ਅਣਡਿੱਠਾ ਪੈਰਾ – ਭੂਆ ਦਾ ਪਿਆਰ

ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਮੈਂ ਪੀੜ੍ਹੀ ‘ਤੇ ਬੈਠਾ ਸਾਂ, ਭੂਆ ਭੁੰਜੇ ਬੈਠੀ ਦੋਹਾਂ ਹੱਥਾਂ ਨਾਲ ਮੇਰੀ ਪਿੱਠ, ਮੇਰਾ ਸਿਰ, ਮੇਰਾ ਮੂੰਹ ਪਿਆਰਦੀ ਹੋਈ ਮੇਰੇ ਘਰ – ਬਾਰ ਦੀ, ਮੇਰੇ ਬਾਲਾਂ, ਮੇਰੀ ਘਰਵਾਲੀ ਦੀ ਸੁਖ-ਸਾਂਦ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ਼ ਇੱਕ ਉੱਤਰ ਘੜੀ-ਮੁੜੀ ਦੁਹਰਾਇਆ ਜਾ ਰਿਹਾ ਸੀ, “ਹਾਂ ਜੀ, ਆਹੋ ਜੀ, ਜੀ।” ਮੈਂ ਉਸ ਵੇਲੇ ਸੱਚ-ਮੁੱਚ ਆਪਣੇ ਆਪ ਨੂੰ ਦਾੜ੍ਹੀ ਵਾਲਾ ਕਾਕਾ ਅਨੁਭਵ ਕਰ ਰਿਹਾ ਸੀ। ਤੇ “ਕੁੜੇ ਉੱਠ ਕੇ ਰੋਟੀ ਟੁੱਕ ਦਾ ਆਹਰ ਕਰ। ਮੁੰਡਾ ਵੱਡੇ ਵੇਲੇ ਦਾ ਭੁੱਖਾ-ਭਾਣਾ ਹੋਵੇਗਾ”, ਕਹਿ ਕੇ ਭੂਆ ਨੇ ਨੂੰਹ ਨੂੰ ਰਸੋਈ ਵੱਲ ਨਸਾਇਆ। ਮੈਂ ਬਥੇਰੀ ਨਾਂਹ-ਨੁੱਕਰ ਕੀਤੀ ਪਰ ਉੱਥੇ ਸੁਣਾਈ ਕਾਹਨੂੰ ਹੋਣੀ ਸੀ। ਭੁੱਖ ਮੈਨੂੰ ਉੱਕਾ ਨਹੀਂ ਸੀ। ਦੁਪਹਿਰ ਨੂੰ ਜੰਞ ਦੀ ਵਿਦਾਇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਿਆਈ ਖਾਣੀ ਪਈ ਸੀ। ਉਸ ਨਾਲ ਤਬੀਅਤ ਦਿੱਕ ਹੋ ਗਈ ਸੀ। ਮੈਂ ਦਿਲ ਨਾਲ ਫ਼ੈਸਲਾ ਕੀਤਾ ਸੀ ਕਿ ਰਾਤੀਂ ਕੁਝ ਨਹੀਂ ਖਾਵਾਂਗਾ। ‘ਓ, ਮੇਰਿਆ ਰੱਬਾ!’ ਮੇਰੇ ਅੰਦਰੋਂ ਡਰ ਭਰੀ ਅਵਾਜ਼ ਨਿਕਲੀ ਜਦੋਂ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ-ਨੱਕ ਪਰੋਸਿਆ ਥਾਲ ਵੇਖਿਆ-ਚੱਕੀ ਦੇ ਪੁੜ ਜਿੱਡੇ ਦੋ ਪਰੌਂਂਠੇ, ਜਿਨ੍ਹਾਂ ਵਿੱਚੋਂ ਘਿਓ ਵਗ-ਵਗ ਕੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ-ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉੱਸਰਿਆ ਸੀ ਤੇ ਜਿਸ ਉੱਤੇ ਬੁੱਕ ਸਾਰੀ ਸ਼ੱਕਰ ਦੀ ਤਹਿ ਵਿਛੀ ਹੋਈ ਸੀ।


ਪ੍ਰਸ਼ਨ 1. ਲੇਖਕ ਆਪਣੇ-ਆਪ ਨੂੰ ਕਿਹੜਾ ਕਾਕਾ ਅਨੁਭਵ ਕਰ ਰਿਹਾ ਸੀ?

(ੳ) ਅਨਪੜ੍ਹ
(ਅ) ਪੜ੍ਹਿਆ-ਲਿਖਿਆ
(ੲ) ਦਾੜ੍ਹੀ ਵਾਲਾ
(ਸ) ਪੇਂਡੂ

ਪ੍ਰਸ਼ਨ 2. ਕਿਸ ਨੂੰ ਉੱਕਾ ਭੁੱਖ ਨਹੀਂ ਸੀ ?

(ੳ) ਭੂਆ ਨੂੰ
(ਅ) ਨੂੰਹ ਨੂੰ
(ੲ) ਮਾਮੀ ਨੂੰ
(ਸ) ਲੇਖਕ ਨੂੰ

ਪ੍ਰਸ਼ਨ 3. ਲੇਖਕ ਨੇ ਆਪਣੇ ਅੱਗੇ ਕਿਹੜਾ ਥਾਲ ਦੇਖਿਆ?

(ੳ) ਖ਼ਾਲੀ
(ਅ) ਨੱਕੋ-ਨੱਕ ਪਰੋਸਿਆ
(ੲ) ਮਠਿਆਈ ਦਾ
(ਸ) ਪੂਰੀਆਂ ਦਾ

ਪ੍ਰਸ਼ਨ 4. ਪਰੌਠੇ ਆਕਾਰ ਵਿੱਚ ਕਿੱਡੇ-ਕਿੱਡੇ ਸਨ ?

(ੳ) ਵੱਡੇ
(ਅ) ਬਹੁਤ ਵੱਡੇ
(ੲ) ਚੱਕੀ ਦੇ ਪੁੜ ਜਿੱਡੇ
(ਸ) ਥਾਲ ਜਿੱਡੇ

ਪ੍ਰਸ਼ਨ 5. ਥਾਲ ਵਿੱਚ ਪਰੌਂਠਿਆਂ ਤੋਂ ਬਿਨਾਂ ਹੋਰ ਕੀ ਸੀ ?

(ੳ) ਮੋਟੀਆਂ-ਮੋਟੀਆਂ ਸੇਵੀਆਂ ਦਾ ਢੇਰ
(ਅ) ਬਰਫ਼ੀ
(ੲ) ਮੱਖਣ
(ਸ) ਅਚਾਰ