ਸਾਹਿਤਕ ਰੰਗ – 2
ਦਸਵੀਂ ਜਮਾਤ
ਪ੍ਰਸ਼ਨ 1 . ਡਾ. ਅਬਦੁਲ ਕਲਾਮ ਦਾ ਜਨਮ ਕਿੱਥੇ ਹੋਇਆ ?
ਉੱਤਰ – ਤਾਮਿਲਨਾਡੂ।
ਪ੍ਰਸ਼ਨ 2 . ਡਾ. ਅਬਦੁਲ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਿਥੋਂ ਕੀਤੀ ?
ਉੱਤਰ – ਡਾ. ਅਬਦੁਲ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੱਕ ਛੋਟਾ ਜਹਾਜ਼ ਬਣਾ ਕੇ ਕੀਤੀ, ਜਿਸਨੂੰ ਹੋਵਰ ਕਰਾਫਟ ਕਿਹਾ ਜਾਂਦਾ ਹੈ। ਇਹ ਜਹਾਜ਼ ਜਮੀਨ ਜਾਂ ਪਾਣੀ ਦੇ ਨੇੜੇ ਉੱਡ ਸਕਦਾ ਸੀ। ਇਹ ਨਿਰਮਾਣ ਉਨ੍ਹਾਂ ਨੇ ਉਸ ਸਮੇਂ ਕੀਤਾ ਜਦੋਂ ਉਹ 1960 ਈ. ਵਿੱਚ ਰੱਖਿਆ ਖੋਜ ਤੇ ਵਿਕਾਸ ਸੰਸਥਾ ਵਿੱਚ ਦਾਖ਼ਲ ਹੋਏ ਸਨ।
ਪ੍ਰਸ਼ਨ 3. ਡਾ. ਅਬਦੁਲ ਕਲਾਮ ਦੀ ਮੌਤ ਕਦੋਂ ਤੇ ਕਿੰਨੀ ਉਮਰ ਵਿੱਚ ਹੋਈ ?
ਉੱਤਰ – ਡਾ. ਅਬਦੁਲ ਕਲਾਮ ਦਾ ਦੇਹਾਂਤ 27 ਜੁਲਾਈ, 2015 ਨੂੰ ਦਿਲ ਦਾ ਦੌਰਾ ਪੈਣ ਕਰਕੇ ਹੋਇਆ। ਉਸ ਸਮੇਂ ਵੀ ਉਹ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੇਂਟ ਵਿੱਚ ਭਾਸ਼ਣ ਦੇ ਰਹੇ ਸਨ ।
ਪ੍ਰਸ਼ਨ 4 . ਡਾ. ਅਬਦੁਲ ਕਲਾਮ ਦੀ ਰਹਿਣੀ ਬਹਿਣੀ ਕਿਹੋ ਜਿਹੀ ਸੀ ?
ਉੱਤਰ – ਡਾ. ਅਬਦੁਲ ਕਲਾਮ ਦੀ ਸਾਦਾ ਰਹਿਣੀ – ਬਹਿਣੀ ਸੀ। ਉਹ ਤਿਆਗ ਦੀ ਮੂਰਤ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਉਹ ਰਾਤ ਨੂੰ 2 ਵਜੇ ਸੌਂ ਕੇ ਸਵੇਰੇ ਸਾਡੇ ਛੇਂ – ਸੱਤ ਵਜੇ ਉੱਠਣ ਦੇ ਆਦੀ ਸਨ। ਉਨ੍ਹਾਂ ਨੇ ਕਦੇ ਟੀ. ਵੀ. ਨਹੀਂ ਸੀ ਰੱਖਿਆ। ਉਨ੍ਹਾਂ ਦੀਆਂ ਕੁਝ ਕੁ ਨਿਜੀ ਵਸਤੂਆਂ ਸਨ, ਜਿਨ੍ਹਾਂ ਵਿਚ ਕੁਝ ਕਿਤਾਬਾਂ, ਕੱਪੜੇ, ਵੀਣਾ, ਸੀ.ਡੀ. ਪਲੇਅਰ ਤੇ ਲੈਪਟਾਪ ਸਨ।
ਪ੍ਰਸ਼ਨ 5 . ਧਰਮ ਬਾਰੇ ਡਾ. ਕਲਾਮ ਦੇ ਕੀ ਵਿਚਾਰ ਸਨ ?
ਉੱਤਰ – ਡਾ. ਕਲਾਮ ਦੇ ਧਰਮ ਬਾਰੇ ਵਿਚਾਰ ਬੜੇ ਸਪਸ਼ਟ ਸਨ। ਧਰਮ – ਨਿਰਪੱਖਤਾ ਉਨ੍ਹਾਂ ਲਈ ਸਾਰੀ ਉਮਰ ਬਹੁਤ ਮਹੱਤਵਪੂਰਨ ਮੁੱਦਾ ਰਹੀ। ਉਨ੍ਹਾਂ ਦਾ ਮੰਨਣਾ ਸੀ ਕਿ ਮਹਾਨ ਲੋਕਾਂ ਲਈ ਧਰਮ ‘ਦੋਸਤ’ ਬਣਾਉਣ ਦਾ ਇੱਕ ਮਾਧਿਅਮ ਹੈ, ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ। ਡਾ. ਕਲਾਮ ਨੇ ਸਰਬ – ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ।
ਪ੍ਰਸ਼ਨ 6 . ਦੇਸ਼ ਦੀ ਤਰੱਕੀ ਲਈ ਡਾ. ਅਬਦੁਲ ਕਲਾਮ ਨੇ ਕਿੰਨਾ ਚੀਜ਼ਾਂ ਨੂੰ ਜ਼ਰੂਰੀ ਦੱਸਿਆ ?
ਉੱਤਰ – ਦੇਸ਼ ਦੀ ਤਰੱਕੀ ਲਈ ਡਾ. ਅਬਦੁਲ ਕਲਾਮ ਨੇ ਰੋਗ – ਮੁਕਤੀ, ਉਤਪਾਦਨ ਤੇ ਦੇਸ਼ ਦੀ ਸੁਰੱਖਿਆ ਨੂੰ ਦੱਸਿਆ। ਇਸ ਦੇ ਨਾਲ ਹੀ ਗਰੀਬਾਂ ਨੂੰ ਸਿਹਤਮੰਦ ਬਣਾਉਣ ਤੇ ਔਰਤ ਦੇ ਅਧਿਕਾਰਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ। ਉਨ੍ਹਾਂ ਨੇ ਸਰਬ ਧਰਮ ਵਾਲੀ ਸੋਚ ਨੂੰ ਹੀ ਦੇਸ਼ ਦੀ ਤਾਕਤ ਦੱਸਿਆ ਤੇ ਸੰਵਿਧਾਨ ਦਾ ਪਾਲਣ ਕਰਨ ਨੂੰ ਵੀ ਕਿਹਾ।
ਪ੍ਰਸ਼ਨ 7 . ਡਾ . ਕਲਾਮ ਨੇ ਬੀ. ਏ. ਦੀ ਪੜ੍ਹਾਈ ਕਿੱਥੋਂ ਕੀਤੀ ?
ਉੱਤਰ – ਉੱਤਰ – ਰਾਮਾਨਾਥਪੁਰਮ ਤੋਂ ਦਸਵੀਂ ਪਾਸ ਕਰਕੇ ਡਾ. ਕਲਾਮ ਨੇ ਤਰੀਚੁਰਾਪੱਲੀ (Tiruchirapalli) ਤਾਮਿਲਨਾਡੂ ਵਿਖੇ ਸੇਂਟ ਜੋਸਫ਼ ਕਾਲਜ ਤੋਂ ਭੌਤਿਕ – ਵਿਗਿਆਨ (ਫਿਜ਼ਿਕਸ) ਵਿੱਚ ਬੀ.ਏ. ਪਾਸ ਕੀਤੀ।
ਪ੍ਰਸ਼ਨ 8 . ਕਲਾਮ ਸਾਹਿਬ ਉਪਰ ਉਨ੍ਹਾਂ ਦੇ ਪਿਤਾ ਦੀਆਂ ਕਿਹੜੀਆਂ ਗੱਲਾਂ ਦਾ ਪ੍ਰਭਾਵ ਪਿਆ ?
ਉੱਤਰ – ਕਲਾਮ ਸਾਹਿਬ ਨੇ ਆਪਣੇ ਪਿਤਾ ਤੋਂ ਮਿਹਨਤ, ਸਾਦਾ ਰਹਿਣੀ – ਬਹਿਣੀ, ਅਤੇ ਧਾਰਮਿਕ ਸੰਸਕਾਰ ਗ੍ਰਹਿਣ ਕਰਨ ਦੇ ਸੰਸਕਾਰ ਪ੍ਰਾਪਤ ਕੀਤੇ। ਧਾਰਮਿਕ ਪ੍ਰਭਾਵ ਕਬੂਲਦੇ ਹੋਏ ਉਨ੍ਹਾਂ ਨੇ ਰੋਜ਼ਾਨਾ ਨਮਾਜ਼ ਤੇ ਰਮਜ਼ਾਨ ਦੇ ਰੋਜ਼ਿਆਂ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਇਆ ਤੇ ਸਰਬ – ਧਰਮ ਵਾਲੀ ਸੋਚ ਨੂੰ ਜ਼ਿੰਦਗੀ ਦਾ ਅਧਾਰ ਬਣਾਇਆ।
ਪ੍ਰਸ਼ਨ 9. ਡਾ. ਕਲਾਮ ਨੂੰ ਭਾਰਤ ਦੇ ਕਿਹੜੇ ਵੱਡੇ ਸਨਮਾਨ ਹਾਸਲ ਹੋਏ ?
ਉੱਤਰ – ਡਾ. ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਲਈ ਉਨ੍ਹਾਂ ਨੂੰ ਭਾਰਤ ਦੇ ਸਰਬਉੱਚ ਸਿਵਲ ਇਨਾਮਾਂ ਪਦਮ ਭੂਸ਼ਣ (1981), ਪਦਮ ਵਿਭੂਸ਼ਣ (1990) ਤੇ ਭਾਰਤ ਰਤਨ (1997) ਨਾਲ ਸਨਮਾਨਿਤ ਕੀਤਾ ਗਿਆ ।
ਪ੍ਰਸ਼ਨ 10 . ਡਾ. ਕਲਾਮ ਨੂੰ ‘ਪੀਪਲਜ਼ ਪ੍ਰੈਜ਼ੀਡੈਂਟ’ ਕਿਉਂ ਕਰਾਰ ਦਿੱਤਾ ਗਿਆ ?
ਉੱਤਰ – ਡਾ. ਕਲਾਮ ਨੂੰ ‘ਪੀਪਲਜ਼ ਪ੍ਰੈਜ਼ੀਡੈਂਟ’ ਇਸਲਈ ਕਰਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਮਿਆਦ ਦੌਰਾਨ ਪੰਜ ਲੱਖ ਨੌਜੁਆਨਾਂ ਨਾਲ ਵਿਅਕਤੀਗਤ ਮੀਟਿੰਗਾਂ ਕਰਨ ਦਾ ਟੀਚਾ ਮਿਲਿਆ ਸੀ।
ਪ੍ਰਸ਼ਨ 11. ਡਾ. ਕਲਾਮ ਭਾਰਤ ਦੇ ਕਿੰਨਵੇਂ ਰਾਸ਼ਟਰਪਤੀ ਸਨ ਤੇ ਉਹ ਕਦੋਂ ਤੇ ਕਿਵੇਂ ਰਾਸ਼ਟਰਪਤੀ ਬਣੇ ?
ਉੱਤਰ – ਡਾ. ਕਲਾਮ ਭਾਰਤ ਦੇ ਗਿਆਰ੍ਹਵੇਂ ਰਾਸ਼ਟਰਪਤੀ ਸਨ। ਉਹ 2002 ਵਿੱਚ ਰਾਸ਼ਟਰੀ ਸੱਤਾਧਾਰੀ ਲੋਕ ਰਾਜੀ ਗੱਠਜੋੜ (ਐਨ. ਡੀ. ਏ.) ਦੀ ਮਦਦ ਨਾਲ ਰਾਸ਼ਟਰਪਤੀ ਬਣੇ ਕਿਉਂਕਿ ਵਿਗਿਆਨ ਦੀਆਂ ਪ੍ਰਾਪਤੀਆਂ ਨੇ ਹੀ ਉਨ੍ਹਾਂ ਦਾ ਸਨਮਾਨ ਵਧਾਇਆ ਸੀ ।
ਪ੍ਰਸ਼ਨ 12. ਡਾ. ਕਲਾਮ ਨੇ ਆਪਣੀ ਮੌਤ ਤੇ ਛੁੱਟੀ ਬਾਰੇ ਕੀ ਕਿਹਾ ?
ਉੱਤਰ – ਡਾ. ਕਲਾਮ ਨੇ ਕਿਹਾ ਸੀ ਕਿ ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ । ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਧ ਤੋਂ ਵੱਧ ਕੰਮ ਕਰਨਾ।
ਪ੍ਰਸ਼ਨ 13 . ਡਾ. ਕਲਾਮ ਆਪਣੀ ਕਿਹੜੀ ਨੌਕਰੀ ਦੀ ਚੋਣ ਤੋਂ ਸੰਤੁਸ਼ਟ ਨਹੀਂ ਸਨ, ਫਿਰ ਉਨ੍ਹਾਂ ਨੇ ਕੀ ਕੀਤਾ ?
ਉੱਤਰ – ਡਾ. ਕਲਾਮ ਰੱਖਿਆ ਖੋਜ ਤੇ ਵਿਕਾਸ ਸੰਸਥਾ ਵਿੱਚ ਬਤੌਰ ਵਿਗਿਆਨੀ ਦੀ ਨੌਕਰੀ ਤੋਂ ਸੰਤੁਸ਼ਟ ਨਹੀਂ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ‘ਚ ਚਲੇ ਗਏ।
ਪ੍ਰਸ਼ਨ 14 . ਡਾ. ਕਲਾਮ ਡੀ. ਆਰ.ਡੀ. ਓ. ਵਿੱਚ ਵਾਪਸ ਕਦੋਂ ਆਏ ਤੇ ਕਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ?
ਉੱਤਰ – ਡਾ. ਕਲਾਮ ਡੀ. ਆਰ.ਡੀ. ਓ. ਵਿੱਚ ਡਾਇਰੈਕਟਰ ਵਜੋਂ ਵਾਪਸ ਆ ਗਏ। ਇੱਥੇ ਉਨ੍ਹਾਂ ਨੇ ਸੰਗਠਿਤ ਨਿਰਦੇਸ਼ਿਤ ਮਿਜ਼ਾਇਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਪ੍ਰਸ਼ਨ 15. ਡਾ. ਕਲਾਮ ਦੀਆਂ ਕਿਹੜੀਆਂ ਪਰਖਾਂ ਦੀ ਨੁਕਤਾਚੀਨੀ ਕਰਕੇ ਦੂਜੀਆਂ ਤਾਕਤਾਂ ਨੇ ਪਾਬੰਦੀ ਲਾਈ ਸੀ ?
ਉੱਤਰ – ਡਾ. ਕਲਾਮ ਦੀਆਂ ਪੋਖਰਨ – 2 ਪਰਖਾਂ ਦੀ ਨੁਕਤਾਚੀਨੀ ਕਰਕੇ ਦੂਜੀਆਂ ਤਾਕਤਾਂ ਨੇ ਪਾਬੰਦੀ ਲਾਈ ਸੀ, ਜੋ ਮਈ 1998 ਵਿੱਚ ਕੀਤੀਆਂ ਸਨ। ਫਿਰ ਵੀ ਉਹ ਇੱਕ ਹੀਰੋ ਵਜੋਂ ਪ੍ਰਸਿੱਧ ਹੋ ਗਏ।
ਪ੍ਰਸ਼ਨ 16 . ਕੀ ਅਸੀਂ ਇਹ ਨਹੀਂ ਜਾਣਦੇ ਕਿ ਆਤਮ – ਸਨਮਾਨ, ਆਤਮ – ਨਿਰਭਰਤਾ ਨਾਲ ਹੀ ਆਉਂਦਾ ਹੈ। ਡਾ. ਕਲਾਮ ਨੇ ਇਸ ਕਥਨ ਦੀ ਪ੍ਰੋੜ੍ਹਤਾ ਲਈ ਕਿਹੜੇ – ਕਿਹੜੇ ਖੇਤਰਾਂ ਦੀ ਪਛਾਣ ਕਰਾਈ ?
ਉੱਤਰ – ਡਾ. ਕਲਾਮ ਨੇ ਦੇਸ਼ ਦੀ ਤਰੱਕੀ ਅਤੇ ਆਤਮ – ਸਨਮਾਨ ਹਾਸਲ ਕਰਨ ਲਈ ਆਤਮ – ਨਿਰਭਰਤਾ ਦੇ ਪੰਜ ਪ੍ਰਮੁੱਖ ਖੇਤਰਾਂ ਨਾਲ ਜਾਣ – ਪਛਾਣ ਕਰਾਈ। ਉਹ ਸਨ – ਖੇਤੀਬਾੜੀ ਤੇ ਖਰਾਕੀ ਵਸਤਾਂ, ਸਿੱਖਿਆ ਤੇ ਸਿਹਤ, ਸੂਚਨਾ ਤੇ ਸੰਚਾਰ ਤਕਨਾਲੋਜੀ, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਤੇ ਮਿਆਰੀ ਬਿਜਲੀ ਊਰਜਾ, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਤੇ ਤਕਨਾਲੋਜੀ ਵਿੱਚ ਸਵੈ – ਨਿਰਭਰਤਾ।
ਪ੍ਰਸ਼ਨ 17 . ਡਾ. ਅਬਦੁਲ ਕਲਾਮ ਦੇ ਜੀਵਨ ਤੋਂ ਸਾਨੂੰ ਕਿਹੜੀਆਂ ਮਾਨਵੀ ਕਦਰਾਂ ਕੀਮਤਾਂ ਦੀ ਸਿੱਖਿਆ ਮਿਲਦੀ ਹੈ? ਉਦਾਹਰਨਾਂ ਸਹਿਤ ਲਿਖੋ।
ਉੱਤਰ – ਡਾ. ਅਬਦੁਲ ਕਲਾਮ ਵਿੱਚ ਦੇਸ਼ ਦੀ ਤਰੱਕੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਉਨ੍ਹਾਂ ਦੇ ਜੀਵਨ ਤੋਂ ਦੇਸ਼ – ਭਗਤੀ, ਸਾਦਾ ਰਹਿਣੀ – ਬਹਿਣੀ, ਤਿਆਗ, ਸਾਦਗੀ, ਧਰਮ – ਨਿਰਪੱਖਤਾ, ਧਾਰਮਿਕ, ਸਹਿਣਸ਼ੀਲਤਾ ਆਦਿ ਮਾਨਵੀ ਕਦਰਾਂ – ਕੀਮਤਾਂ ਗ੍ਰਹਿਣ ਕਰਨ ਦੀ ਸਿੱਖਿਆ ਮਿਲਦੀ ਹੈ। ਉਹ ਅਣ-ਵਿਆਹੇ, ਥੋੜ੍ਹਾ ਸੌਣ ਵਾਲੇ, ਆਪਣੇ ਧਰਮ ‘ਚ ਪੱਕੇ, ਸਰਬ – ਧਰਮਾਂ ਦਾ ਸਤਿਕਾਰ ਕਰਨ ਵਾਲੇ ਤੇ ਦੁਨਿਆਵੀ ਵਸਤਾਂ ਤੋਂ ਨਿਰਲੇਪ ਸਨ।
ਪ੍ਰਸ਼ਨ 18 . ਡਾ. ਅਬਦੁਲ ਕਲਾਮ ਗੁਣਾਂ ਦੀ ਖ਼ਾਨ ਸਨ। ਸੰਖੇਪ ਵਿੱਚ ਦੱਸੋ।
ਉੱਤਰ – ਡਾ. ਅਬਦੁਲ ਕਲਾਮ ਦਾ ਪਹਿਲਾ ਸਿਧਾਂਤ ਕਿ ਕੰਮ ਹੀ ਪੂਜਾ ਹੈ। ਇਸੇ ਲਈ ਉਨ੍ਹਾਂ ਆਪਣੇ ਦੇਹਾਂਤ ‘ਤੇ ਛੁੱਟੀ ਦਾ ਐਲਾਨ ਨਾ ਕਰਨ ਬਾਰੇ ਕਿਹਾ ਸੀ। ਬਚਪਨ ਵਿੱਚ ਉਹ ਅਖ਼ਬਾਰ ਵੇਚ ਕੇ ਘਰ ਦੀ ਆਰਥਿਕ ਮਦਦ ਕਰਦੇ ਰਹੇ ਤੇ ਲਗਨ ਨਾਲ ਅਧਿਐਨ ਦੇ ਖ਼ੇਤਰ ਵਿਚੋਂ ਮਹਾਨ ਵਿਗਿਆਨੀ ਤੇ ਰਾਸ਼ਟਰਪਤੀ ਬਣੇ। ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਿੱਖਿਅਤ ਕਰਦੇ। ਦੇਸ਼ ਦੀ ਤਰੱਕੀ ਲਈ ਸਲਾਹ ਨਹੀਂ, ਹੱਲ ਦਿੰਦੇ। ਉਹ ਸਰਬ ਧਰਮਾਂ ਦਾ ਸਤਿਕਾਰ ਕਰਨ ਵਾਲੇ ਤੇ ਸਾਦਗੀ ਪਸੰਦ ਇਨਸਾਨ ਸਨ।
ਪ੍ਰਸ਼ਨ 19 . ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਡਾ. ਕਲਾਮ ਨੇ ਕਿਹੜਾ ਵਿਸ਼ੇਸ਼ ਕਾਰਜ ਕੀਤਾ ?
ਉੱਤਰ – ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਡਾ. ਕਲਾਮ ਨੇ ਕਈ ਵਿੱਦਿਅਕ ਸੰਸਥਾਵਾਂ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫ਼ੈਸਰ ਪੜ੍ਹਾਉਣਾ ਸ਼ੁਰੂ ਕੀਤਾ। ਉਹ ਦੇਸ਼ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਸਨ।
ਪ੍ਰਸ਼ਨ 20. ਭ੍ਰਿਸ਼ਟਾਚਾਰ ਦੇ ਖਾਤਮੇ ਲਈ ਡਾ. ਕਲਾਮ ਨੇ ਕੀ ਉਪਰਾਲਾ ਕੀਤਾ ?
ਉੱਤਰ – ਭ੍ਰਿਸ਼ਟਾਚਾਰ ਦੇ ਖਾਤਮੇ ਲਈ ਡਾ. ਕਲਾਮ ਨੇ ਮਈ 2012 ਵਿੱਚ ਭਾਰਤ ਦੇ ਨੌਜਵਾਨਾਂ ਲਈ ‘ਵਟ ਕੈਨ ਆਈ ਗਿਵ ਮੂਵਮੈਂਟ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਵਿਚਾਰ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ ਤਾਂ ਪਿਤਾ, ਮਾਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ।
ਪ੍ਰਸ਼ਨ 21 . ਤਾਮਿਲਨਾਡੂ ਸਰਕਾਰ ਨੇ ਡਾ. ਕਲਾਮ ਦੇ ਨਾਂ ‘ਤੇ ਕਿਹੜਾ ਇਨਾਮ ਕਿੰਨਾ ਲਈ ਸ਼ੁਰੂ ਕੀਤਾ ? ਉਨ੍ਹਾਂ ਦੇ ਜਨਮ ਦਿਨ ਨੂੰ ਕਿਸ ਦਿਵਸ ਵਜੋਂ ਐਲਾਨਿਆ ਗਿਆ ?
ਉੱਤਰ – ਤਾਮਿਲਨਾਡੂ ਸਰਕਾਰ ਨੇ ਡਾ. ਕਲਾਮ ਦੇ ਨਾਂ ‘ਤੇ ‘ਡਾ. ਏ. ਪੀ. ਜੇ. ਅਬਦੁਲ ਕਲਾਮ ਅਵਾਰਡ’ ਸ਼ੁਰੂ ਕੀਤਾ, ਜੋ ਵਿਗਿਆਨੀਆਂ ਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਹੈ। ਉਨ੍ਹਾਂ ਦੇ ਜਨਮ – ਦਿਨ (15 ਅਕਤੂਬਰ) ਨੂੰ ‘ਨੌਜਵਾਨ ਪੁਨਰ ਜਾਗਰਣ ਦਿਵਸ’ ਵਜੋਂ ਐਲਾਨਿਆ ਗਿਆ।
ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।