ਅਰਥ-ਬੋਧ : ਬਹੁ-ਅਰਥਕ ਸ਼ਬਦ


ੳ,ਅ,ੲ,ਸ,ਹ,ਕ,ਖ,ਗ,ਘ


1. ਉੱਚਾ

(ੳ) ਉਚਾਈ ਦਾ ਵਿਸ਼ੇਸ਼ਣ, ਸਿਰ ਕੱਢਵਾਂ : ਸਾਡਾ ਮਕਾਨ ਤੁਹਾਡੇ ਮਕਾਨ ਨਾਲੋਂ ਉੱਚਾ ਹੈ।

(ਅ) ਉੱਚੀ ਅਵਾਜ : ਰਾਮ ਦੀ ਦਾਦੀ ਨੂੰ ਉੱਚਾ ਸੁਣਦਾ ਹੈ।

(ੲ) ਮੋਚਨਾ : ਨਾਈ ਦਾ ਸਭ ਤੋਂ ਜ਼ਰੂਰੀ ਸੰਦ ਉੱਚਾ ਹੈ।

2. ਉਲਟੀ

(ੳ) ਪੁੱਠੀ : ਰਾਮ ਦੀ ਹਰ ਗੱਲ ਉਲਟੀ ਹੁੰਦੀ ਹੈ।

(ਅ) ਮੂਧੀ : ਇਹ ਬੱਸ ਟੱਕਰ ਹੋ ਜਾਣ ਕਾਰਨ ਉਲਟੀ ਪਈ ਹੈ।

(ੲ) ਮੋੜਨੀ : ਮੈਂ ਸ਼ਾਮ ਦੀ ਗੱਲ ਕਦੇ ਨਹੀਂ ਉਲਟੀ।

(ਸ) ਕੈ : ਮੈਨੂੰ ਰੋਟੀ ਖਾਣ ਪਿੱਛੋਂ ਇਕ ਦਮ ਉਲਟੀ ਆ ਗਈ।

3. ਉੱਤਰ

(ੳ) ਲਹਿਣਾ : ਰਾਮ ਪੌੜੀਆਂ ਉੱਤਰ ਰਿਹਾ ਹੈ।

(ਅ) ਜਵਾਬ : ਮੈਂ ਪ੍ਰਸ਼ਨ ਦਾ ਉੱਤਰ ਸੋਚ ਕੇ ਲਿਖਿਆ।

(ੲ) ਦਿਸ਼ਾ : ਸੂਰਜ ਉੱਤਰ ਵਲ ਚਲਾ ਗਿਆ।

(ਸ) ਸਰੀਰਕ ਜੋੜ ਦਾ ਟੁੱਟਣਾ : ਮਹਿੰਦਰ ਡਿਗ ਪਿਆ ਤੇ ਉਸ ਦਾ ਗੁੱਟ ਉੱਤਰ ਗਿਆ।

4. ਉਠਾ

(ੳ) ਫੋੜਾ : ਮੇਰੀ ਲੱਤ ਤੇ ਇਕ ਉਠਾ ਉੱਠ ਪਿਆ ਹੈ।

(ਅ) ਚੁੱਕ : ਦੁਸ਼ਮਣ ਨੂੰ ਦੇਖ ਕੇ ਉਸ ਨੇ ਤਲਵਾਰ ਉਠਾ ਲਈ।

(ੲ) ਬੈਠਾ ਨਾ ਰਹਿਣ ਦਿੱਤਾ : ਮੈਂ ਜਲਦੀ ਹੀ ਉਸ ਨੂੰ ਆਪਣੇ ਕਮਰੇ ਵਿੱਚੋਂ ਉਠਾ ਦਿੱਤਾ ।

(ਸ) ਰੂਪ : ਮੈਂ ਕਿਹਾ ਕਿ ਚਿੱਟੇ ਕੱਪੜੇ ਉੱਪਰ ਹੋਈ ਨੀਲੀ ਕਢਾਈ ਦਾ ਉਠਾ ਬਹੁਤ ਹੈ।

5. ਅੱਗਾ

(ੳ) ਮੌਕਾ : ਸਿਆਣਾ ਬੰਦਾ ਅੱਗਾ-ਪਿੱਛਾ ਵੇਖ ਕੇ ਗੱਲ ਕਰਦਾ ਹੈ।

(ਅ) ਮੌਤ ਦਾ ਦਿਨ : ਬੁਢਾਪੇ ਵਿੱਚ ਤਾਂ ਮਨੁੱਖ ਇਹੀ ਸੋਚਦਾ ਹੈ ਕਿ ਮੇਰਾ ਅੱਗਾ ਨੇੜੇ ਆ ਗਿਆ ਹੈ।

(ੲ) ਅਗਲਾ ਜਨਮ : ਧਰਮੀ ਲੋਕ ਪਰਮਾਤਮਾ ਨੂੰ ਯਾਦ ਕਰ ਕੇ ਆਪਣਾ ਅੱਗਾ ਸੁਆਰ ਲੈਂਦੇ ਹਨ।

(ਸ) ਅਗਲਾ ਪਾਸਾ : ਮੇਰੀ ਕਮੀਜ਼ ਦਾ ਅੱਗਾ ਵਟ ਗਿਆ ਹੈ।

6. ਅਰਕ

(ੳ) ਇਕ ਦਵਾਈ : ਮੈਂ ਪੰਸਾਰੀ ਕੋਲੋਂ ਗੁਲਾਬ ਦਾ ਅਰਕ ਲਿਆਂਦਾ।

(ਅ) ਨਿਚੋੜ : ਮੈਂ ਤੇਰੀਆਂ ਇੰਨੀਆਂ ਸਾਰੀਆਂ ਗੱਲਾਂ ਦਾ ਇੱਕੋ ਅਰਕ ਕੱਢਿਆ ਹੈ ਕਿ ਤੂੰ ਦਿਲ ਲਾ ਕੇ ਕੰਮ ਨਹੀਂ ਕਰਦਾ।

(ੲ) ਪਸੀਨਾ : ਅੱਜ ਦੋ ਵਜੇ ਤਕ ਗਰਮੀ ਨੇ ਬੜਾ ਅਰਕ ਕੱਢਿਆ, ਫਿਰ ਕਿਤੇ ਜਾ ਕੇ ਬਿਜਲੀ ਆਈ, ਤਾਂ ਰਤਾ ਚੈਨ ਆਇਆ।

(ਸ) ਕੂਹਣੀ : ਮੇਰੀ ਅਰਕ ਉੱਤੇ ਸੱਟ ਲੱਗੀ ਹੋਈ ਹੈ।

7. ਅੱਡਾ

(ੳ) ਬੱਸਾਂ ਦੇ ਚੱਲਣ ਅਤੇ ਰੁਕਣ ਦੀ ਥਾਂ : ਬੱਸਾਂ ਦਾ ਅੱਡਾ ਸਾਡੇ ਘਰ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ।

(ਅ) ਜੂਆ ਖੇਡਣ ਦੀ ਥਾਂ : ਪੁਲਿਸ ਨੇ ਜੂਏ ਦਾ ਅੱਡਾ ਚਲਾ ਰਹੇ ਛਿੰਦੇ ਸਮਗਲਰ ਨੂੰ ਫੜ ਲਿਆ।

(ੲ) ਤਰਖਾਣ ਦੇ ਕੰਮ ਕਰਨ ਲਈ ਲੱਕੜੀ ਦਾ ਬਣਿਆ ਯੰਤਰ : ਤਰਖਾਣ ਨੇ ਲੱਕੜੀਆਂ ਨੂੰ ਘੜਨ ਲਈ ਜ਼ਮੀਨ ਵਿੱਚ ਅੱਡਾ ਗੱਡ ਲਿਆ।

(ਸ) ਆਸਰਾ : ਮੈਂ ਕਿਹਾ, “ਇੱਥੇ ਰਾਤ ਰਹਿਣ ਲਈ ਅੱਡਾ ਮਿਲ ਜਾਵੇ, ਤਾਂ ਚੰਗਾ ਹੀ ਹੈ।

8. ਆਕੜ

(ੳ) ਹੰਕਾਰ : ਮੈਂ ਉਸ ਦੀ ਆਕੜ ਭੰਨ ਦਿੱਤੀ।

(ਅ) ਹਿਲਣ-ਜੁਲਣ ਤੋਂ ਔਖੇ ਹੋਣਾ : ਅੱਜ ਤਾਂ ਸਿਰ ਨੀਵਾਂ ਕਰ ਕੇ ਕੰਮ ਕਰਦਿਆਂ ਮੇਰੀ ਧੋਣ ਹੀ ਆਕੜ ਗਈ ਹੈ।

(ੲ) ਅੰਗੜਾਈ : ਉਹ ਮੇਜ਼ ਤੋਂ ਕੰਮ ਕਰਦਾ ਉੱਠਿਆ, ਆਕੜ ਭੰਨੀ ਤੇ ਚਲਾ ਗਿਆ।

(ਸ) ਢਿੱਲ ਨਾ ਰਹਿਣੀ : ਮਾਇਆ ਲੱਗਣ ਨਾਲ ਕੱਪੜਾ ਆਕੜ ਜਾਂਦਾ ਹੈ।

9. ਸਰ

(ੳ) ਤਾਸ਼ ਦੀ ਸਰ : ਤਾਸ਼ ਖੇਡਦਿਆਂ ਮੇਰੀ ਇਕ ਵੀ ਸਰ ਨਾ ਬਣੀ।

(ਅ) ਸਰੋਵਰ : ਇਸ ਸਰ ਦਾ ਪਾਣੀ ਬਹੁਤ ਠੰਢਾ ਹੈ।

(ੲ) ਫ਼ਤਿਹ ਕਰਨਾ : ਬਹਾਦਰਾਂ ਨੇ ਮੋਰਚਾ ਸਰ ਕਰ ਕੇ ਸਾਹ ਲਿਆ।

(ਸ) ਹੋਣਾ : ਇੰਨੇ ਪੈਸਿਆ ਨਾਲ ਮੇਰਾ ਕੰਮ ਸਰ ਜਾਵੇਗਾ।

10. ਸੁਰ

(ੳ) ਧੁਨੀ : ਰਾਗੀ ਮਿੱਠੀ ਸੁਰ ਨਾਲ ਗਾ ਰਿਹਾ ਹੈ।

(ਅ) ਏਕਤਾ : ਚੌਹਾਂ ਭਰਾਵਾਂ ਦੀ ਸੁਰ ਮਿਲਦੀ ਹੈ।

(ੲ) ਨਾਸ : ਜੁਕਾਮ ਹੋਣ ਕਰਕੇ ਅੱਜ ਮੇਰੀ ਇਕ ਸੁਰ ਬੰਦ ਹੈ।

(ਸ) ਪਤਾ : ਮੈਨੂੰ ਉਸ ਦਾ ਕੋਈ ਸੁਰ-ਪਤਾ ਮਾਲੂਮ ਨਹੀਂ।

11. ਸੰਗ

(ੳ) ਸਾਥ : ਮਾਤਾ ਚਿੰਤਪੁਰਨੀ ਦੇ ਜਾਣ ਵਾਲਾ ਸੰਗ ਚੱਲ ਪਿਆ ਹੈ।

(ਅ) ਸ਼ਰਮ : ਮੈਨੂੰ ਤੇਰੇ ਪਾਸੋਂ ਕੋਈ ਸੰਗ ਨਹੀਂ ਆਉਂਦੀ।

(ੲ) ਪੱਥਰ : ਇਹ ਮੰਦਰ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ।

(ਸ) ਸੰਗਤ : ਬੁਰੇ ਆਦਮੀਆਂ ਦਾ ਸੰਗ ਨਾ ਕਰੋ।

12. ਸਹੀ

(ੳ) ਠੀਕ : ਮੇਰਾ ਉੱਤਰ ਸਹੀ ਹੈ।

(ਅ) ਦਸਖ਼ਤ : ਮੈਂ ਰਸੀਦ ਲਿਖ ਕੇ ਹੇਠਾਂ ਆਪਣੀ ਸਹੀ ਪਾ ਦਿੱਤੀ।

(ੲ) ਸਹਾਰੀ : ਮੈਥੋਂ ਦਰਦ ਸਹੀ ਨਹੀਂ ਸੀ ਜਾਂਦੀ।

(ਸ) ਖ਼ਰਗੋਸ਼ ਦੀ ਮਦੀਨ : ਸਹੀ ਨੇ ਦੋ ਬੱਚੇ ਦਿੱਤੇ ਹਨ।

13. ਸਤ

(ੳ) ਸੱਚ : ਰਾਮ ਨਾਮ ਸਤ ਹੈ।

(ਅ) ਇਸਤਰੀ ਦਾ ਪਤੀਬ੍ਰਤ ਧਰਮ : ਰਾਜਪੂਤ ਇਸਤਰੀਆਂ ਆਪਣਾ ਸਤ ਧਰਮ ਕਾਇਮ ਰੱਖਣ ਲਈ ਦੁਸ਼ਮਣਾਂ ਦੇ ਕਾਬੂ ਆਉਣ ਨਾਲੋਂ ਜਿਊਂਦੀਆਂ ਚਿਖਾ ਵਿੱਚ ਸੜ ਗਈਆਂ।

(ੲ) ਨਿਚੋੜ : ਨਿੰਬੂ ਦਾ ਸਤ ਲਿਆਓ।

(ਸ) ਜ਼ੋਰ : ਉਸ ਵਿਚ ਸਾਹ-ਸਤ ਤਾਂ ਦਿਸਦਾ ਹੀ ਨਹੀਂ।

14. ਸੂਤ

(ੳ) ਰਾਸ : ਤੁਹਾਡੇ ਡਰ ਨਾਲ ਹੀ ਉਹ ਸੂਤ ਰਹੇਗਾ ।

(ਅ) ਚਰਖੇ ਨਾਲ ਕੁੱਤਿਆ ਧਾਗਾ : ਸ਼ੀਲਾ ਸੂਤ ਬਹੁਤ ਬਰੀਕ ਕੱਤਦੀ ਹੈ।

(ੲ) ਨਿਸ਼ਾਨ : ਤਰਖਾਣ ਨੇ ਲੱਕੜੀ ਚੀਰਨ ਲਈ ਪਹਿਲਾਂ ਸੂਤ ਲਾਇਆ।

(ਸ) ਮਕਈ ਦਾ ਸੂਤ : ਅੱਜਕਲ੍ਹ ਮਕਈ ਸੂਤ ਕੱਤ ਰਹੀ ਹੈ।

15. ਸੂਆ

(ੳ) ਵੱਡੀ ਸੂਈ : ਸੂਏ ਨਾਲ ਬੋਰੀ ਸੀਓ।

(ਅ) ਮੱਝ ਦਾ ਸੂਆ : ਸਾਡੀ ਮੱਝ ਦਾ ਇਹ ਪਹਿਲਾ ਸੁਆ ਹੈ।

(ੲ) ਖਾਲ ਦਾ : ਇਹ ਸੂਆ ਸਰਹੰਦ ਨਹਿਰ ਵਿੱਚੋਂ ਨਿਕਲਦਾ ਹੈ।

16. ਸਿੱਧ

(ੳ) ਸਾਬਤ : ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਉਹ ਕਮੀਨਾ ਹੈ।

(ਅ) ਸਿੱਧੀ ਵਾਲਾ : ਇਹ ਬੜਾ ਸਿੱਧ ਪੁਰਖ ਹੈ।

(ੲ) ਪੁੱਠੇ ਦੇ ਉਲਟ : ਕਮੀਜ਼ ਸਿੱਧ-ਪੁੱਠ ਦੇਖ ਕੇ ਪਾਓ।

(ਸ) ਪੂਰਾ : ਮੇਰਾ ਮਤਲਬ ਸਿੱਧ ਹੋਣਾ ਚਾਹੀਦਾ ਹੈ।

17. ਹਾਰ

(ੳ) ਫੁੱਲਾਂ ਦਾ ਹਾਰ : ਮੈਂ ਫੁੱਲਾਂ ਦਾ ਹਾਰ ਖ਼ਰੀਦਿਆ।

(ਅ) ਘਾਟਾ : ਉਸ ਨੂੰ ਤਾਂ ਵਪਾਰ ਵਿੱਚ ਬਹੁਤ ਹਾਰ ਹੋਈ।

(ੲ) ਪਿਛੇਤਰ (ਵਾਲਾ) : ਰੱਬ ਕੁਦਰਤ ਦਾ ਸਿਰਜਣਹਾਰ ਹੈ।

(ਸ) ਥੱਕ : ਮੈਂ ਤਾਂ ਮਿਹਨਤ ਕਰ ਕੇ ਹਾਰ ਗਿਆ ਹਾਂ।

(ਹ) ਹਾਰਨਾ : ਅਸੀਂ ਮੈਚ ਹਾਰ ਗਏ।

18. ਹਾਲ

(ੳ) ਹਾਲਤ : ਆਪਣਾ ਹਾਲ-ਚਾਲ ਸੁਣਾਓ।

(ਅ) ਲੋਹੇ ਦਾ ਚੱਕਰ : ਪਹੀਏ ਉੱਪਰ ਹਾਲ ਨੂੰ ਗਰਮ ਕਰ ਕੇ ਚੜਾਓ।

(ੲ) ਅਜੇ : ਹਾਲ ਦੀ ਘੜੀ ਮੈਂ ਇੱਥੇ ਹੀ ਹਾਂ।

(ਸ) ਮਸਤੀ : ਅਖਾੜੇ ਵਿੱਚ ਨੱਚਦੇ ਬਹੁਤ ਸਾਰੇ ਸੂਫ਼ੀਆਂ ਨੂੰ ਹਾਲ ਚੜ੍ਹ ਜਾਂਦਾ ਹੈ ।

19. ਕਹੀ

(ੳ) ਆਖੀ : ਉਸ ਨੇ ਅੱਜ ਮੈਨੂੰ ਇਹ ਗੱਲ ਕਹੀ ਹੈ।

(ਅ) ਮਿੱਟੀ ਪੁੱਟਣ ਵਾਲਾ ਯੰਤਰ : ਕਹੀ ਨਾਲ ਇੱਥੋਂ ਮਿੱਟੀ ਪੁੱਟੇ।

(ੲ) ਕਿੰਨੀ : ਦਲਜੀਤ ਨੇ ਇਹ ਗੱਲ ਕਹੀ ਸੋਹਣੀ ਕੀਤੀ ਹੈ।

20. ਕੱਚਾ

(ੳ) ਪੱਕੇ ਦੇ ਉਲਟ : ਇਸ ਕੱਪੜੇ ਦਾ ਰੰਗ ਕੱਚਾ ਹੈ।

(ਅ) ਮਿਤਲਾਉਣਾ : ਰੋਟੀ ਖਾਂਦਿਆਂ ਹੀ ਮੇਰਾ ਜੀ ਕੱਚਾ ਹੋਣ ਲੱਗ ਪਿਆ।

(ੲ) ਝੂਠਾ : ਜਦੋਂ ਉਸ ਦਾ ਝੂਠ ਜ਼ਾਹਰ ਹੋ ਗਿਆ, ਤਾਂ ਉਹ ਬੜਾ ਕੱਚਾ ਹੋਇਆ।

(ਸ) ਅਣਰਿੱਝਿਆ : ਕੁੱਤੇ ਤਾਂ ਕੱਚਾ ਮਾਸ ਹੀ ਖਾ ਜਾਂਦੇ ਹਨ।

21. ਕੱਛ

(ੳ) ਕਛਹਿਰਾ : ਮੇਰੀ ਇਹ ਕੱਛ ਜਲਦੀ ਧੋ ਦਿਓ।

(ਅ) ਥਾਂ ਦਾ ਨਾ : ਕੱਛ ਭਾਰਤ ਦਾ ਸਰਹੱਦੀ ਖੇਤਰ ਹੈ।

(ੲ) ਮਿਣਤੀ : ਮੇਰੀ ਸਾਰੀ ਜਮੀਨ ਕੱਛ ਕੇ ਖੇਤਰਫਲ ਕੱਢ ਦਿਓ।

(ਸ) ਸਰੀਰ ਦਾ ਇਕ ਹਿੱਸਾ : ਤੇਰੀ ਕੱਛ ਵਿੱਚ ਬਹੁਤ ਵਾਲ ਹਨ।

22. ਕਣੀ

(ੳ) ਕੱਚੇ ਚਾਵਲ : ਚਾਵਲ ਅੱਜੇ ਰਿੱਝੇ ਨਹੀਂ, ਇਨ੍ਹਾਂ ਵਿੱਚ ਅਜੇ ਕਣੀ ਬਾਕੀ ਹੈ।

(ਅ) ਟੋਟਾ : ਇਸ ਕੋਕੇ ਵਿੱਚ ਹੀਰੇ ਦੀ ਕਣੀ ਜੜੀ ਹੋਈ ਹੈ।

(ੲ) ਬੂੰਦ : ਬੱਦਲ ਇੰਨਾ ਆਇਆ ਸੀ ਪਰੰਤੂ ਮੀਂਹ ਦੀ ਇਕ ਕਣੀ ਵੀ ਨਹੀਂ ਪਈ।

(ਸ) ਕਰਨੀ : ਇਹ ਸੰਤ ਬੜਾ ਕਣੀ ਵਾਲਾ ਹੈ।

23. ਕੰਡਾ

(ੳ) ਤੱਕੜ : ਅਸੀਂ ਕੰਡਾ ਲਾ ਕੇ ਦਾਣੇ ਤੋਲੇ।

(ਅ) ਨਿੱਕੀ ਸੂਲ : ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ।

(ੲ) ਮੱਛੀ ਦੀ ਹੱਡੀ : ਇਸ ਮੱਛੀ ਵਿੱਚ ਕੰਡਾ ਬਹੁਤਾ ਹੈ।

(ਸ) ਦੁਖਦਾਇਕ ਬੰਦਾ : ਸੁਰਿੰਦਰ ਦੇ ਦੁਸ਼ਮਣਾਂ ਨੇ ਉਸ ਦਾ ਕੰਡਾ ਕੱਢਣ ਲਈ ਉਸ ਨੂੰ ਮਾਰਨ ਦੀ ਗੇਂਦ ਗੁੰਦੀ।

24. ਕਾਲ

(ੳ) ਸਮਾਂ : ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ-ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ।

(ਅ) ਮੌਤ : ਬੱਸ, ਉਸ ਦਾ ਕਾਲ ਉਸ ਨੂੰ ਉੱਥੇ ਲੈ ਗਿਆ।

(ੲ) ਖਾਣ ਦੀਆਂ ਚੀਜਾਂ ਦੀ ਕਮੀ : ਬੰਗਾਲ ਦੇ ਕਾਲ ਵਿੱਚ ਬਹੁਤ ਸਾਰੇ ਬੰਦੇ ਮਾਰੇ ਗਏ ਸਨ।

25. ਕੋਟ

(ੳ) ਗਲ ਪਾਉਣ ਵਾਲਾ ਕੱਪੜਾ : ਮੈਂ ਸਰਦੀ ਤੋਂ ਬਚਣ ਲਈ ਕੋਟ ਗਲ ਪਾ ਲਿਆ।

(ਅ) ਕਿਲ੍ਹਾ : ਫੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ।

(ੲ) ਤਾਸ਼ ਦੀ ਬਾਜ਼ੀ : ਤਾਸ਼ ਦੀ ਪਹਿਲੀ ਬਾਜੀ ਵਿੱਚ ਹੀ ਅਸੀਂ ਉਨ੍ਹਾਂ ਸਿਰ ਕੋਟ ਕਰ ਦਿੱਤਾ।

(ਸ) ਕਰੋੜ : ਧਰਤੀ ਉੱਪਰ ਕਈ ਕੋਟ ਜੀਵ-ਜੰਤੂ ਹਨ।

26. ਕਰ

(ੳ) ਸਿਕਰੀ : ਉਸਦੇ ਸਿਰ ਵਿੱਚ ਬਹੁਤ ਕਰ ਹੈ।

(ਅ) ਕਰਨਾ : ਤੂੰ ਜ਼ਰਾ ਮਿਹਨਤ ਕਰ।

(ੲ) ਵਧਾਉਣਾ : ਉਸ ਨੇ ਹੱਥ ਅੱਗੇ ਕਰ ਕੇ ਰੋਟੀ ਲਈ।

(ਸ) ਹੱਥ : ਪ੍ਰਧਾਨ ਮੰਤਰੀ ਨੇ ਆਪਣੇ ਕਰ-ਕਮਲਾਂ ਨਾਲ ਇਸ ਇਮਾਰਤ ਦੀ ਨੀਂਹ ਰੱਖੀ।

27. ਕੜੀ

(ੳ) ਸੰਗਲੀ ਦਾ ਹਿੱਸਾ : ਸੰਗਲੀ ਦੀ ਕੜੀ ਟੁੱਟ ਗਈ ਹੈ।

(ਅ) ਹੱਥ-ਕੜੀ : ਸਿਪਾਹੀ ਨੇ ਚੋਰ ਨੂੰ ਕੜੀ ਲਾ ਲਈ।

(ੲ) ਅਣਘੜਤ ਬਾਲਾ : ਕੋਠੇ ਦੀ ਕੜੀ ਟੁੱਟ ਗਈ ਹੈ।


28. ਖੱਟੀ

(ੳ) ਤੁਰਸ਼ : ਲੱਸੀ ਬਹੁਤ ਖੱਟੀ ਹੈ।

(ਅ) ਗੂੜ੍ਹੀ ਪੀਲੀ : ਕੁੜੀ ਨੇ ਖੱਟੀ ਚੁੰਨੀ ਲਈ ਹੋਈ ਹੈ।

(ੲ) ਕਮਾਈ : ਅੱਜ-ਕਲ੍ਹ ਬਲੈਕੀਏ ਅੰਨ੍ਹੀ ਖੱਟੀ ਕਰ ਰਹੇ ਹਨ।

(ਸ) ਇਕ ਫਲ : ਮੈਂ ਕਚਾਲੂਆਂ ਵਿੱਚ ਖੱਟੀ ਦਾ ਰਸ ਨਿਚੋੜਿਆ।

29. ਗੋਡਾ

(ੳ) ਲੱਤ ਦਾ ਜੋੜ : ਮੇਰਾ ਗੋਡਾ ਦੁਖਦਾ ਹੈ।

(ਅ) ਗੁੱਡਣ ਵਾਲਾ : ਗੋਡਾ ਕਮਾਦ ਗੁੱਡ ਰਿਹਾ ਹੈ।

(ੲ) ਪੂਰਾ ਚੰਦ : ਪਰਸੋਂ ਪੂਰਨਮਾਸ਼ੀ ਹੈ, ਇਸੇ ਕਰਕੇ ਅੱਜ ਚੰਦ ਦਾ ਗੋਡਾ ਲੱਗਾ ਹੈ।

(ਸ) ਢਾਹ ਕੇ ਕੁੱਟਣਾ : ਜਦੋਂ ਉਸ ਨੇ ਮੇਰੀ ਬੇਇੱਜਤੀ ਕੀਤੀ, ਤਾਂ ਮੈਂ ਉਸ ਨੂੰ ਖੂਬ ਗੋਡਾ ਫੇਰਿਆ।

30. ਗੋਲਾ

(ੳ) ਤੋਪ ਦਾ ਗੋਲਾ : ਤੋਪ ਦਾ ਗੋਲਾ ਬਹੁਤ ਦੂਰ ਤਕ ਮਾਰ ਕਰਦਾ ਹੈ।

(ਅ) ਪਟਾਕਾ : ਦੀਵਾਲੀ ਦੀ ਰਾਤ ਨੂੰ ਲੋਕਾਂ ਨੇ ਗੋਲੇ ਚਲਾਏ।

(ੲ) ਧਾਗੇ ਦਾ ਗੋਲਾ : ਮੈਂ ਧਾਗੇ ਦਾ ਇਕ ਗੋਲਾ ਖ਼ਰੀਦਿਆ ਹੈ।

(ਸ) ਰਸੌਲੀ : ਡਾਕਟਰ ਨੇ ਅਪ੍ਰੇਸ਼ਨ ਕਰ ਕੇ ਉਸ ਦੇ ਪੇਟ ਵਿੱਚੋਂ ਗੋਲਾ ਕੱਢਿਆ।

31. ਘਟ

(ੳ) ਬੱਦਲ : ਅੱਜ ਬੜੀ ਘਟ ਚੜ੍ਹ ਕੇ ਆਈ ਹੈ। ਖੂਬ ਮੀਂਹ ਵਰ੍ਹੇਗਾ।

(ਅ) ਵੱਧ ਦੇ ਉਲਟ: ਮੇਰੇ ਕੋਲ ਦੋ ਰੁਪਏ ਘੱਟ ਗਏ ਹਨ।

(ੲ) ਡਿਗਣਾ : ਪੁੱਤਰਾਂ ਨੂੰ ਲੜਦੇ ਦੇਖ ਕੇ ਬੁੱਢੀ ਮਾਂ ਦਾ ਦਿਲ ਘੱਟ ਗਿਆ।

32. ਘੜੀ

(ੳ) ਸਮਾਂ ਦੱਸਣ ਵਾਲਾ ਯੰਤਰ : ਘੜੀ ਉੱਤੇ ਬਾਰਾਂ ਵਜੇ ਹਨ।

(ਅ) ਸਮੇਂ ਦਾ ਅੰਸ਼ : ਮੈਂ ਘੜੀ ਕੁ ਹੀ ਐਥੇ ਬੈਠਾਂਗਾ।

(ੲ) ਬਣਾਈ : ਮੈਂ ਚਾਕੂ ਨਾਲ ਕਲਮ ਘੜੀ।

(ਸ) ਛੋਟਾ ਘੜਾ : ਘੜੀ ਦਾ ਪਾਣੀ ਬਹੁਤ ਠੰਢਾ ਹੈ।