੀ ਪੱਟੀ ਸੱਜੇ ਤੋਂ ਖੱਬੇ ਪਾਸੇ ਚੱਲਦੀ ਹੈ ਜਿਸ ਨੂੰ ਖ਼ਬਰ-ਪੱਟੀ ਦਾ ਨਾਂ ਦਿੱਤਾ ਜਾਂਦਾ ਹੈ। ਖ਼ਬਰ-ਪੱਟੀ ‘ਤੇ ਮਹੱਤਵਪੂਰਨ ਅਤੇ ਪ੍ਰਮੁੱਖ ਖ਼ਬਰਾਂ ਹੀ ਦਿੱਤੀਆਂ ਜਾਂਦੀਆਂ ਹਨ। ਇਹ ਖ਼ਬਰਾਂ ਸੰਖੇਪ ਰੂਪ ਵਿੱਚ ਹੁੰਦੀਆਂ ਹਨ। ਇਸ ਤਰ੍ਹਾਂ ਦਰਸ਼ਕ ਖ਼ਬਰ-ਪੱਟੀ ਨੂੰ ਦੇਖ ਕੇ ਕੁਝ ਮਿੰਟਾਂ ਵਿੱਚ ਹੀ ਪ੍ਰਮੁੱਖ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਕਈ ਚੈਨਲ ਖ਼ਬਰ-ਪੱਟੀ ‘ਤੇ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਰਾਜਾਂ ਦੇ ਸਿਰਲੇਖ ਦੇ ਕੇ ਵੀ ਖ਼ਬਰਾਂ ਦਿੰਦੇ ਹਨ। ਜਿਹੜੇ ਦਰਸ਼ਕ ਵਿਸਤਾਰ ਵਿੱਚ ਸਾਰੀਆਂ ਖ਼ਬਰਾਂ ਨਹੀਂ ਸੁਣ ਸਕਦੇ ਉਹ ਖ਼ਬਰ-ਪੱਟੀ ਰਾਹੀਂ ਦਿਨ ਭਰ ਦੀਆਂ ਮਹੱਤਵਪੂਰਨ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਟੈਲੀਵਿਜ਼ਨ-ਸਕਰੀਨ ‘ਤੇ ਖ਼ਬਰ-ਪੱਟੀ ਦੇ ਚੱਲਣ ਦੀ ਰਫ਼ਤਾਰ ਏਨੀ ਕੁ ਹੋਣੀ ਚਾਹੀਦੀ ਹੈ ਤਾਂ ਜੋ ਦਰਸ਼ਕ ਇਸ ਨੂੰ ਅਸਾਨੀ ਨਾਲ ਪੜ੍ਹ ਸਕੇ। ਕਈ ਚੈਨਲ ਵਿਗਿਆਪਨ ਸਮੇਂ ਖ਼ਬਰ-ਪੱਟੀ ਨੂੰ ਬੰਦ ਕਰ ਦਿੰਦੇ ਹਨ। ਖ਼ਬਰ-ਪੱਟੀ ਨੂੰ ਆਕਰਸ਼ਿਤ ਬਣਾਉਣ ਲਈ ਅੱਖਰਾਂ ਨੂੰ ਵੱਖ-ਵੱਖ ਰੰਗਾਂ ਵਿੱਚ ਵੀ ਦਿੱਤਾ ਜਾਂਦਾ ਹੈ। ਖ਼ਬਰ-ਪੱਟੀ ‘ਤੇ ਖ਼ਾਸ/ ਮਹੱਤਵਪੂਰਨ ਖ਼ਬਰਾਂ ਹੀ ਦਿੱਤੀਆਂ ਜਾਂਦੀਆਂ ਹਨ।