ਅਣਡਿੱਠਾ ਪੈਰਾ – ਮਨ ਦੀ ਸੋਚ
ਮਨ ਦੀ ਸੋਚ ਅਤੇ ਸਚਾਈ
ਜਿੰਨਾ ਚਿਰ ਕਿਸੇ ਚੀਜ਼ ਦੀ ਭੁੱਖ ਹੈ, ਮਨ ਕੰਗਾਲ ਹੈ, ਮੰਗਤਾ ਹੈ, ਭੁੱਖ ਦੀ ਅਲਖ ਹੀ ਮੁਕਾ ਦਿੱਤੀ, ਅੰਦਰ ਬੈਠ ਕੇ ਤੇ ਸਭ ਝਾਕਾ ਤਜ ਕੇ, ਤਦ ਬਾਦਸ਼ਾਹੀਆਂ ਦਰ ਵਿੱਚ ਆ ਖਲੋਂਦੀਆਂ ਹਨ। ਮਨ ਦੀ ਮੌਜ ਵਿੱਚ ਸਾਰੀਆਂ ਮੌਜਾਂ ਹਨ। ਸਾਰੇ ਭੋਗਾਂ ਨੂੰ ਭੋਗ ਕੇ ਸੁਆਦ ਲੈਣ ਵਾਲਾ ਮਨ ਹੀ ਹੈ। ਸਿਨੇਮਾ ਵਿੱਚ ਬੈਠਿਆ ਆਸ਼ਕ ਮਾਸ਼ੂਕ ਦੀ ਤਸਵੀਰ ਵੇਖਦਿਆਂ ਦਰਸ਼ਕ ਨੂੰ ਖ਼ਿਆਲ ਆਇਆ ਮੈਂ ਇਕੱਲਾ ਸਿਨੇਮਾ ਵੇਖ ਰਿਹਾ ਹਾਂ ਮੇਰੀ ਪਿਆਰੀ ਤਾਂ ਹੈ ਹੀ ਨਹੀਂ। ਸਿਨੇਮਾ ਦਾ ਪਰਦਾ ਝਾਉਲਾ ਪੈ ਗਿਆ, ਕਹਾਣੀ ਭੁੱਲ ਗਈ, ਉਠਿਆ, ਉੱਠ ਕੇ ਬਾਹਰ ਚਲਿਆ ਗਿਆ, ਯਾਰਾਂ ਬਿਨਾਂ ਕੀ ਤਮਾਸ਼ੇ ਤੇ ਕੀ ਖੇਲ। ਯਾਰ ਮਿਲ ਗਏ, ਯਾਰਾਂ ਤੋਂ ਗੁਲਜ਼ਾਰ ਬਣ ਗਿਆ, ਫੁੱਲ ਵੀ ਖਿੜੇ ਨਾਲ ਕੰਡੇ ਵੀ ਉੱਠੇ – ਚਿਰਾਂ ਪਿੱਛੋਂ – ਜਦ ਸਾਰੇ ਸੁਆਦ ਲੈ ਚੁੱਕਾ, ਜਦ ਯਾਰਾਂ ਦੇ ਬਹਾਰਾਂ ਦੇ ਰੰਗ ਫਿੱਕੇ ਪੈ ਗਏ, ਕਾਲਿਆਂ ਤੋਂ ਧੌਲੇ ਹੋ ਗਏ, ਇੱਕ ਦਿਨ ਮਨ ਨੇ ਫੇਰ ਕਰਵਟ ਬਦਲੀ, ਆਖਣ ਲੱਗਾ – ਕੀ ਪਿਆ ਏਸ ਸਿਨਮੇ ਵਿੱਚ। ਉਹ ਉੱਠਿਆ, ਉੱਠ ਕੇ ਸਿਨੇਮੇ ਤੋਂ ਪੱਲਾ ਝਾੜ ਕੇ ਤੁਰ ਪਿਆ। ਅੱਖ ਖੁੱਲ੍ਹ ਗਈ। ਜਿਨ੍ਹਾਂ ਚੀਜ਼ਾਂ ਨੂੰ ਜੱਫੇ ਮਾਰੀ ਬੈਠਾ ਸੀ, ਵਗਾਹ ਮਾਰੀਆਂ। ਉੱਪਰੋਂ ਦੂਰੋਂ ਡਿੱਠਾ ਕਿ ਮੈਂ ਆਪ ਤਮਾਸ਼ਾ ਬਣਿਆ ਰਿਹਾ ਹਾਂ – ਕਿੰਨਾ ਚੰਗਾ ਹੁੰਦਾ ਜਿਸ ਦਿਨ ਛੋਟੇ ਸਿਨੇਮੇ ਵਿੱਚੋਂ ਨਿਕਲਿਆ ਸਾਂ, ਏਸ ਵੱਡੇ ਸਿਨੇਮੇ ਨੂੰ ਵੀ ਨਮਸਕਾਰ ਕਰ ਦੇਂਦਾ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਮਨ ਦੀ ਅਵਸਥਾ ਬਾਰੇ ਕੀ ਕਿਹਾ ਗਿਆ ਹੈ?
(ੳ) ਸਰੀਰ ‘ਤੇ ਨਿਰਭਰ
(ਅ) ਸੋਚ ‘ਤੇ ਨਿਰਭਰ
(ੲ) ਸਮਾਜ ‘ਤੇ ਨਿਰਭਰ
(ਸ) ਪਰਿਵਾਰ ‘ਤੇ ਨਿਰਭਰ
ਪ੍ਰਸ਼ਨ 2 . ਸਿਨੇਮੇ ਵਿੱਚ ਬੈਠੇ ਦਰਸ਼ਕਾਂ ਨੂੰ ਕੀ ਮਹਿਸੂਸ ਹੋਇਆ?
(ੳ) ਪ੍ਰੇਮਿਕਾ ਨਾਲ ਬੈਠਾ ਹੋਇਆ
(ਅ) ਇੱਕਠਾ ਬੈਠਾ
(ੲ) ਦੋਸਤਾਂ ਨਾਲ ਬੈਠਾ
(ਸ) ਪਰਿਵਾਰ ਨਾਲ ਬੈਠਾ ਹੋਇਆ
ਪ੍ਰਸ਼ਨ 3 . ਮਨ ਨੇ ਦੁਬਾਰਾ ਫਿਰ ਕਰਵਟ ਕਿਉਂ ਬਦਲੀ ਅਤੇ ਉਸ ਨੂੰ ਕੀ ਅਹਿਸਾਸ ਹੋਇਆ?
(ੳ) ਦੁਨੀਆ ਇੱਕ ਰੰਗ – ਤਮਾਸ਼ਾ ਹੈ
(ਅ) ਦੁਨੀਆ ਇੱਕ ਸਿਨਮਾ ਘਰ ਹੈ
(ੲ) ਦੁਨੀਆ ਗ਼ਮਗੀਨ ਹੈ
(ਸ) ਦੁਨੀਆ ਬਹੁਤ ਵਧੀਆ ਹੈ
ਪ੍ਰਸ਼ਨ 4 . ਉਸ ਨੇ ਕੀ ਸੋਚਿਆ?
(ੳ) ਖਾਹਸ਼ਾਂ ਦਾ ਤਿਆਗ
(ਅ) ਮਨ – ਪਰਚਾਵਾ
(ੲ) ਮਨ ਦੀ ਕੰਗਾਲਤਾ ਬਾਰੇ
(ਸ) ਆਪਣੀ ਅਮੀਰੀ ਬਾਰੇ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਮਨ ਦੀ ਸੋਚ ਅਤੇ ਸਚਾਈ
(ਅ) ਸਿਨੇਮਾ ਘਰ
(ੲ) ਸਿਨੇਮਾ ਨੂੰ ਨਮਸਕਾਰ
(ਸ) ਰੰਗ ਤਮਾਸ਼ੇ