ਕਾਵਿ ਟੁਕੜੀ : ਅਨੰਦ ਭਇਆ…….ਸਬਦ ਗਾਵਣ ਆਈਆਂ।
ਅਨੰਦ ਭਇਆ ਮੇਰੀ ਮਾਏ : ਗੁਰੂ ਅਮਰਦਾਸ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
(ੳ) ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥
ਸਤਿਗੁਰੂ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ॥
ਪ੍ਰਸੰਗ : ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਅਨੰਦ ਭਇਆ ਮੇਰੀ ਮਾਏ’ ਸਿਰਲੇਖ ਹੇਠ ਦਰਜ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਸਾਰੀ ਉਮਰ ਮਾਇਆ ਦੇ ਹੱਥਾਂ ਉੱਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ । ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲੇ ਅਨੰਦ ਬਣਿਆ ਰਹਿੰਦਾ ਹੈ।
ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਸਤਿਗੁਰੂ ਦੀ ਪ੍ਰਾਪਤੀ ਨਾਲ ਮਨ ਵਿੱਚ ਪੈਦਾ ਹੋਏ ਅਨੰਦ ਦਾ ਜ਼ਿਕਰ ਕੀਤਾ ਹੈ।
ਵਿਆਖਿਆ : ਗੁਰੂ ਸਾਹਿਬ ਫ਼ਰਮਾਉਂਦੇ ਹਨ, ਹੇ ਮੇਰੀ ਮਾਂ ! ਮੇਰੇ ਅੰਦਰ ਪੂਰਨ ਖਿੜਾਓ ਪੈਦਾ ਹੋ ਗਿਆ ਹੈ ਕਿਉਂਕਿ ਮੈਨੂੰ ਸੱਚਾ ਗੁਰੂ ਮਿਲ ਗਿਆ ਹੈ। ਮੈਨੂੰ ਸਤਿਗੁਰੂ ਮਿਲਿਆ ਹੈ ਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ। ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ। ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਵਾਜੇ ਵੱਜ ਪਏ ਹਨ : ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਗਣੀਆਂ ਸਮੇਤ ਮੇਰੇ ਮਨ ਵਿੱਚ ਮਾਨੋ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਉਣ ਆ ਗਏ ਹਨ।