ਉਮਰ ਗਵਾਈ………… ਨਵੀਂ ਬਹਾਰ।


ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਉਮਰ ਗਵਾਈ ਵਿੱਚ ਮਸੀਤੀ,

ਅੰਦਰ ਭਰਿਆ ਨਾਲ ਪਲੀਤੀ,

ਕਦੇ ਨਮਾਜ਼ ਵਹਿਦਤ ਨਾ ਕੀਤੀ,

ਹੁਣ ਕਿਉਂ ਕਰਨਾ ਏ ਧਾੜੇ ਧਾੜ ।

ਇਸ਼ਕ ਦੀ ਨਵੀਉਂ ਨਵੀਂ ਬਹਾਰ ।


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਸੰਗ੍ਰਹਿਤ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।

ਵਿਆਖਿਆ : ਬੁੱਲ੍ਹੇ ਸ਼ਾਹ ਆਖਦਾ ਹੈ ਕਿ ਬੰਦਾ ਸਾਰੀ ਉਮਰ ਪਵਿੱਤਰ ਮਸੀਤ ਵਿੱਚ ਗੁਜ਼ਾਰਦਾ ਹੈ, ਪਰ ਨੇਕ ਅਮਲ ਨਾ ਕਰਨ ਕਰਕੇ ਉਸ ਦਾ ਅੰਦਰ ਗੁਨਾਹਾਂ ਦੀ ਅਪਵਿੱਤਰਤਾ ਨਾਲ ਭਰਿਆ ਹੁੰਦਾ ਹੈ। ਉਹ ਕਦੇ ਸੱਚੇ ਦਿਲੋਂ ਰੱਬ ਦੀ ਬੰਦਗੀ ਨਹੀਂ ਕਰਦਾ, ਪਰ ਪਿੱਛੋਂ ਉਸ ਨੂੰ ਹਫ਼ੜਾ-ਦਫ਼ੜੀ ਪੈਂਦੀ ਹੈ। ਰੱਬੀ ਇਸ਼ਕ ਦੀ ਬਹਾਰ ਨਵੀਓਂ ਨਵੀਂ ਹੈ। ਰੱਬੀ ਆਸ਼ਕ ਅਜਿਹੇ ਦਿਖਾਵੇ ਨਹੀਂ ਕਰਦੇ, ਸਗੋਂ ਉਹ ਇਸ਼ਕ ਤੋਂ ਪ੍ਰਾਪਤ ਹੋਣ ਵਾਲੀ ਰੱਬੀ ਇਕਮਿਕਤਾ ਦੀ ਬਹਾਰ ਨੂੰ ਮਾਣਦੇ ਹਨ।