ਇਸ਼ਕ ਭੁਲਾਇਆ………. ਨਵੀਓਂ ਨਵੀਂ ਬਹਾਰ।
ਇਸ਼ਕ ਦੀ ਨਵੀਉਂ ਨਵੀਂ ਬਹਾਰ : ਬੁੱਲ੍ਹੇ ਸ਼ਾਹ
ਹੇਠ ਲਿਖੇ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਇਸ਼ਕ ਭੁਲਾਇਆ, ਸਿਜਦਾ ਤੇਰਾ ।
ਹੁਣ ਕਿਉਂ ਐਵੇਂ ਪਾਵੇ ਝੇੜਾ ?
ਬੁੱਲ੍ਹਾ ਹੋ ਰਹੁ ਚੁਪ-ਚੁਪੇੜਾ ।
ਚੁੱਕੀ ਸਗਲੀ ਕੂਕ ਪੁਕਾਰ ।
ਇਸ਼ਕ ਦੀ ਨਵੀਉਂ ਨਵੀਂ ਬਹਾਰ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਕਾਵਿ-ਸੰਗ੍ਰਹਿ ਵਿੱਚ ਦਰਜ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਕਾਫ਼ੀ ‘ਇਸ਼ਕ ਦੀ ਨਵੀਉਂ ਨਵੀਂ ਬਹਾਰ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਨੇ ਆਪਣੇ ਸੂਫ਼ੀ ਵਿਚਾਰਾਂ ਅਨੁਸਾਰ ਮਜ਼ਹਬੀ ਕਰਮ-ਕਾਂਡ ਦਾ ਖੰਡਨ ਕੀਤਾ ਹੈ ਅਤੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਈ ਹੈ।
ਵਿਆਖਿਆ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਹੇ ਰੱਬਾ! ਤੇਰੇ ਇਸ਼ਕ ਨੇ ਮੈਨੂੰ ਕਰਮ-ਕਾਂਡੀਆਂ ਵਾਂਗ ਸਿਜਦਾ ਕਰਨਾ ਭੁਲਾ ਦਿੱਤਾ ਹੈ। ਜਦੋਂ ਮੈਂ ਤੇਰੇ ਨਾਲ ਅਭੇਦ ਹੋ ਗਿਆ ਹਾਂ ਤਾਂ ਮੈਨੂੰ ਕਿਸੇ ਹੋਰ ਝਗੜੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਰਹੀ। ਹੁਣ ਮੈਨੂੰ ਚੁੱਪ ਕਰ ਕੇ ਬੈਠਣਾ ਚਾਹੀਦਾ ਹੈ। ਹੁਣ ਮੇਰੀ ਸਾਰੀ ਕੂਕ-ਪੁਕਾਰ ਖ਼ਤਮ ਹੋ ਗਈ ਹੈ, ਕਿਉਂਕਿ ਮੈਨੂੰ ਪਤਾ ਲਗ ਚੁੱਕਾ ਹੈ ਕਿ ਰੱਬ ਤਾਂ ਮੇਰੇ ਅੰਦਰ ਹੀ ਵਸਦਾ ਹੈ। ਇਸ ਤਰ੍ਹਾਂ ਮੈਂ ਰੱਬੀ ਇਸ਼ਕ ਦੀ ਨਵੀਂ ਬਹਾਰ ਦਾ ਆਨੰਦ ਮਾਣ ਰਿਹਾ ਹਾਂ।