ਕਾਰ ਵਿਹਾਰ ਦੇ ਪੱਤਰ


ਪ੍ਰਤਾਪ ਮੈਡੀਕਲ ਸਟੋਰ, ਫ਼ਿਰੋਜ਼ਪੁਰ ਵੱਲੋਂ ਵੈਟਸਵੇ ਕੰਪਨੀ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਸ਼ਿਕਾਇਤ ਕਰੋ ਕਿ ਖ਼ਰਾਬ ਪੈਕਟਾਂ ਦੀ ਵਜਾ ਕਰਕੇ ਉਹਨਾਂ ਵੱਲੋਂ ਭੇਜੀ ਇੱਕ ਦਵਾਈ ਘੱਟ ਮਿਕਦਾਰ ਵਿੱਚ ਪੁੱਜੀ ਹੈ। ਵੈਟਸਵੇ ਕੋਲੋਂ ਨਵੇਂ ਪੈਕਟ ਮੰਗੋ ਅਤੇ ਉਹਨਾਂ ਨੂੰ ਇਸ ਪਾਸੇ ਸੁਧਾਰ ਕਰਨ ਲਈ ਸੁਝਾਅ ਦੇਵੋ।


ਪ੍ਰਤਾਪ ਮੈਡੀਕਲ ਸਟੋਰ,

ਅਜੀਤ ਨਗਰ,

ਫ਼ਿਰੋਜ਼ਪੁਰ ।

ਹਵਾਲਾ ਨੰਬਰ : 24 / 10,

ਮਿਤੀ : 4 ਮਈ, 20…..

ਸੇਵਾ ਵਿਖੇ

ਮੈਨੇਜਰ ਸਾਹਿਬ,

ਮੈਸਰਜ਼ ਵੈਟਸਵੇ ਕੰਪਨੀ,

ਬਹਾਦਰ ਸ਼ਾਹ ਜ਼ਫ਼ਰ ਮਾਰਗ,

ਨਵੀਂ ਦਿੱਲੀ।

ਵਿਸ਼ਾ: ਦਵਾਈ ਠੀਕ ਹਾਲਤ ਵਿੱਚ ਨਾ ਪਹੁੰਚਣ ਬਾਰੇ।

ਸ੍ਰੀਮਾਨ ਜੀ,

ਅਸੀਂ ਆਪਣੇ ਆਰਡਰ ਨੰਬਰ 716 ਮਿਤੀ 14 ਅਪਰੈਲ, 20 ਰਾਹੀਂ ਕੁਝ ਦਵਾਈਆਂ ਦਾ ਆਰਡਰ ਭੇਜਿਆ ਸੀ। ਇਸ ਸੰਬੰਧ ਵਿੱਚ ਤੁਸੀਂ ਜਿਹੜੀ ਬੈਂਕ ਬਿਲਟੀ ਭੇਜੀ ਹੈ ਉਹ ਅਸੀਂ ਛੁਡਵਾ ਲਈ ਹੈ ਪਰ ਇਸ ਵਿੱਚੋਂ ਫ਼ਿਊਰਾਜ਼ੋਲੀਡੋਨ ਨਾਂ ਦੀ ਦਵਾਈ ਦੇ ਪੰਜ ਪੈਕਟ ਫਟੇ ਹੋਏ ਹੋਣ ਕਾਰਨ ਇਹਨਾਂ ਵਿੱਚ ਅੱਧੀ ਦਵਾਈ ਵੀ ਨਹੀਂ ਰਹੀ। ਇਹਨਾਂ ਫਟੇ ਹੋਏ ਪੈਕਟਾਂ ਵਾਲੀ ਦਵਾਈ ਖ਼ਰਾਬ ਹੋ ਗਈ ਹੈ ਅਤੇ ਇਹ ਵੇਚਣ-ਯੋਗ ਨਹੀਂ।

ਆਪ ਜੀ ਨੂੰ ਬੇਨਤੀ ਹੈ ਕਿ ਫ਼ਿਊਰਾਜ਼ੋਲੀਡੋਨ ਨਾਂ ਦੀ ਦਵਾਈ ਦੇ ਪੰਜ ਪੈਕਟ ਸਾਡੇ ਅਗਲੇ ਆਰਡਰ ਨਾਲ ਭੇਜ ਦਿੱਤੇ ਜਾਣ। ਅਸੀਂ ਤੁਹਾਡੇ ਫਟੇ ਹੋਏ ਪੈਕਟ ਸਾਂਭ ਲਏ ਹਨ ਅਤੇ ਤੁਹਾਡੇ ਪ੍ਰਤੀਨਿਧ ਦੇ ਆਉਣ ‘ਤੇ ਇਹ ਉਸ ਨੂੰ ਦੇ ਦਿੱਤੇ ਜਾਣਗੇ। ਤੁਹਾਨੂੰ ਦਵਾਈ ਦੀ ਅਜਿਹੀ ਪੈਕਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਦਵਾਈ ਦਾ ਕੋਈ ਨੁਕਸਾਨ ਨਾ ਹੋਵੇ।

ਆਸ ਹੈ ਤੁਸੀਂ ਇਸ ਪਾਸੇ ਵਿਸ਼ੇਸ਼ ਧਿਆਨ ਦਿਓਗੇ।

ਤੁਹਾਡਾ ਵਿਸ਼ਵਾਸਪਾਤਰ,

ਸੁਰਜੀਤ ਸਿੰਘ

ਵਾਸਤੇ ਪ੍ਰਤਾਪ ਮੈਡੀਕਲ ਸਟੋਰ