ਅਣਡਿੱਠਾ ਪੈਰਾ : ਸੁਲੱਖਣਾ ਬੰਦਾ
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਤੇ ਉਸ ਦੇ ਹੇਠਾਂ ਪੁੱਛੇ ਗਏ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰਾਂ ਦੇ ਸਹੀ ਉੱਤਰ ਦਿਓ।
ਸੁਲੱਖਣਾ ਬੰਦਾ ਵੱਡਿਆਂ ਦਾ ਸਤਿਕਾਰ ਕਰਦਾ ਹੈ, ਉਹਨਾਂ ਨੂੰ ਪਹਿਲ ਦਿੰਦਾ ਹੈ, ਬਰਾਬਰ ਦਿਆਂ ਦਾ ਮਾਣ ਕਰਦਾ ਹੈ, ਛੋਟਿਆਂ ਦਾ ਆਦਰ ਕਰਦਾ ਹੈ, ਉਹਨਾਂ ਨੂੰ ਰਾਹ ਪਾਉਂਦਾ ਹੈ, ਇਸਤਰੀਆਂ ਤੋਂ ਅੱਖ ਨੀਵੀਂ ਰੱਖਦਾ ਹੈ, ਯਥਾਸ਼ਕਤੀ ਆਪਣੀ ਲੋੜ ਉਹਨਾਂ ਦੇ ਪਿੱਛੇ ਰੱਖਦਾ ਹੈ। ਇਸਤਰੀ ਜਾਤੀ ਦਾ ਹਰ ਥਾਂ ਮਾਣ ਕਰਨਾ ਤੇ ਉਸ ਨੂੰ ਪਹਿਲ ਦੇਣੀ ਸੁਲੱਖਣੇ ਬੰਦਿਆਂ ਦਾ ਵੱਡਾ ਚਿੰਨ੍ਹ ਹੈ।ਸਾਊ ਬੰਦੇ ਦੀ ਮੋਟੀ ਜਿਹੀ ਨਿਸ਼ਾਨੀ ਇਹ ਹੈ ਕਿ ਉਹ ਕਦੇ ਕਾਹਲਾ, ਹਫਲਿਆ ਤੇ ਆਪੇ ਤੋਂ ਬਾਹਰ ਨਹੀਂ ਦਿਸੇਗਾ। ਲੋਕ ਗੱਡੀ ਚੜ੍ਹਨ ਲਈ ਇੰਞ ਭੱਜਦੇ ਤੇ ਧੱਕਮ-ਧੱਕਾ ਹੁੰਦੇ ਹਨ, ਜਿਵੇਂ ਅੱਗ ਲੱਗ ਗਈ ਹੁੰਦੀ ਹੈ, ਪਰ ਸੁਚੱਜਾ ਆਦਮੀ ਅਡੋਲ ਟਿਕਿਆ ਰਹਿੰਦਾ ਹੈ। ਕਾਹਲ ਤੇ ਤਿੱਖਾਪਣ ਭਾਵੇਂ ਤੁਰਨ-ਫਿਰਨ ਵਿੱਚ ਹੋਵੇ, ਭਾਵੇਂ ਅੱਖਾਂ ਦਾ ਹੋਵੇ, ਭਾਵੇਂ ਜ਼ਬਾਨ ਦਾ, ਸ਼ੋਭਾ ਨਹੀਂ ਦਿੰਦਾ। ਆਪੋ-ਵਿੱਚ ਗੱਲ ਕਰਦਿਆਂ ਦੂਜਿਆਂ ਦਾ ਖ਼ਿਆਲ ਰੱਖਣਾ, ਉੱਚਾ ਨਾ ਬੋਲਣਾ, ਨਾ ਹਿੜ-ਹਿੜ ਕਰ ਕੇ ਹੱਸਣਾ, ਦੂਜਿਆਂ ਵੱਲ ਨਾ ਘੂਰਨਾ ਤੇ ਉਹਨਾਂ ਦੀਆਂ ਚੀਜ਼ਾਂ ਨੂੰ ਗਹੁ ਨਾਲ ਨਾ ਪੜਤਾਲਣਾ, ਕਿਸੇ ਦੀ ਪੁਸਤਕ ਜਾਂ ਅਖ਼ਬਾਰ ਪੜ੍ਹਨ ਦੀ ਕੋਸ਼ਿਸ਼ ਨਾ ਕਰਨੀ, ਨਾ ਹੱਥ ਵਿੱਚੋਂ ਖੋਹਣ ਦਾ ਯਤਨ ਕਰਨਾ, ਦੂਜੇ ਨੂੰ ਆਪਣੇ ਕਰ ਕੇ ਕੋਈ ਔਖ ਨਾ ਦੇਣਾ, ਤੇ ਜੇ ਬੇਵੱਸੀ ਨਾਲ ਦਿੱਤੀ ਜਾਵੇ ਤਾਂ ਖਿਮਾ ਮੰਗਣੀ, ਇਹ ਮੋਟੇ ਜਿਹੇ ਨਿਯਮ ਹਨ; ਵਰਤਣ ਤੇ ਬੈਠਣ ਦੇ।
ਪ੍ਰਸ਼ਨ. ਵੱਡਿਆਂ ਦਾ ਸਤਿਕਾਰ ਤੇ ਬਰਾਬਰ ਦਿਆਂ ਨੂੰ ਮਾਣ ਕੌਣ ਦਿੰਦਾ ਹੈ?
(ੳ) ਸੁਲੱਖਣਾ ਬੰਦਾ
(ੲ) ਆਪ ਹੁਦਰਾ
(ਅ) ਹਰ ਕੋਈ
(ਸ) ਕਾਹਲੇ ਸੁਭਾਅ ਵਾਲਾ
ਪ੍ਰਸ਼ਨ. ਸੁਲੱਖਣੇ ਬੰਦਿਆਂ ਦਾ ਵੱਡਾ ਚਿੰਨ੍ਹ ਕਿਹੜਾ ਹੈ?
(ੳ) ਵੱਡਿਆਂ ਦਾ ਸਤਿਕਾਰ
(ਅ) ਲੋਕਾਂ ਨੂੰ ਰਾਹੇ ਪਾਉਣਾ
(ੲ) ਇਸਤਰੀਆਂ ਦਾ ਹਰ ਥਾਂ ਮਾਣ ਸਤਿਕਾਰ ਕਰਨਾ
(ਸ) ਇਨ੍ਹਾਂ ‘ਚੋਂ ਕੋਈ ਵੀ ਨਹੀਂ
ਪ੍ਰਸ਼ਨ. ਸਾਊ ਬੰਦੇ ਦੀ ਮੋਟੀ ਜਿਹੀ ਨਿਸ਼ਾਨੀ ਕਿਹੜੀ ਦੱਸੀ ਗਈ ਹੈ?
(ੳ) ਕਦੇ ਕਾਹਲਾ ਨਹੀਂ ਪੈਂਦਾ
(ਅ) ਹਫੜ-ਦਫੜ ਕਰਦਾ
(ੲ) ਵੱਡਿਆਂ ਦਾ ਸਤਿਕਾਰ ਕਰਦਾ
(ਸ) ਗੁੱਸੇਖੋਰਾ
ਪ੍ਰਸ਼ਨ. ਕੌਣ ਗੱਡੀ ਚੜ੍ਹਨ ਲਈ ਧੱਕਮ-ਧੱਕਾ ਕਰਦੇ ਹਨ?
(ੳ) ਸਾਊ
(ਅ) ਸੁਲੱਖਣੇ
(ੲ) ਆਮ ਲੋਕ
(ਸ) ਸਮਝਦਾਰ
ਪ੍ਰਸ਼ਨ. ਖ਼ਾਲੀ ਥਾਂ ਭਰੋ :
ਪਰ ਸੁਚੱਜਾ ਆਦਮੀ ………. ਟਿਕਿਆ ਰਹਿੰਦਾ ਹੈ।
(ੳ) ਅਰਾਮ ਨਾਲ
(ਅ) ਅਡੋਲ
(ੲ) ਸਬਰ ਨਾਲ
(ਸ) ਡਾਵਾਂਡੋਲ
ਪ੍ਰਸ਼ਨ. ਦੂਜਿਆਂ ਦਾ ਖ਼ਿਆਲ ਖਾਸ ਕਰਕੇ ਕਦੋਂ ਰੱਖਣਾ ਚਾਹੀਦਾ ਹੈ?
(ੳ) ਆਪੋ ਵਿੱਚ ਗੱਲ ਕਰਦਿਆਂ
(ਅ) ਸਫ਼ਰ ਕਰਦਿਆਂ
(ੲ) ਰੋਟੀ ਖਾਂਦਿਆਂ
(ਸ) ਅਖ਼ਬਾਰ ਪੜਦਿਆਂ
ਪ੍ਰਸ਼ਨ. ਉਪਰੋਕਤ ਪੈਰੇ ਅਨੁਸਾਰ ਵਰਤਣ ਤੇ ਬੈਠਣ ਦੇ ਮੋਟੇ ਨਿਯਮ ਕਿਹੜੇ ਹਨ?
(ੳ) ਉੱਚਾ ਨਾ ਬੋਲਣਾ
(ਅ) ਕਿਸੇ ਦੀ ਪੁਸਤਕ ਜਾਂ ਅਖ਼ਬਾਰ ਨਾ ਪੜ੍ਹਨੀ
(ੲ) ਆਪੋ ਵਿੱਚ ਗੱਲ ਕਰਦਿਆਂ ਇੱਕ ਦੂਜੇ ਦਾ ਖ਼ਿਆਲ ਰੱਖਣਾ
(ਸ) ਉਪਰੋਕਤ ਸਾਰੇ ਹੀ
ਪ੍ਰਸ਼ਨ. ਪੈਰੇ ਦਾ ਢੁਕਵਾਂ ਸਿਰਲੇਖ ਦੱਸੋ।
(ੳ) ਸੁਲੱਖਣਾ ਬੰਦਾ/ਸੁਲਝਿਆ ਇਨਸਾਨ
(ਅ) ਸਾਊ ਬੰਦੇ ਦੇ ਫ਼ਰਜ਼
(ੲ) ਜੀਵਨ ਜਾਚ ਦੇ ਤਰੀਕੇ
(ਸ) ਆਪਸੀ ਮਿਲਵਰਤਣ