ਅਖ਼ਬਾਰ ਦੇ ਸੰਪਾਦਕ ਨੂੰ ਪੱਤਰ – ਅਜੀਤ ਅਖ਼ਬਾਰ ਬਾਰੇ ਆਪਣੇ ਵਿਚਾਰਾਂ ਸੰਬੰਧੀ।
ਆਪਣੀ ਪਸੰਦੀਦਾ ਅਖ਼ਬਾਰ ਬਾਰੇ ਉਸ ਅਖ਼ਬਾਰ ਦੇ ਸੰਪਾਦਕ ਨੂੰ ਆਪਣੇ ਵਿਚਾਰ ਲਿਖੋ।
ਪ੍ਰੀਖਿਆ ਭਵਨ,
…………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਅਜੀਤ ਅਖ਼ਬਾਰ ਬਾਰੇ ਆਪਣੇ ਵਿਚਾਰਾਂ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਅਜੀਤ ਅਖ਼ਬਾਰ ਦਾ ਪਾਠਕ ਹਾਂ। ਪਿਛਲੇ ਕਈ ਸਾਲਾਂ ਤੋਂ ਸਾਡੇ ਘਰ ਅਜੀਤ ਅਖ਼ਬਾਰ ਹੀ ਪੜ੍ਹੀ ਜਾਂਦੀ ਹੈ ਕਿਉਂਕਿ ਇਸ ਵਿੱਚ ਛਪਣ ਵਾਲੀ ਸਮੱਗਰੀ, ਜਿਵੇਂ ਖ਼ਬਰਾਂ, ਰਚਨਾਵਾਂ ਜਾਂ ਕੋਈ ਵੀ ਮੈਟਰ, ਆਪਣੇ-ਆਪ ਵਿੱਚ ਹੀ ਸ਼ਲਾਘਾਯੋਗ ਹੁੰਦਾ ਹੈ। ਖ਼ਬਰਾਂ ਦੀ ਢੁੱਕਵੀਂ ਤੇ ਸੁਚੱਜੀ ਛਪਾਈ, ਬਿਨਾਂ ਕਿਸੇ ਪੱਖਪਾਤ ਤੋਂ ਛਾਪੀਆਂ ਖ਼ਬਰਾਂ, ਵਿਸ਼ੇਸ਼ ਅੰਕ ਹਰ ਇੱਕ ਨੂੰ ਆਪਣਾ ਪਾਠਕ ਬਣਨ ਲਈ ਮਜਬੂਰ ਕਰ ਦਿੰਦੇ ਹਨ। ਪਾਠਕਾਂ ਦੀ ਰੁਚੀ ਅਨੁਸਾਰ ਇਸ ਵਿੱਚਲੇ ਛਪਣ ਵਾਲੇ ਹਰ ਵਿਸ਼ੇਸ਼ ਅੰਕ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਦੇ ਹਨ। ਇਹ ਵਿਸ਼ੇਸ਼ ਅੰਕ ਏਨੇ ਕੁ ਪ੍ਰਭਾਵਸ਼ਾਲੀ ਹੁੰਦੇ ਹਨ ਕਿ ਹਰ ਕੋਈ ਇਨ੍ਹਾਂ ਦੀ ਉਡੀਕ ਕਰਦਾ ਰਹਿੰਦਾ ਹੈ। ਖ਼ਾਸ ਤੌਰ ’ਤੇ ‘ਧਰਮ ਤੇ ਵਿਰਸਾ’ ਅਤੇ ‘ਬਾਲ ਸੰਸਾਰ’ ਏਨੇ ਹਰਮਨ-ਪਿਆਰੇ ਤੇ ਮਕਬੂਲ ਹੋ ਚੁੱਕੇ ਹਨ ਕਿ ਹਰ ਕਿਸੇ ਨੂੰ ਇਨ੍ਹਾਂ ਅੰਕਾਂ ਦੀ ਵਿਸ਼ੇਸ਼ ਤੌਰ ‘ਤੇ ਉਡੀਕ ਰਹਿੰਦੀ ਹੈ। ਬਾਲ ਸੰਸਾਰ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਇਸ ਵਿਸ਼ੇਸ਼ ਅੰਕ ਦਾ ਇੰਤਜ਼ਾਰ ਕੇਵਲ ਬੱਚਿਆਂ ਨੂੰ ਹੀ ਨਹੀਂ ਬਲਕਿ ਵੱਡਿਆਂ ਨੂੰ ਵੀ ਬੜੀ ਬੇਸਬਰੀ ਨਾਲ ਇਸ ਦੀ ਉਡੀਕ ਕਰਦੇ ਵੇਖਿਆ ਗਿਆ ਹੈ। ਐਤਵਾਰ ਛਪਣ ਵਾਲਾ ਅੰਕ ਵੀ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਇਸ ਵਿੱਚ ਛਪਣ ਵਾਲੀਆਂ ਰਚਨਾਵਾਂ ਮਿਆਰੀ ਹੁੰਦੀਆਂ ਹਨ, ਉਨ੍ਹਾਂ ਦੇ ਲੇਖਕ ਵੀ ਮੰਨੇ-ਪ੍ਰਮੰਨੇ ਹੁੰਦੇ ਹਨ। ਮਹਾਨ ਲੇਖਕਾਂ ਦੇ ਵਿਚਾਰਾਂ ਨੂੰ ਆਮ ਮਨੁੱਖ ਤੱਕ ਪਹੁੰਚਾਉਣ ਦਾ ਅਜੀਤ ਅਖ਼ਬਾਰ ਦਾ ਵਿਸ਼ੇਸ਼ ਯੋਗਦਾਨ ਹੈ।
ਅਜੀਤ ਅਖ਼ਬਾਰ ਦਾ ਸਾਫ਼-ਸੁਥਰਾ ਤੇ ਮਿਆਰੀ ਅਕਸ ਬਰਕਰਾਰ ਰਹੇ, ਮੈਂ ਇਹੋ ਕਾਮਨਾ ਕਰਦਾ ਹਾਂ ਤੇ ਆਪਣੀ ਅਲਪ-ਬੁੱਧੀ ਅਨੁਸਾਰ ਆਪ ਜੀ ਨੂੰ ਮਾਮਲੀ ਜਿਹੇ ਸੁਝਾਅ ਵੀ ਦੇਣਾ ਚਾਹੁੰਦਾ ਹਾਂ। ਜੇ ਹੋ ਸਕੇ ਤਾਂ ਇਨ੍ਹਾਂ ‘ਤੇ ਗ਼ੌਰ ਕਰ ਲਿਆ ਜਾਵੇ। ਪਹਿਲੀ ਗੱਲ ਤਾਂ ਇਹ ਹੈ ਕਿ ਖ਼ਾਸ ਤੌਰ ‘ਤੇ ਧਰਮ ਤੇ ਵਿਰਸਾ ਅੰਕ ਵਿੱਚ ਗੁਰੂਆਂ, ਸੰਤਾਂ, ਮਹਾਂਪੁਰਸ਼ਾਂ ਆਦਿ ਦੀਆਂ ਪਵਿੱਤਰ ਤਸਵੀਰਾਂ ਜੋ ਛਪਦੀਆਂ ਹਨ, ਮੇਰੀ ਜਾਚੇ ਉਹ ਸੀਮਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਆਪੋ – ਆਪਣੀ ਸ਼ਰਧਾ ਭਾਵਨਾ ਹੁੰਦੀ ਹੈ, ਇਨ੍ਹਾਂ ਤਸਵੀਰਾਂ ਨੂੰ ਵੀ ਆਮ ਜਿਹੇ ਕਾਗਜ਼ ਸਮਝ ਕੇ ਰੱਦੀ ਵਿੱਚ ਵਿਕਦੇ ਜਾਂ ਕਿਸੇ ਹੋਰ ਤਰੀਕੇ ਨਾਲ਼ ਜਿਵੇਂ ਦੁਕਾਨਾਂ ਉਤੇ ਇਨ੍ਹਾਂ ਦੀ ਵਰਤੋਂ, ਇਨ੍ਹਾਂ ਦੀ ਬੇਅਦਬੀ ਜਾਪਦੀ ਹੈ। ਦੂਜਾ, ਇਸ ਅਖ਼ਬਾਰ ਵਿੱਚ ਹੱਦੋਂ ਵੱਧ ਭੋਗ ਦੀਆਂ ਤਸਵੀਰਾਂ ਦਾ ਛਪਣਾ ਤੇ ਜੋਤਸ਼ੀਆਂ ਦੇ ਇਸ਼ਤਿਹਾਰ ਵੀ ਮਨ ‘ਤੇ ਕੋਈ ਵਧੀਆ ਪ੍ਰਭਾਵ ਨਹੀਂ ਪਾਉਂਦੇ। ਇਸ ਤੋਂ ਇਲਾਵਾ ਤੁਹਾਨੂੰ ਖੇਡਾਂ ਸੰਬੰਧੀ ਵਿਸ਼ੇਸ਼ ਅੰਕ ਵੀ ਸ਼ੁਰੂ ਕਰਨਾ ਚਾਹੀਦਾ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਾਹਿਤ,
ਆਪ ਜੀ ਦਾ ਵਿਸ਼ਵਾਸਪਾਤਰ,
ੳ . ਅ . ੲ .।
ਮਿਤੀ : 18 ਜਨਵਰੀ, 2022