ਏ ਸਰੀਰਾ ਮੇਰਿਆ ………. ਪੂਰਬਿ ਲਿਖਿਆ ਪਾਇਆ।


ਏ ਸਰੀਰਾ ਮੇਰਿਆ : ਗੁਰੂ ਅਮਰਦਾਸ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧ ਕਰਮ ਕਮਾਇਆ ॥

ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥

ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥

ਗੁਰ ਪਰਸਾਦੀ ਹਰਿ ਮਨਿ ਵਸਿਆ ਪੂਰਬਿ ਲਿਖਿਆ ਪਾਇਆ ॥

ਕਹੈ ਨਾਨਕ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰੂ ਸਿਉ ਚਿਤ ਲਾਇਆ ॥

ਪ੍ਰਸੰਗ : ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਅਨੰਦ ਸਾਹਿਬ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਏ ਸਰੀਰਾ ਮੇਰਿਆ’ ਸਿਰਲੇਖ ਹੇਠ ਦਰਜ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਵ ਨੂੰ ਜੰਮਦਿਆਂ ਹੀ ਮਾਂ-ਪਿਓ ਆਦਿ ਦੇ ਪਿਆਰ ਰਾਹੀ ਮਾਇਆ ਘੇਰ ਲੈਂਦੀ ਹੈ। ਸਾਰੀ ਉਮਰ ਉਹ ਮਾਇਆ ਦੇ ਹੱਥਾਂ ਉੱਤੇ ਹੀ ਨੱਚਦਾ ਰਹਿੰਦਾ ਹੈ ਤੇ ਦੁਖੀ ਰਹਿੰਦਾ ਹੈ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਉਪਦੇਸ਼ ਦੀ ਪ੍ਰਾਪਤੀ ਹੁੰਦੀ ਹੈ ਤੇ ਉਸ ਦੀ ਮਾਇਕ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦੀ ਦੁੱਖਾਂ ਤੋਂ ਨਵਿਰਤੀ ਹੁੰਦੀ ਹੈ ਤੇ ਮਨ ਵਿੱਚ ਹਰ ਵੇਲੇ ਅਨੰਦ ਬਣਿਆ ਰਹਿੰਦਾ ਹੈ।

ਇਸ ਪਉੜੀ ਵਿੱਚ ਗੁਰੂ ਜੀ ਨੇ ਦੱਸਿਆ ਹੈ ਕਿ ਉਹੋ ਮਨੁੱਖੀ ਸਰੀਰ ਹੀ ਸਫਲ ਹੈ, ਜਿਹੜਾ ਸਤਿਗੁਰੂ ਨਾਲ ਚਿੱਤ ਲਾ ਕੇ ਸਿਰਜਨਹਾਰ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ।

ਵਿਆਖਿਆ : ਗੁਰੂ ਜੀ ਆਖਦੇ ਹਨ, ਹੇ ਮੇਰੇ ਸਰੀਰ ! ਇਸ ਸੰਸਾਰ ਵਿੱਚ ਜਨਮ ਲੈ ਕੇ ਤੂੰ ਕਿਹੜੇ ਫਜੂਲ ਕੰਮ ਕਰਦਾ ਹੈਂ? ਜਦੋਂ ਦਾ ਤੂੰ ਇਸ ਸੰਸਾਰ ਵਿੱਚ ਆਇਆ ਹੈਂ, ਤਾਂ ਤੂੰ ਫ਼ਜੂਲ ਕੰਮ ਕਰਨ ਵਿੱਚ ਹੀ ਭਟਕ ਰਿਹਾ ਹੈ। ਤੇਰੇ ਕਰਨ ਯੋਗ ਇੱਕ ਵਿਸ਼ੇਸ਼ ਕੰਮ ਸੀ ਕਿ ਤੂੰ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਜਿਸ ਨੇ ਤੇਰੇ ਸਰੀਰ ਦੀ ਰਚਨਾ ਕੀਤੀ ਹੈ, ਪਰੰਤੂ ਤੂੰ ਇਹ ਕੰਮ ਨਹੀਂ ਕੀਤਾ। ਜਿਨ੍ਹਾਂ ਮਨੁੱਖਾਂ ਦੇ ਪੂਰਬਲੇ ਕਰਮਾਂ ਅਨੁਸਾਰ ਲਿਖਿਆ ਹੋਇਆ ਸੀ, ਉਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋਈ ਹੈ ਤੇ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਹੋ ਗਿਆ ਹੈ। ਉਨ੍ਹਾਂ ਮਨੁੱਖਾਂ ਦਾ ਸਰੀਰ ਹੀ ਸਫਲ ਹੁੰਦਾ ਹੈ, ਜਿਨ੍ਹਾਂ ਨੇ ਸੱਚੇ ਸਤਿਗੁਰੂ ਨਾਲ ਆਪਣਾ ਚਿੱਤ ਜੋੜ ਲਿਆ ਹੈ।