ਅਣਡਿੱਠਾ ਪੈਰਾ
ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
‘ਅਨਪੜ੍ਹ’ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਹੈ। ‘ਅਨ’ ਅਤੇ ‘ਪੜ੍ਹ’। ‘ਪੜ੍ਹ ਸ਼ਬਦ ਤੋਂ ਭਾਵ ਹੈ ਪੜ੍ਹਣਾ। ‘ਅਨ’ ਅਗੇਤ ਇਸ ਨੂੰ ਨਾਂਹ-ਵਾਚਕ ਬਣਾ ਦਿੰਦਾ ਹੈ। ਭਾਵ ਜਿਹੜਾ ਪੜ੍ਹਿਆ-ਲਿਖਿਆ ਨਾ ਹੋਵੇ। ਗਿਆਨ ਪ੍ਰਾਪਤੀ ਹੀ ਮਨੁੱਖ ਨੂੰ ਅਨਪੜ੍ਹਤਾ ਦੇ ਹਨੇਰੇ ਵਿਚੋਂ ਕੱਢਦੀ ਹੈ। ਗਿਆਨ ਵਿਹੂਣਾ ਵਿਅਕਤੀ ਪਸ਼ੂ ਵਰਗਾ ਹੀ ਹੁੰਦਾ ਹੈ। ਗਿਆਨ ਦਾ ਅੰਤ ਨਹੀਂ ਹੈ। ਮਨੁੱਖ ਆਪਣੀ ਪੈਦਾਇਸ਼ ਤੋਂ ਲੈ ਕੇ ਮੌਤ ਤਕ ਨਿਤਪ੍ਰਤੀ ਆਪਣੇ ਆਲੇ ਦੁਆਲੇ ਵਿਚੋਂ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ। ਅੱਖਰ-ਗਿਆਨ ਮਨੁੱਖ ਨੂੰ ਮਾਨਸਿਕ ਰੂਪ ਵਿਚ ਚੇਤਨ ਕਰਨ ਲਈ ਸਹਾਈ ਹੁੰਦਾ ਹੈ। ਜੀਵਨ ਵਿਚ ਪੜ੍ਹਾਈ ਦੀ ਬਹੁਤ ਮਹੱਤਤਾ ਹੈ। ਗਿਆਨ ਜੀਵਨ ਦਾ ਅਹਿਮ ਹਿੱਸਾ ਹੈ। ਗਿਆਨ ਪ੍ਰਾਪਤੀ ਮਨੁੱਖ ਨੂੰ ਹੀ ਨਹੀਂ ਦੇਸ ਨੂੰ ਵੀ ਤਰੱਕੀ ਵੱਲ ਲੈ ਜਾਂਦੀ ਹੈ। ਪੜ੍ਹੇ-ਲਿਖੇ ਵਿਅਕਤੀ ਦਾ ਆਪਣਾ ਵਜੂਦ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਹੁੰਦੀ ਹੈ ਤਾਂ ਹੀ ਉਸ ਨੂੰ ਸਮਾਜ ਵਿਚ ਇੱਜ਼ਤ ਹਾਸਲ ਹੁੰਦੀ ਹੈ। ਪੜ੍ਹਾਈ ਦਾ ਮਹੱਤਵ ਅੱਜ ਕੱਲ੍ਹ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਸੁਖਾਵਾਂ ਜੀਵਨ ਜਿਉਣ ਲਈ, ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੜਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ।
ਪ੍ਰਸ਼ਨ 1. ‘ਅਨਪੜ੍ਹ’ ਤੋਂ ਕੀ ਭਾਵ ਹੈ?
ਪ੍ਰਸ਼ਨ 2. ਗਿਆਨ ਤੋਂ ਬਿਨਾਂ ਮਨੁੱਖ ਕਿਸ ਸਮਾਨ ਹੁੰਦਾ ਹੈ?
ਪ੍ਰਸ਼ਨ 3. ਜੀਵਨ ਵਿੱਚ ਕਿਸ ਚੀਜ਼ ਦੀ ਮਹਤੱਤਾ ਹੈ?
ਪ੍ਰਸ਼ਨ 4. ਦੇਸ਼ ਕਿਸ ਚੀਜ਼ ਦੇ ਸਹਾਰੇ ਤਰੱਕੀ ਕਰਦਾ ਹੈ?
ਪ੍ਰਸ਼ਨ 5. ਸਮਾਜ ਵਿੱਚ ਕਿਸ ਦੀ ਇੱਜ਼ਤ ਜਿਆਦਾ ਹੈ?
ਪ੍ਰਸ਼ਨ 6. ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।