ਅਖ਼ਬਾਰ ਦੇ ਸੰਪਾਦਕ ਨੂੰ ਪੱਤਰ – ਬਾਰ੍ਹਵੀਂ ਦੇ ਪੰਜਾਬੀ ਦੇ ਪ੍ਰਸ਼ਨ – ਪੱਤਰ ਵਿਚਲੀਆਂ ਗ਼ਲਤੀਆਂ ਸੰਬੰਧੀ।
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ, ਜਿਸ ਵਿੱਚ ਬਾਰ੍ਹਵੀਂ ਜਮਾਤ ਦੇ ਪੰਜਾਬੀ ਦਾ ਪ੍ਰਸ਼ਨ – ਪੱਤਰ ਸਿਲੇਬਸ ਤੋਂ ਬਾਹਰ ਆਏ ਹੋਣ ਅਤੇ ਛਪਾਈ/ਸ਼ਬਦ – ਜੋੜ ਦੀਆਂ ਵੀ ਗ਼ਲਤੀਆਂ ਹੋਣ ਆਦਿ ਦਾ ਵਰਨਣ ਕਰੋ।
ਪ੍ਰੀਖਿਆ ਭਵਨ,
…………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਬਾਰ੍ਹਵੀਂ ਦੇ ਪੰਜਾਬੀ ਦੇ ਪ੍ਰਸ਼ਨ – ਪੱਤਰ ਵਿਚਲੀਆਂ ਗ਼ਲਤੀਆਂ ਸੰਬੰਧੀ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਬਾਰਵੀਂ ਜਮਾਤ ਦੇ ਹੋਏ ਪੰਜਾਬੀ ਦੇ ਪਰਚੇ ਵਿੱਚਲੀਆਂ ਗ਼ਲਤੀਆਂ ਬਾਰੇ ਚਿੱਠੀ ‘ਚ ਲਿਖ ਕੇ ਭੇਜ ਰਿਹਾ ਹਾਂ। ਇਨ੍ਹਾਂ ਨੂੰ ਅਖ਼ਬਾਰ ‘ਚ ਛਾਪਣ ਦੀ ਕਿਰਪਾਲਤਾ ਕਰਨੀ।
ਮੈਂ ਬਾਰ੍ਹਵੀਂ ਸ਼੍ਰੇਣੀ ਦਾ ਵਿਦਿਆਰਥੀ ਹਾਂ। ਕੱਲ੍ਹ 14 ਮਾਰਚ ਨੂੰ ਸਾਡਾ ਪੰਜਾਬੀ (ਲਾਜ਼ਮੀ) ਦਾ ਪੇਪਰ ਹੋਇਆ ਸੀ। ਇਸ ਪੱਤਰ ਰਾਹੀਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸਾਨੂੰ ਪ੍ਰਸ਼ਨ-ਪੱਤਰ ਵੰਡੇ ਗਏ ਤਾਂ ਅਸੀਂ ਸਾਰੇ ਵਿਦਿਆਰਥੀ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਪ੍ਰਸ਼ਨ-ਪੱਤਰ ਵਿੱਚਲੇ ਲਗਪਗ 50 ਨੰਬਰਾਂ ਤੋਂ ਵੀ ਵੱਧ ਦੇ ਪ੍ਰਸ਼ਨ ਸਿਲੇਬਸ ਵਿੱਚ ਨਹੀਂ ਪਾਏ ਗਏ ਸਨ, ਜਿਸ ਕਾਰਨ ਪ੍ਰੀਖਿਆ ਭਵਨ ਵਿੱਚ ਕਾਫ਼ੀ ਰੌਲਾ-ਰੱਪਾ ਪੈ ਗਿਆ। ਭਾਵੇਂ ਕਿ ਉੱਥੇ ਤਾਇਨਾਤ ਸੁਪਰਵਾਈਜ਼ਰੀ ਸਟਾਫ ਨੇ ਮੌਕੇ ‘ਤੇ ਸਥਿਤੀ ਸੰਭਾਲ ਲਈ ਸੀ ਪਰ ਸਮੂਹ ਵਿਦਿਆਰਥੀ ਆਪਣੇ ਭਵਿੱਖ ਪ੍ਰਤੀ ਚਿੰਤਤ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਪ੍ਰਸ਼ਨ-ਪੱਤਰ ਵਿੱਚ ਸ਼ਬਦ-ਜੋੜਾਂ ਦੀਆਂ ਗ਼ਲਤੀਆਂ ਅਤੇ ਛਪਾਈ ਸਬੰਧੀ ਵੀ ਕਈ ਕਮੀਆਂ ਨਜ਼ਰ ਆਈਆਂ। ਅੰਕਾਂ ਦੀ ਵੰਡ ਵੀ ਭੰਬਲਭੂਸੇ ਵਿੱਚ ਪਾਉਣ ਵਾਲੀ ਸੀ।
ਇਹ ਸਮੱਸਿਆ ਕੇਵਲ ਸਾਡੇ ਕੇਂਦਰ ਦੀ ਹੀ ਨਹੀਂ ਹੈ ਬਲਕਿ ਸਮੁੱਚੇ ਬਾਰ੍ਹਵੀਂ ਸ਼੍ਰੇਣੀ ਦੇ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜੋ ਪ੍ਰੀਖਿਆਵਾਂ ਦੇ ਰਹੇ ਸਨ। ਇਸ ਲਈ ਸਾਡੀ ਇਸ ਪੱਤਰ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਿਮਰਤਾ ਸਹਿਤ ਮੰਗ ਹੈ ਕਿ ਪੰਜਾਬੀ ਲਾਜ਼ਮੀ ਦੇ ਇਸ ਪੇਪਰ ਨੂੰ ਜਾਂ ਤਾਂ ਰੱਦ ਹੀ ਕਰ ਦਿੱਤਾ ਜਾਵੇ ਜਾਂ ਫਿਰ ਗਰੇਸ ਅੰਕਾਂ ਦੀ ਸੁਵਿਧਾ ਰਾਹੀਂ ਵਿਦਿਆਰਥੀਆਂ ਨਾਲ਼ ਇਨਸਾਫ਼ ਕੀਤਾ ਜਾਵੇ। ਆਸ ਹੈ ਕਿ ਸਮੁੱਚੇ ਵਿਦਿਆਰਥੀਆਂ ਦੀ ਇਸ ਫ਼ਰਿਆਦ ਨੂੰ ਜਲਦ ਹੀ ਇਨਸਾਫ਼ ਮਿਲੇਗਾ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਹ ਚਿੱਠੀ ਆਪਣੇ ਅਖ਼ਬਾਰ ‘ਚ ਛਾਪ ਕੇ ਸਾਡੀ ਅਵਾਜ਼ ਨੂੰ ਅਧਿਕਾਰੀਆਂ ਤੱਕ ਪਹੁੰਚਾਓਗੇ।
ਧੰਨਵਾਦ ਸਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 18 ਜਨਵਰੀ, 2022