ਅਣਡਿੱਠਾ ਪੈਰਾ


ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :


ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਇਕ ਉਹ ਵਿਅਕਤੀ ਜਿਹੜਾ ਆਪਣੀ ਧੁਨ ਵਿਚ ਕੰਮ ਕਰੀ ਜਾ ਰਿਹਾ ਹੈ, ਉਸ ਨੂੰ ਧੁੱਪ-ਛਾਂ, ਗਰਮੀ-ਸਰਦੀ, ਭੁੱਖ-ਤ੍ਰੇਹ ਦੀ ਪਰਵਾਹ ਨਹੀਂ, ਨਾ ਕਿਸੇ ਦੇ ਤਾਹਨਿਆਂ ਮਿਹਣਿਆਂ ਦੀ ਪਰਵਾਹ ਹੈ। ਕਈ ਵਾਰ ਤਾਂ ਉਹ ਆਪਣੇ ਪਰਿਵਾਰ ਦੀ ਰੋਜ਼ੀ – ਰੋਟੀ ਦੀ ਪਰਵਾਹ ਨਹੀਂ ਕਰਦਾ, ਪਰ ਜੇ ਉਹ ਨਾ ਤਾਂ ਦੇਸ ਸੇਵਾ ਅਤੇ ਸਮਾਜ ਸੇਵਾ ਕਰੇ, ਸਗੋਂ ਇਸ ਦੇ ਪਿੱਛੇ ਲਾਲਚ, ਗੱਦੀਆਂ, ਕੁਰਸੀਆਂ ਦਾ ਹੋਵੇ ਕਿਤੇ ਕੋਈ ਮੈਂਬਰੀ ਪ੍ਰਧਾਨਗੀ ਜਾਂ ਵਜ਼ਾਰਤ ਨੂੰ ਹੱਥ ਪੈ ਜਾਵੇ ਤਾਂ ਇਹ ਸੇਵਾ ਤਾਂ ਨਾ ਹੋਈ ਨਾ। ਐਸੇ ਸੇਵਕ ਉੱਤੋਂ ਸੌਖੇ ਪਛਾਣ ਵਿਚ ਆਉਣ ਲਗਦੇ ਹਨ, ਜਦ ਉਹ ਕਿਸੇ ਸਮਾਜਿਕ ਧਾਰਮਿਕ ਸਟੇਜ ਉਤੇ ਜਾਂ ਰਾਜਨੀਤਕ ਮੰਚ ਉੱਤੇ ਆਪਣੇ ਗੁਣ ਦੱਸਣ ਦੀ ਥਾਂ, ਦੂਜਿਆਂ ਉੱਤੇ ਚਿੱਕੜ ਸੁਟਦੇ ਹਨ। ਕਈ ਵਾਰੀ ਤਾਂ ਗੁੱਟਬਾਜ਼ੀ ਐਸਾ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ ਕਿ ਗੁੱਟਾਂ ਵਿਚਕਾਰ ਹੱਥੋ-ਪਾਈ, ਘਸੁੰਨ-ਮੁੱਕੀ, ਡਾਂਗੋ-ਡਾਂਗੀ ਹੋਣ ਤੱਕ ਦੀ ਨੌਬਤ ਆ ਜਾਂਦੀ ਹੈ। ਐਸੇ ਮਨੁੱਖ ਆਪਣੇ ਆਪ ਨੂੰ ਅਖਵਾਉਂਦੇ ਤਾਂ ਸੇਵਕ ਹਨ, ਪਰ ਸੇਵਾ ਉਨ੍ਹਾਂ ਦੇ ਕਿਰਦਾਰ ਵਿਚ ਹੁੰਦੀ ਹੀ ਨਹੀਂ।


ਪ੍ਰਸ਼ਨ 1. ਕਿਸ ਨੂੰ ਧੁੱਪ, ਛਾਂ, ਗਰਮੀ, ਭੁੱਖ ਆਦਿ ਦੀ ਪਰਵਾਹ ਨਹੀਂ ਹੁੰਦੀ?

ਪ੍ਰਸ਼ਨ 2. ਕਿਹੜੀ ਸੇਵਾ, ਸੇਵਾ ਨਹੀਂ ਅਖਵਾਂਉਂਦੀ?

ਪ੍ਰਸ਼ਨ 3. ਕਿਹੜਾ ਬੰਦਾ ਆਪਣੇ ਪਰਿਵਾਰ ਦੀ ਪ੍ਰਵਾਹ ਵੀ ਨਹੀਂ ਕਰਦਾ?

ਪ੍ਰਸ਼ਨ 4. ਨੇਤਾਵਾਂ ਨੂੰ ਕਾਹਦਾ ਲਾਲਚ ਹੁੰਦਾ ਹੈ?

ਪ੍ਰਸ਼ਨ 5. ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਦਿਉ।