ਕਹਾਣੀ : ਖੂਹ ਪੁੱਟਦੇ ਨੂੰ ਖਾਤਾ ਤਿਆਰ
ਲਾਲਚ ਬੁਰੀ ਬਲਾ ਹੈ।
ਚਾਰ ਦੋਸਤ ਕਿਧਰੇ ਦੂਰ ਜਾ ਰਹੇ ਸਨ। ਜਦੋਂ ਉਹ ਇਕ ਉਜਾੜ ਵਿਚੋਂ ਲੰਘ ਰਹੇ ਸਨ, ਤਾਂ ਰਾਹ ਵਿਚ ਉਨ੍ਹਾਂ ਨੂੰ ਇਕ ਸੋਨੇ ਦੀ ਝਾੜੀ ਉੱਗੀ ਹੋਈ ਦਿਖਾਈ ਦਿੱਤੀ। ਸੋਨੇ ਦੀ ਝਾੜੀ ਦੇਖ ਕੇ ਉਨ੍ਹਾਂ ਕਿਸੇ ਹੋਰ ਦੀ ਨਜ਼ਰ ਪੈਣ ਤੋਂ ਪਹਿਲਾਂ ਉਸ ਨੂੰ ਪੁੱਟ ਲੈਣ ਦਾ ਫ਼ੈਸਲਾ ਕੀਤਾ। ਝਾੜੀ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ। ਦੁਪਹਿਰ ਤਕ ਉਹ ਥੱਕ ਗਏ ਤੇ ਉਨ੍ਹਾਂ ਨੂੰ ਭੁੱਖ ਲੱਗ ਗਈ। ਉਨ੍ਹਾਂ ਵਿੱਚੋਂ ਦੋ ਜਣੇ ਨੇੜੇ ਦੇ ਪਿੰਡ ਵਿੱਚ ਰੋਟੀ ਲੈਣ ਚਲੇ ਗਏ ਤੇ ਦੋ ਉੱਥੇ ਹੀ ਬੈਠ ਕੇ ਝਾੜੀ ਦੀ ਰਾਖੀ ਕਰਨ ਬੈਠ ਗਏ। ਉਨ੍ਹਾਂ ਝਾੜੀ ਉੱਤੇ ਚਾਦਰ ਪਾ ਕੇ ਉਸਨੂੰ ਢੱਕ ਦਿਤਾ, ਤਾਂ ਜੋ ਉਸ ਉੱਤੇ ਕਿਸੇ ਹੋਰ ਦੀ ਨਜ਼ਰ ਨਾ ਪੈ ਜਾਵੇ।
ਪਿੰਡ ਜਾ ਕੇ ਦੋਹਾਂ ਸਾਥੀਆਂ ਨੇ ਰੋਟੀ ਖਾ ਲਈ। ਫਿਰ ਦੂਜੇ ਦੋਹਾਂ ਦੋਸਤਾਂ ਲਈ ਰੋਟੀ ਪਕਵਾਉਣ ਸਮੇਂ ਵਿਚ ਲਾਲਚ ਜਾਗ ਪਿਆ। ਦੋਹਾਂ ਨੇ ਸੋਚਿਆ ਕਿ ਜੇ ਉਹ ਖਾਣੇ ਵਿਚ ਜ਼ਹਿਰ ਮਿਲਾ ਦੇਣ, ਤਾਂ ਰਾਖੀ ਕਰਨ ਵਾਲੇ ਦੋਵੇਂ ਮਰ ਜਾਣਗੇ ਤੇ ਫਿਰ ਉਹ ਦੋਵੇਂ ਅੱਧਾ-ਅੱਧਾ ਸੋਨਾ ਆਪੋ ਵਿਚ ਵੰਡ ਲੈਣਗੇ। ਸੋ ਉਨ੍ਹਾਂ ਦੋਹਾਂ ਨੂੰ ਮਾਰਨ ਲਈ ਆਟੇ ਵਿਚ ਜ਼ਹਿਰ ਮਿਲਾ ਕੇ ਰੋਟੀ ਪਕਵਾ ਲਈ।
ਦੂਜੇ ਪਾਸੇ ਵਾਲੇ ਦੋਹਾਂ ਦੋਸਤਾਂ ਦੇ ਅੰਦਰ ਵੀ ਲੋਭ ਜਾਗ ਪਿਆ। ਉਨ੍ਹਾਂ ਵੀ ਰੋਟੀਆਂ ਲੈਣ ਗਏ ਦੋਹਾਂ ਦੋਸਤਾਂ ਨੂੰ ਮਾਰਨ ਦੀ ਸੋਚ ਲਈ। ਉਨ੍ਹਾਂ ਇਕ ਡੂੰਘਾ ਟੋਆ ਪੁੱਟ ਕੇ ਉੱਤੇ ਚਾਦਰ ਵਿਛਾ ਦਿੱਤੀ।
ਜਦੋਂ ਉਹ ਰੋਟੀ ਲੈ ਕੇ ਆਏ, ਤਾਂ ਉੱਥੇ ਬੈਠੇ ਸਾਥੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਚਾਦਰ ਉੱਤੇ ਲੰਮੇ ਪੈ ਕੇ ਆਰਾਮ ਕਰ ਲੈਣ, ਤਦ ਤਕ ਉਹ ਰੋਟੀ ਖਾਂਦੇ ਹਨ। ਜਿਉਂ ਹੀ ਉਨ੍ਹਾਂ ਚਾਦਰ ਉੱਤੇ ਪੈਰ ਰੱਖੇ। ਦੋਵੇਂ ਟੋਏ ਵਿਚ ਡਿਗ ਪਏ। ਬਾਹਰ ਵਾਲੇ ਦੋਸਤਾਂ ਨੇ ਉੱਪਰ ਫਟਾਫਟ ਮਿੱਟੀ ਪਾ ਕੇ ਦੋਹਾਂ ਨੂੰ ਵਿੱਚੇ ਹੀ ਦੱਬ ਕੇ ਮਾਰ ਦਿੱਤਾ। ਫਿਰ ਉਨ੍ਹਾਂ ਰੋਟੀ ਖਾਧੀ ਤੇ ਉਹ ਵੀ ਜ਼ਹਿਰ ਦੇ ਅਸਰ ਨਾਲ ਮਰ ਗਏ।
ਸੱਚ ਹੈ, ‘ਖੂਹ ਪੁੱਟਦੇ ਨੂੰ ਖਾਤਾ ਤਿਆਰ’।