ਅਣਡਿੱਠਾ ਪੈਰਾ : ਭਾਸ਼ਣ ਕਲਾ
ਸ਼ੁਰੂ ਤੋਂ ਹੀ ਮਨੁੱਖ ਦੂਜਿਆਂ ‘ਤੇ ਪ੍ਰਭਾਵ ਪਾਉਣ ਦਾ ਯਤਨ ਕਰਦਾ ਆਇਆ ਹੈ। ਉਸ ਨੇ ਆਪਣੀ ਤਾਕਤ ਅਤੇ ਵਾਕ-ਸ਼ਕਤੀ ਨਾਲ ਦੂਜਿਆਂ ਨੂੰ ਹਮ-ਖ਼ਿਆਲ ਬਣਾਉਣ ਦੀ ਕੋਸ਼ਸ ਕੀਤੀ ਹੈ। ਤਾਕਤ ਨਾਲ ਉਸ ਨੇ ਕਿੰਨੀ ਕੁ ਸਫਲਤਾ ਪ੍ਰਾਪਤ ਕੀਤੀ, ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਵਾਕ-ਸ਼ਕਤੀ ਦੇ ਚਮਤਕਾਰ ਨਾਲ ਉਸ ਨੇ ਕਾਫ਼ੀ ਸਫਲਤਾ ਪ੍ਰਾਪਤ ਕੀਤੀ ਹੈ। ਵਾਕ-ਸ਼ਕਤੀ ਦਾ ਇਹ ਚਮਤਕਾਰ ਹੀ ਭਾਸ਼ਣ-ਕਲਾ ਹੈ। ਇਹ ਕਲਾ ਮਨੁੱਖ ਨੂੰ ਦੂਜਿਆਂ ਤੋਂ ਉੱਪਰ ਅਤੇ ਵਿਸ਼ੇਸ਼ ਗੁਣਾਂ ਦਾ ਮਾਲਕ ਬਣਾ ਦਿੰਦੀ ਹੈ। ਇੱਕ ਚੰਗਾ ਭਾਸ਼ਣ-ਕਰਤਾ ਆਪਣੇ ਸ਼ਬਦਾਂ ਨਾਲ ਸੁੱਤੇ ਹੋਏ ਸਮਾਜ ਨੂੰ ਹਲੂਣ ਕੇ ਚੰਗੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਦਾ ਹੈ। ਨੇਤਾ, ਅਧਿਆਪਕ ਅਤੇ ਸਮਾਜ-ਸੁਧਾਰਕ ਲਈ ਭਾਸ਼ਣ-ਕਲਾ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ। ਨੇਤਾ ਆਪਣੀ ਲੱਛੇਦਾਰ, ਮੁਹਾਵਰੇਦਾਰ ਅਤੇ ਕਲਾਤਮਿਕ ਬੋਲੀ ਨਾਲ ਦੂਜਿਆਂ ਉੱਤੇ ਪ੍ਰਭਾਵ ਪਾ ਕੇ ਆਪਣੇ ਲਈ ਬਹੁਮਤ ਪ੍ਰਾਪਤ ਕਰਦਾ ਹੈ ਜੋ ਉਸ ਨੂੰ ਨੇਤਾਗਿਰੀ ਦੇ ਅਖਾੜੇ ਵਿੱਚ ਤਾਕਤਵਰ ਸਿੱਧ ਕਰਨ ਵਿੱਚ ਸਹਾਈ ਹੁੰਦਾ ਹੈ। ਭਾਸ਼ਣ-ਕਲਾ ਨਾ ਕੇਵਲ ਨੇਤਾ, ਅਧਿਆਪਕ ਅਤੇ ਸਮਾਜ-ਸੁਧਾਰਕ ਲਈ ਹੀ ਜ਼ਰੂਰੀ ਹੈ ਸਗੋਂ ਇਹ ਆਮ ਆਦਮੀ ਲਈ ਵੀ ਜ਼ਰੂਰੀ ਹੈ। ਸਾਡੀ ਸ਼ਖ਼ਸੀਅਤ ਦਾ ਗਿਆਨ ਸਭ ਤੋਂ ਪਹਿਲਾਂ ਸਾਡੀ ਬੋਲੀ ਤੋਂ ਹੀ ਹੁੰਦਾ ਹੈ। ਚੰਗੀ ਬੋਲੀ ਨਾਲ ਅਸੀਂ ਆਪਣੇ ਦਾਇਰੇ ਵਿੱਚ ਪ੍ਰਭਾਵੀ ਹੋਣ ਦੇ ਨਾਲ-ਨਾਲ ਬਾਹਰੀ ਦਾਇਰੇ ਵਿੱਚ ਵੀ ਆਪਣਾ ਉਚੇਰਾ ਸਥਾਨ ਬਣਾ ਸਕਦੇ ਹਾਂ। ਇਹ ਕਲਾ ਮਿਹਨਤ ਅਤੇ ਲਗਨ ਨਾਲ ਆਮ ਮਨੁੱਖ ਵਿੱਚ ਵੀ ਵਿਕਸਿਤ ਹੋ ਸਕਦੀ ਹੈ। ਇਸ ਲਈ ਲੋੜੀਂਦੇ ਗਿਆਨ ਅਤੇ ਅਭਿਆਸ ਦੀ ਲੋੜ ਹੈ। ਆਮ ਵਿਅਕਤੀ ਨੂੰ ਭਾਵੇਂ ਇਸ ਕਲਾ ਨੂੰ ਅਪਣਾਉਣ ਦਾ ਮੌਕਾ ਨਸੀਬ ਨਹੀਂ ਹੁੰਦਾ ਪਰ ਸਕੂਲਾਂ, ਕਾਲਜਾਂ ਵਿੱਚ ਵਿਦਿਆਰਥੀ ਇਸ ਕਲਾ ਤੋਂ ਜਾਣੂ ਹੁੰਦੇ ਹਨ। ਜੇ ਵਿਦਿਆਰਥੀ ਚਾਹੇ ਤਾਂ ਉਹ ਇਸ ਸਮੇਂ ਦੌਰਾਨ ਆਪਣੇ ਅੰਦਰ ਇਸ ਕਲਾ ਨੂੰ ਸੁਚੱਜੇ ਢੰਗ ਨਾਲ ਵਿਕਸਿਤ ਕਰ ਸਕਦਾ ਹੈ। ਇਸ ਕੰਮ ਵਿੱਚ ਉਸ ਦੇ ਅਧਿਆਪਕ ਉਸ ਦਾ ਮਾਰਗਦਰਸ਼ਨ ਵੀ ਕਰ ਸਕਦੇ ਹਨ। ਇਸ ਨਾਲ ਉਸ ਦੇ ਅੰਦਰ ਆਤਮ-ਵਿਸ਼ਵਾਸ਼ ਜਾਗੇਗਾ ਅਤੇ ਉਹ ਆਪਣੇ ਵਿਸ਼ੇ ਬਾਰੇ ਅਸਰਦਾਰ ਢੰਗ ਨਾਲ ਸਰੋਤਿਆਂ ਦੇ ਮਨੋਭਾਵਾਂ ਨੂੰ ਸਮਝਦਾ ਹੋਇਆ ਆਪਣੀ ਗੱਲ ਕਹਿਣ ਦੀ ਜੁਰੱਅਤ ਕਰੇਗਾ ਜੋ ਕਿ ਇੱਕ ਚੰਗੇ ਭਾਸ਼ਣ-ਕਰਤਾ ਦਾ ਉਚੇਰਾ ਗੁਣ ਹੁੰਦਾ ਹੈ।
ਪ੍ਰਸ਼ਨ 1. ਸ਼ੁਰੂ ਤੋਂ ਹੀ ਦੂਜਿਆਂ ‘ਤੇ ਪ੍ਰਭਾਵ ਪਾਉਣ ਦਾ ਯਤਨ ਕੌਣ ਕਰਦਾ ਆਇਆ ਹੈ?
(ੳ) ਸਮਾਜ
(ਅ) ਪਰਿਵਾਰ
(ੲ) ਮਨੁੱਖ
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 2. ਮਨੁੱਖ ਨੇ ਆਪਣੀ ਤਾਕਤ ਅਤੇ ਵਾਕ ਸ਼ਕਤੀ ਨਾਲ ਦੂਜਿਆਂ ਨੂੰ ਕੀ ਬਣਾਉਣ ਦੀ ਕੋਸ਼ਸ਼ ਕੀਤੀ ਹੈ?
(ੳ) ਹਮ-ਸਫ਼ਰ
(ਅ) ਹਮ-ਖ਼ਿਆਲ
(ੲ) ਹਮ-ਨਿਵਾਲਾ
(ਸ) ਹਮ-ਸ਼ਕਲ
ਪ੍ਰਸ਼ਨ 3. ਵਾਕ-ਸ਼ਕਤੀ ਭਾਸ਼ਣ-ਕਲਾ ਦਾ ਕੀ ਹੈ?
(ੳ) ਹਥਿਆਰ
(ਅ) ਪ੍ਰਯੋਗ
(ੲ) ਚਮਤਕਾਰ
(ਸ) ਨਿਪੁੰਨਤਾ
ਪ੍ਰਸ਼ਨ 4. ਕਿਸ ਦਾ ਭਾਸ਼ਣ-ਕਲਾ ਵਿੱਚ ਨਿਪੁੰਨ ਹੋਣਾ ਜ਼ਰੂਰੀ ਹੈ?
(ੳ) ਨੇਤਾ ਦਾ
(ਅ) ਅਧਿਆਪਕ ਦਾ
(ੲ) ਸਮਾਜ-ਸੁਧਾਰਕ ਦਾ
(ਸ) ਉਪਰੋਕਤ ਸਾਰੇ
ਪ੍ਰਸ਼ਨ 5. ਸਾਡੀ ਸ਼ਖ਼ਸੀਅਤ ਦਾ ਗਿਆਨ ਸਭ ਤੋਂ ਪਹਿਲਾਂ ਕਿੱਥੋਂ ਹੁੰਦਾ ਹੈ?
(ਅ) ਸਾਡੇ ਰੁਤਬੇ ਤੋਂ
(ੳ) ਸਾਡੀ ਬੋਲੀ ਤੋਂ
(ੲ) ਸਾਡੀ ਦਿਖ ਤੋਂ
(ਸ) ਸਾਡੇ ਵਤੀਰੇ ਤੋਂ
ਪ੍ਰਸ਼ਨ 6. ਮਿਹਨਤ ਅਤੇ ਲਗਨ ਨਾਲ ਕਿਹੜੀ ਕਲਾ ਆਮ ਮਨੁੱਖ ਵਿੱਚ ਵਿਕਸਿਤ ਹੋ ਸਕਦੀ ਹੈ?
(ੳ) ਲਿਖਣ-ਕਲਾ
(ਅ) ਪੜ੍ਹਨ-ਕਲਾ
(ੲ) ਭਾਸ਼ਣ-ਕਲਾ
(ਸ) ਸੁਣਨ-ਕਲਾ
ਪ੍ਰਸ਼ਨ 7. ਭਾਸ਼ਣ-ਕਲਾ ਲਈ ਕੌਣ ਵਿਦਿਆਰਥੀ ਦਾ ਮਾਰਗ-ਦਰਸ਼ਨ ਕਰ ਸਕਦੇ ਹਨ?
(ੳ) ਰਿਸ਼ਤੇਦਾਰ
(ੲ) ਅਧਿਆਪਕ
(ਸ) ਮਾਤਾ-ਪਿਤਾ
(ਸ) ਬੇਲੀ
ਪ੍ਰਸ਼ਨ 8. ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਵਾਕ-ਸ਼ਕਤੀ
(ਅ) ਚਮਤਕਾਰ
(ੲ) ਭਾਸ਼ਣ-ਕਲਾ
(ਸ) ਲਿਖਣ ਕਲਾ