ਅਣਡਿੱਠਾ ਪੈਰਾ : ਮਾਤ-ਭਾਸ਼ਾ


ਮਾਤ-ਭਾਸ਼ਾ ਦੀ ਸਿੱਖਿਆ ਤੋਂ ਬਗ਼ੈਰ ਕੋਈ ਵਿਦਿਆਰਥੀ ਸਿੱਖਿਆ ਦੇ ਖੇਤਰ ਵਿਚ ਸਿਖਰਾਂ ਨਹੀਂ ਛੂਹ ਸਕਦਾ। ਉਹ ਸਾਰੀ ਉਮਰ ਲੰਗੜਾ ਕੇ ਤੁਰਦਾ ਹੈ ਅਤੇ ਆਪਣੇ ਪੈਰਾਂ ‘ਤੇ ਸਿੱਧਾ ਖੜ੍ਹਾ ਨਹੀਂ ਹੋ ਸਕਦਾ। ਮਾਤ-ਭਾਸ਼ਾ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕੋ-ਇੱਕ ਉੱਤਮ ਸਾਧਨ ਹੈ। ਇਹੋ ਕਾਰਨ ਹੈ ਕਿ ਵਿਦਵਾਨਾਂ ਨੇ ਮਾਤ-ਭਾਸ਼ਾ ਨੂੰ ਹੀ ਸਿੱਖਿਆ ਦੇਣ ਦਾ ਯੋਗ ਅਤੇ ਸਹੀ ਮਾਧਿਅਮ ਮੰਨਿਆ ਹੈ। ਕਿਸੇ ਦੂਜੀ ਭਾਸ਼ਾ ਨੂੰ ਸਿੱਖਣ-ਸਿਖਾਉਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ਜਿਹੜਾ ਕਿ ਗਿਆਨ- ਵਿਗਿਆਨ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ। ਸਿੱਖਿਆ ਦੇ ਖੇਤਰ ਵਿੱਚ ਜਿੰਨੇ ਵੀ ਦਾਰਸ਼ਨਿਕ ਹਨ ਉਨ੍ਹਾਂ ਨੇ ਸਦਾ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਇਹ ਗੱਲ ਬੜੇ ਹੀ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਾਡੇ ਦੇਸ਼-ਵਾਸੀਆਂ ਨੂੰ ਅਜੇ ਤੱਕ ਇਸ ਦੀ ਸਮਝ ਨਹੀਂ ਆਈ। ਅਸੀਂ ਅਜੇ ਤੱਕ ਵੀ ਵਿਦੇਸ਼ੀ ਭਾਸ਼ਾ ਦੇ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣੀ ਚਾਹੁੰਦੇ ਹਾਂ। ਅਮੀਰ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਭਾਸ਼ਾ ਰਾਹੀਂ ਦਿੱਤੀ ਜਾਂਦੀ ਸਿੱਖਿਆ ਪ੍ਰਾਪਤ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਨ। ਸਾਨੂੰ ਇਸ ਸੰਬੰਧੀ ਗੰਭੀਰ ਵਿਚਾਰ ਕਰਨ ਦੀ ਲੋੜ ਹੈ। ਅਸੀਂ ਬਹਾਨੇ ਲਾ ਰਹੇ ਹਾਂ ਕਿ ਅੰਗਰੇਜ਼ੀ ਮਾਧਿਅਮ ਹੀ ਸਾਡੇ ਲਈ ਕਲਿਆਣਕਾਰੀ ਹੈ ਪਰ ਜੇ ਥੋੜ੍ਹਾ ਗੰਭੀਰਤਾ ਨਾਲ ਵਿਚਾਰੀਏ ਤਾਂ ਸਾਨੂੰ ਆਪਣੀ ਗ਼ਲਤੀ ਦਾ ਛੇਤੀ ਹੀ ਪਤਾ ਲੱਗ ਜਾਂਦਾ ਹੈ।


ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ (ੳ) ਮਾਤ-ਭਾਸ਼ਾ ਤੋਂ ਬਿਨਾਂ ਬੱਚੇ ਦਾ ਕੀ ਹਾਲ ਹੁੰਦਾ ਹੈ?

ਉੱਤਰ : ਮਾਤ-ਭਾਸ਼ਾ ਦੀ ਸਿੱਖਿਆ ਤੋਂ ਬਿਨਾਂ ਕੋਈ ਬੱਚਾ ਸਿੱਖਿਆ ਦੇ ਖੇਤਰ ਵਿਚ ਸਿਖਰਾਂ ਨਹੀਂ ਛੂਹ ਸਕਦਾ। ਉਹ ਸਾਰੀ ਉਮਰ ਲੰਙੜਾ ਕੇ ਤੁਰਦਾ ਹੈ ਤੇ ਸਿੱਧਾ ਖੜ੍ਹਾ ਨਹੀਂ ਹੋ ਸਕਦਾ।

ਪ੍ਰਸ਼ਨ (ਅ) ਮਾਤ-ਭਾਸ਼ਾ ਸਿੱਖਿਆ ਦਾ ਯੋਗ ਅਤੇ ਸਹੀ ਸਾਧਨ ਕਿਉਂ ਮੰਨਿਆ ਗਿਆ ਹੈ?

ਉੱਤਰ : ਮਾਤ-ਭਾਸ਼ਾ ਨੂੰ ਸਿੱਖਿਆ ਦਾ ਯੋਗ ਤੇ ਸਹੀ ਸਾਧਨ ਇਸ ਕਰਕੇ ਮੰਨਿਆ ਗਿਆ ਹੈ ਕਿਉਂਕਿ ਕਿਸੇ ਦੂਜੀ ਭਾਸ਼ਾ ਨੂੰ ਸਿੱਖਣ-ਸਿਖਾਉਣ ਉੱਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ, ਜੋ ਕਿ ਗਿਆਨ-ਵਿਗਿਆਨ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ।

ਪ੍ਰਸ਼ਨ (ੲ) ਸਿੱਖਿਆ-ਖੇਤਰ ਦੇ ਦਾਰਸ਼ਨਿਕ ਕਿਸ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ‘ਤੇ ਜ਼ੋਰ ਦਿੰਦੇ ਹਨ?

ਉੱਤਰ : ਸਿੱਖਿਆ ਦੇ ਖੇਤਰ ਵਿਚ ਦਾਰਸ਼ਨਿਕ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ‘ਤੇ ਜ਼ੋਰ ਦਿੰਦੇ ਹਨ।

ਪ੍ਰਸ਼ਨ (ਸ) ਅਮੀਰ ਪਰਿਵਾਰਾਂ ਦੇ ਬੱਚੇ ਕੀ ਸਮਝਦੇ ਹਨ?

ਉੱਤਰ : ਅਮੀਰ ਪਰਿਵਾਰਾਂ ਦੇ ਬੱਚੇ ਅੰਗਰੇਜ਼ੀ ਭਾਸ਼ਾ ਰਾਹੀਂ ਦਿੱਤੀ ਜਾਂਦੀ ਸਿੱਖਿਆ ਪ੍ਰਾਪਤ ਕਰਨ ਵਿਚ ਆਪਣੀ ਸ਼ਾਨ ਸਮਝਦੇ ਹਨ।

ਪ੍ਰਸ਼ਨ (ਹ) ਅਸੀਂ ਕੀ ਬਹਾਨੇ ਲਾ ਰਹੇ ਹਾਂ?

ਉੱਤਰ : ਅਸੀਂ ਬਹਾਨੇ ਲਾ ਰਹੇ ਹਾਂ ਕਿ ਸਿੱਖਿਆ ਲਈ ਅੰਗਰੇਜ਼ੀ ਮਾਧਿਅਮ ਹੀ ਸਾਡੇ ਲਈ ਕਲਿਆਣਕਾਰੀ ਹੈ।