ਅਣਡਿੱਠਾ ਪੈਰਾ : ਸੱਚੀ ਖ਼ੁਸ਼ਹਾਲੀ
ਮੇਰੀਆਂ ਨਜ਼ਰਾਂ ਵਿਚ ਸੱਚੀ ਖ਼ੁਸ਼ਹਾਲੀ ਉਹ ਹੈ, ਜਿਦ੍ਹੇ ਵਿਚ ਨਾ ਥੋੜ੍ਹ ਦੀ ਚਿੰਤਾ ਹੋਵੇ ਤੇ ਨਾ ਹੀ ਬਹੁਲਤਾ ਦਾ ਭਾਰ ਹੋਵੇ। ਮਨੁੱਖ ਆਪਣੀ ਚੰਗੀ ਖ਼ਿਦਮਤ ਦੁਨੀਆ ਨੂੰ ਦੇਵੇ ਤੇ ਉਸ ਖ਼ਿਦਮਤ ਲਈ ਲੋੜੀਂਦੇ ਸੁਆਦਾਂ ਸਾਮਾਨਾਂ ਨੂੰ ਹੱਕ ਸਮਝੇ। ਉਹਦੇ ਕੋਲ ਥੋੜ੍ਹੀ ਜਿਹੀ ਵਿਹਲ ਹੋਵੇ ਤੇ ਉਹਦੇ ਕੋਲ ਉਹ ਸਾਰੇ ਸਾਮਾਨ ਹੋਣ, ਜਿਨ੍ਹਾਂ ਨਾਲ ਆਪਣੀ ਆਤਮਾ ਦੇ ਅੰਦਰਲੇ ਦ੍ਰਿਸ਼ ਨੂੰ ਬਾਹਰ ਨਿਰੂਪਣ ਕੀਤਾ ਜਾ ਸਕੇ। ਜਦ ਤਕ ਏਨੀ ਕੁ ਖ਼ੁਸ਼ਹਾਲੀ ਮਨੁੱਖ ਕੋਲ ਨਹੀਂ ਹੁੰਦੀ, ਉਦੋਂ ਤਕ ਉਹ ਕਦੇ ਆਪਣੀ ਅਤਿ ਚੰਗੀ ਖ਼ਿਦਮਤ ਦੁਨੀਆ ਨੂੰ ਨਹੀਂ ਦੇ ਸਕਦਾ। ਵੱਡੀ ਆਤਮਾ ਵਾਲੇ ਜੇ ਨਮੂਨੇ ਦੀ ਘਰੋਗੀ ਜ਼ਿੰਦਗੀ ਬਸਰ ਕਰ ਕੇ ਦੱਸਣ, ਤਾਂ ਉਹ ਜਨਤਾ ਨੂੰ ਵਧੇਰੇ ਉਤਸ਼ਾਹ ਦੇ ਸਕਦੇ ਹਨ ਤੇ ਕੌਮ ਦਾ ਜੀਵਨ ਉੱਚਾ ਕਰ ਸਕਦੇ ਹਨ, ਜਿਨ੍ਹਾਂ ਦੀ ਚੰਗਿਆਈ ਤੇ ਕੁਰਬਾਨੀ ਸਾਨੂੰ ਉਨ੍ਹਾਂ ਵਲ ਖਿੱਚਦੀ ਹੈ, ਪਰ ਉਨ੍ਹਾਂ ਦਾ ਪ੍ਰਯੋਗੀ ਜੀਵਨ ਸਾਡੇ ਲਈ ਨਮੂਨਾ ਨਹੀਂ ਸਮਝਿਆ ਜਾ ਸਕਦਾ। ਕਿਸੇ ਦੇ ਘਰ ਖਾਣ ਨੂੰ ਨਹੀਂ, ਕੋਈ ਉਂਞ ਘਰ ਹੂੰਜਾ ਫੇਰ ਕੇ ਨਾਂਗਾ ਹੋਈ ਬੈਠਾ ਹੈ। ਇਹ ਆਦਮੀ ਕੌਮ ਦਾ ਬਹੁਤ ਕੁੱਝ ਸੁਆਰਦੇ ਹਨ, ਜੇ ਇਕ ਕਾਮਯਾਬ ਖ਼ੁਦਗਰਜ਼ ਸੁਚੱਜਾ, ਸੋਹਣਾ ਜੀਵਨ ਬਤੀਤ ਕਰ ਕੇ ਸਾਨੂੰ ਆਪਣੇ ਵਰਗਾ ਹੋਣ ਲਈ ਪ੍ਰੇਰਦੇ ਹਨ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਲੇਖਕ ਅਨੁਸਾਰ ਸੱਚੀ ਖ਼ੁਸ਼ਹਾਲੀ ਕੀ ਹੁੰਦੀ ਹੈ?
ਉੱਤਰ : ਲੇਖਕ ਅਨੁਸਾਰ ਸੱਚੀ ਖ਼ੁਸ਼ਹਾਲੀ ਉਹ ਹੈ, ਜਿਸ ਵਿਚ ਨਾ ਥੋੜ੍ਹ ਦੀ ਚਿੰਤਾ ਹੁੰਦੀ ਹੈ ਤੇ ਨਾ ਬਹੁਲਤਾ ਦਾ ਭਾਰ। ਮਨੁੱਖ ਕੋਲ ਥੋੜ੍ਹੀ ਜਿਹੀ ਵਿਹਲ ਹੋਵੇ ਤੇ ਉਸ ਕੋਲ ਉਹ ਸਾਰੀਆਂ ਚੀਜ਼ਾਂ ਹੋਣ, ਜਿਨ੍ਹਾਂ ਨਾਲ ਉਹ ਆਪਣੀ ਆਤਮਾ ਦੇ ਅੰਦਰਲੇ ਦ੍ਰਿਸ਼ ਨੂੰ ਬਾਹਰ ਪੇਸ਼ ਕਰ ਸਕੇ।
ਪ੍ਰਸ਼ਨ (ਅ) ਲੋੜੀਂਦੀ ਖ਼ੁਸ਼ਹਾਲੀ ਨਾ ਹੋਵੇ, ਤਾਂ ਮਨੁੱਖ ਕਿਹੜਾ ਜ਼ਰੂਰੀ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ?
ਉੱਤਰ: ਲੋੜੀਂਦੀ ਖੁਸ਼ਹਾਲੀ ਨਾ ਹੋਣ ਦੀ ਸੂਰਤ ਵਿਚ ਮਨੁੱਖ ਆਪਣੀ ਸੱਚੀ ਖ਼ਿਦਮਤ ਦੁਨੀਆ ਨੂੰ ਨਹੀਂ ਦੇ ਸਕਦਾ।
ਪ੍ਰਸ਼ਨ (ੲ) ਵੱਡੀ ਆਤਮਾ ਵਾਲੇ ਜਨਤਾ ਨੂੰ ਵਧੇਰੇ ਉਤਸ਼ਾਹ ਕਿਵੇਂ ਦੇ ਸਕਦੇ ਹਨ?
ਉੱਤਰ : ਵੱਡੀ ਆਤਮਾ ਵਾਲੇ ਜਨਤਾ ਨੂੰ ਤਦ ਵਧੇਰੇ ਉਤਸ਼ਾਹ ਦੇ ਸਕਦੇ ਹਨ, ਜੇਕਰ ਉਹ ਨਮੂਨੇ ਦੀ ਘਰੋਗੀ ਜ਼ਿੰਦਗੀ ਬਤੀਤ ਕਰ ਕੇ ਦੱਸਣ।
ਪ੍ਰਸ਼ਨ (ਸ) ਕਈ ਉੱਚ ਖ਼ਿਆਲੀ ਆਗੂ ਤੇ ਮਹਾਤਮਾ ਸਾਡੇ ਲਈ ਨਮੂਨਾ ਕਿਉਂ ਨਹੀਂ ਬਣਦੇ?
ਉੱਤਰ : ਕਈ ਉੱਚ-ਖ਼ਿਆਲੀ ਤੇ ਮਹਾਤਮਾ ਸਾਡੇ ਲਈ ਨਮੂਨਾ ਇਸ ਕਰਕੇ ਨਹੀਂ ਬਣਦੇ, ਕਿਉਂਕਿ ਉਹ ਆਪ ਚੰਗਿਆਈ ਤੇ ਕੁਰਬਾਨੀ ਭਰਿਆ ਜੀਵਨ ਨਹੀਂ ਗੁਜ਼ਾਰਦੇ।
ਪ੍ਰਸ਼ਨ (ਹ) ਲੇਖਕ ਅਨੁਸਾਰ ਇਹ ਆਗੂ ਆਪਣੀ ਕੌਮ ਦਾ ਬਹੁਤ ਕੁੱਝ ਕਿਵੇਂ ਸੁਆਰ ਸਕਦੇ ਹਨ?
ਉੱਤਰ : ਇਹ ਆਗੂ ਆਪਣੀ ਕੌਮ ਦਾ ਬਹੁਤ ਕੁੱਝ ਤਦ ਸੁਆਰ ਸਕਦੇ ਹਨ, ਜੇਕਰ ਉਹ ਸੁਚੱਜਾ ਤੇ ‘ਸੋਹਣਾ’ ਜੀਵਨ ਬਤੀਤ ਕਰ ਕੇ ਲੋਕਾਂ ਨੂੰ ਆਪਣੇ ਵਰਗਾ ਹੋਣ ਦੀ ਪ੍ਰੇਰਨਾ ਦੇਣ।