ਕਾਰ ਵਿਹਾਰ ਦੇ ਪੱਤਰ
ਤੁਸੀਂ ਰਾਜ ਜਨਰਲ ਸਟੋਰ, ਆਦਮਪੁਰ ਵੱਲੋਂ ਮੈਸਰਜ਼ ਏ. ਪੀ. ਵੂਲ ਕੰਪਨੀ ਲੁਧਿਆਣੇ ਨੂੰ ਕੁਝ ਮਾਲ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ। ਆਰਡਰ ਅਨੁਸਾਰ ਮਾਲ ਦੇ ਨਾ ਪ੍ਰਾਪਤ ਹੋਣ ‘ਤੇ ਸ਼ਿਕਾਇਤ ਕਰੋ।
ਰਾਜ ਜਨਰਲ ਸਟੋਰ,
ਰਾਜ ਨਗਰ,
ਆਦਮਪੁਰ।
ਹਵਾਲਾ ਨੰਬਰ 22015.25/9-21
ਮਿਤੀ : 20 ਅਕਤੂਬਰ, 20 …..
ਸੇਵਾ ਵਿਖੇ,
ਮੈਸਰਜ ਏ.ਪੀ. ਵੂਲ ਕੰਪਨੀ,
ਚੌੜਾ ਬਜ਼ਾਰ,
ਲੁਧਿਆਣਾ।
ਵਿਸ਼ਾ : 450 ਡੱਬੇ ਉੱਨ ਦੀ ਸਪਲਾਈ ਸੰਬੰਧੀ।
ਸ਼੍ਰੀ ਮਾਨ ਜੀ,
ਬੇਨਤੀ ਇਹ ਹੈ ਕਿ ਮੈਂ ਤੁਹਾਨੂੰ 16 ਸਤੰਬਰ ਨੂੰ 450 ਡੱਬੇ ਉੱਨ ਦੀ ਸਪਲਾਈ ਕਰਨ ਦਾ ਆਰਡਰ ਕੀਤਾ ਸੀ, ਜਿਸ ਦੀ ਪ੍ਰੋੜ੍ਹਤਾ ਲਈ ਤੁਸੀਂ ਆਪਣੀ ਬਿੱਲ ਬੁੱਕ ਦੇਖ ਸਕਦੇ ਹੋ। ਸਾਡੇ ਵੱਲੋਂ ਤੁਹਾਨੂੰ 18,000 ਰੁਪਏ ਦਾ ਚੈਕ ਭੇਜਿਆ ਗਿਆ ਹੈ। ਇਸ ਰਕਮ ਦੀ ਰਸੀਦ ਅਤੇ ਆਰਡਰ ਰਸੀਦ ਨੰਬਰ 167202 ਰਜਿਸਟਰੀ ਦੁਆਰਾ ਪ੍ਰਾਪਤ ਹੋ ਗਈ ਹੈ। ਤੁਸੀਂ ਮੈਨੂੰ ਉਸ ਦਿਨ ਫ਼ੋਨ ‘ਤੇ ਕਿਹਾ ਸੀ ਕਿ ਮਾਲ ਦੋ-ਤਿੰਨ ਦਿਨਾਂ ਵਿੱਚ ਪਹੁੰਚ ਜਾਵੇਗਾ। ਸਾਡਾ ਬੰਦਾ ਪ੍ਰਤੀ ਦਿਨ ਰੇਲਵੇ ਸਟੇਸ਼ਨ ‘ਤੇ ਮਾਲ ਛੁਡਵਾਉਣ ਲਈ ਜਾਂਦਾ ਹੈ ਪਰ ਅਜੇ ਤੱਕ ਮਾਲ ਨਹੀਂ ਪਹੁੰਚਿਆ। ਇਸ ਬਾਰੇ ਅਸੀਂ ਰੇਲਵੇ ਅਧਿਕਾਰੀ ਨੂੰ ਵੀ ਸ਼ਿਕਾਇਤ ਕੀਤੀ ਹੈ। ਜਿਸ ਦੀ ਨਕਲ ਇਸ ਪੱਤਰ ਨਾਲ ਨੱਥੀ ਹੈ। ਕਿਰਪਾ ਕਰਕੇ ਤੁਸੀਂ ਖ਼ੁਦ ਇਸ ਸੰਬੰਧੀ ਰੇਲਵੇ ਅਧਿਕਾਰੀ ਤੋਂ ਪੜਤਾਲ ਕਰੋ ਤੇ ਸਾਨੂੰ ਛੇਤੀ ਤੋਂ ਛੇਤੀ ਉੱਤਰ ਦਿਓ ਕਿਉਂਕਿ ਸਮੇਂ ਸਿਰ ਮਾਲ ਨਾ ਪਹੁੰਚਣ ਕਰਕੇ ਸਾਡਾ ਬਹੁਤ ਆਰਥਿਕ ਨੁਕਸਾਨ ਹੋ ਰਿਹਾ ਹੈ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਰਾਜ ਕੁਮਾਰ,
ਰਾਜ ਜਨਰਲ ਸਟੋਰ।