CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਕਿਰਤ – ਪੈਰਾ ਰਚਨਾ

ਕਿਰਤ ਦਾ ਮਨੁੱਖੀ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਮਨੁੱਖੀ ਵਿਕਾਸ ਦੀ ਜਿੰਨੀ ਕਹਾਣੀ ਹੈ, ਉਹ ਉਸ ਦੀ ਕਿਰਤ ਦਾ ਹੀ ਇਤਿਹਾਸ ਹੈ। ਆਪਣੇ ਕਿਰਤੀ ਹੱਥਾਂ – ਪੈਰਾਂ ਨਾਲ ਹੀ ਉਹ ਮੁੱਢਲੇ ਜੰਗਲੀ ਜੀਵਨ ਵਿਚ ਆਪਣੇ ਪੇਟ ਦੀ ਭੁੱਖ ਤੇ ਹੋਰਨਾਂ ਸਰੀਰਕ ਲੋੜਾਂ ਦੀ ਪੂਰਤੀ ਤੇ ਆਪਣੀ ਸੁਰੱਖਿਆ ਦਾ ਕੰਮ ਕਰਦਾ ਸੀ।

ਪੱਥਰਾਂ ਨੂੰ ਰਗੜ ਕੇ ਅੱਗ ਬਾਲਣ ਤੇ ਪਹੀਏ ਦੀ ਕਾਢ ਵੀ ਉਸ ਦੇ ਕਿਰਤੀ ਹੱਥਾਂ ਨੇ ਹੀ ਕੱਢੀ। ਇਸੇ ਕਰਕੇ ਹੀ ਬਾਵਾ ਬਲਵੰਤ ਕਹਿੰਦਾ ਹੈ, ‘ਉੱਚ ਮਿਸਰੀ ਮਿਨਾਰਾਂ ਤੋਂ, ਹਰ ਤਾਜ ਮਹੱਲ ਦੇ ਅੰਦਰ’, ਸੋਨੇ ਦਿਆਂ ਹਰਫ਼ਾਂ ਵਿਚ ਮਿਹਨਤ ਦੀ ਕਹਾਣੀ ਹੈ। ਇਹੋ ਕਹਾਣੀ ਹੀ ਮਨੁੱਖ ਨੂੰ ਪੱਥਰ ਯੁਗ ਵਿੱਚੋਂ ਕੱਢ ਕੇ ਲੰਮੇ ਸਫ਼ਰ ਪਿੱਛੋਂ ਅੱਜ ਕੰਪਿਊਟਰ ਯੁਗ ਵਿਚ ਲੈ ਆਈ ਹੈ।

ਗੁਰਬਾਣੀ ਵਿਚ ਵੀ ਕਿਰਤ ਨੂੰ ਮਹੱਤਵਪੂਰਨ ਸਥਾਨ ਦਿੰਦਿਆਂ ਮਨੁੱਖ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਗਿਆ ਹੈ ਤੇ ਇਸ ਤਰ੍ਹਾਂ ਕਿਰਤ ਨੂੰ ਨਾਮ ਜਪਣ ਤੋਂ ਵੀ ਪਹਿਲੀ ਥਾਂ ਦਿੱਤੀ ਗਈ ਹੈ। ਇਸੇ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਮਗਰੋਂ ਕਰਤਾਰਪੁਰ ਵਿਚ ਟਿਕਣ ਸਮੇਂ ਗ੍ਰਹਿਸਤੀ ਅਤੇ ਕਿਰਤੀ ਜੀਵਨ ਨੂੰ ਅਪਣਾਉਂਦਿਆ ਆਪ ਹਲ ਵਾਹਿਆ, ਖੇਤ ਸਿੰਜੇ ਤੇ ਲੰਗਰ ਤਿਆਰ ਕਰ ਕੇ ਸੰਗਤ ਵਿਚ ਵਰਤਾਇਆ।

ਗੁਰੂ ਅਰਜਨ ਦੇਵ ਜੀ ਨੇ ਕਿਰਤ ਦੀ ਮਹਾਨਤਾ ਨੂੰ ਦ੍ਰਿੜ੍ਹ ਕਰਦਿਆਂ ਕਿਹਾ ਹੈ, ‘ਉਦਮ ਕਰੇਂਦਿਆਂ ਜੀਉ ਤੂੰ, ਕਮਾਵਦਿਆਂ ਸੁੱਖ ਭੁੰਚ’ ਤੇ ਨਾਲ ਹੀ ਕਿਹਾ ਹੈ, ‘ਉਦਮ ਅੱਗੇ ਲਛਮੀ, ਪੱਖੇ ਅੱਗੇ ਪੌਣ।’ ਸਾਡਾ ਲੋਕ – ਸਾਹਿਤ ਵੀ ਸਾਨੂੰ ਕਿਰਤ ਕਰਨ ਦਾ ਸੰਦੇਸ਼ ਦਿੰਦਿਆਂ ਥਾਂ – ਥਾਂ ਕਹਿੰਦਾ ਹੈ, ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਤੇ ‘ਜਿੰਨੀ ਗੋਡੀ ਉਨੀ ਡੋਡੀ।’ ਪ੍ਰੋ: ਪੂਰਨ ਸਿੰਘ ਆਪਣੇ ਲੇਖ ‘ਕਿਰਤ’ ਵਿਚ ਆਖਦੇ ਹਨ, “ਜਿਸ ਦੇ ਹੱਥ ਕਿਰਤ ਨਹੀਂ, ਉਹ ਨਿਕੰਮਾ ਹੈ, ਔਰ ਉਹ ਕਦੀ ਉੱਚ ਜੀਵਨ ਦੇ ਮਰਮਾਂ ਨੂੰ ਹਾਸਲ ਨਹੀਂ ਕਰ ਸਕਦਾ।

ਇਕ ਬੰਦਾ ਜਿਹੜਾ ਸਹਿਜ – ਸੁਭਾ ਆਪਣੇ ਕੰਮ ਵਿਚ ਅੱਠੇ ਪਹਿਰ ਹੀ ਧਿਆਨ ਨਾਲ ਲੱਗਾ ਰਹਿੰਦਾ ਹੈ, ਉਸ ਨੂੰ ਮਾੜੇ ਚਿਤਵਨ ਤੇ ਪਾਮਰ ਕਰਮ ਕਰਨ ਦੀ ਵਿਹਲ ਹੀ ਨਹੀਂ ਲਗਦੀ।” ਇਸ ਕਰਕੇ ਸਾਨੂੰ ਕਿਰਤ ਨੂੰ ਹਮੇਸ਼ਾਂ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ ਤੇ ਯਾਦ ਰੱਖਣਾ ਚਾਹੀਦਾ ਹੈ ਕਿ ‘ਨਿਕੰਮਾ ਮਨ ਸ਼ੈਤਾਨ ਦਾ ਕਾਰਖ਼ਾਨਾ ਬਣ ਜਾਂਦਾ ਹੈ।’ ਕਿਰਤ ਕਰਨ ਨਾਲ ਹੀ ਮਨੁੱਖੀ ਮਨ ਸਹਿਜਤਾ ਤੇ ਟਿਕਾਓ ਵਿਚ ਆ ਸਕਦਾ ਹੈ ਤੇ ਸਰੀਰ ਤੰਦਰੁਸਤ ਰਹਿ ਸਕਦਾ ਹੈ।