ਅਣਡਿੱਠਾ ਪੈਰਾ : ਪ੍ਰਸਿੱਧ ਵਿਗਿਆਨਕਾਰ ਪਾਣਿਨੀ
ਪ੍ਰਸਿੱਧ ਵਿਆਕਰਨਕਾਰ ਪਾਣਿਨੀ, ਜਿਸ ਦੀ ਲਿਖੀ ਹੋਈ ਪੁਸਤਕ ਦਾ ਨਾਂ ਪਾਣਿਨਿਯਮ ਸੀ। ਇਹ ਸੰਸਕ੍ਰਿਤ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ ਅਤੇ ਇਸੇ ਲਈ ਇਸ ਬਾਰੇ ਆਦਰ ਤੇ ਸਤਿਕਾਰ ਵਜੋਂ ਇਹ ਕਿਹਾ ਜਾਂਦਾ ਹੈ ਕਿ ਇਸ ਦੀ ਰਚਨਾ ਈਸ਼ਵਰੀ ਗਿਆਨ ਕਾਰਨ ਹੋਈ। ਪ੍ਰਾਚੀਨ ਸਮੇਂ ਪਾਣਿਨੀ ਨੂੰ ਰਿਸ਼ੀ ਮੰਨਿਆ ਜਾਂਦਾ ਸੀ। ਆਧੁਨਿਕ ਸਮੇਂ ਵਿਚ ਵੀ ਇਸ ਬਾਰੇ ਇਹ ਪ੍ਰਸਿੱਧ ਹੈ ਕਿ ਇਸ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵਜੀ ਤੋਂ ਪ੍ਰਾਪਤ ਹੋਇਆ। ਕਹਿੰਦੇ ਹਨ ਕਿ ਪਾਣਿਨੀ ਬਚਪਨ ਵਿਚ ਬੜਾ ਹੀ ਮੂਰਖ ਸੀ, ਇਸੇ ਲਈ ਇਸ ਨੂੰ ਪਾਠਸ਼ਾਲਾ ਵਿਚੋਂ ਕੱਢ ਦਿੱਤਾ ਗਿਆ ਸੀ,ਪਰ ਸ਼ਿਵਜੀ ਦੀ ਕਿਰਪਾ ਨਾਲ ਇਹ ਵਿਦਵਾਨਾਂ ਦੀ ਪਹਿਲੀ ਸ਼੍ਰੇਣੀ ਵਿਚ ਆ ਗਿਆ। ਇਹ ਪਹਿਲਾ ਵਿਆਕਰਨਕਾਰ ਨਹੀਂ ਸੀ, ਕਿਉਂ ਜੋ ਇਹ ਆਪਣੀ ਪੁਸਤਕ ਵਿਚ ਕਈ ਵਿਆਕਰਨਕਾਰਾਂ ਦੇ ਨਾਂ ਦਿੰਦਾ ਹੈ, ਜਿਹੜੇ ਕਿ ਇਸ ਤੋਂ ਪਹਿਲਾਂ ਹੋ ਚੁੱਕੇ ਸਨ। ਪਾਣਿਨੀ ਤੋਂ ਬਾਅਦ ਜਿਹੜੇ ਵਿਆਕਰਨ ਲਿਖੇ ਗਏ ਹਨ, ਉਨ੍ਹਾਂ ਦੀ ਗਿਣਤੀ ਕਾਫ਼ੀ ਵੱਡੀ ਹੈ ਤੇ ਭਾਵੇਂ ਉਨ੍ਹਾਂ ਵਿਚੋਂ ਕਈ ਬਹੁਤ ਹੀ ਸ੍ਰੇਸ਼ਟ ਤੇ ਬਹੁਤੀ ਵਰਤੋਂ ਵਿਚ ਆਉਂਦੇ ਹਨ, ਪਰ ਪਾਣਿਨੀ ਦੁਆਰਾ ਬਣਾਏ ਹੋਏ ਨਿਯਮ ਅਜੇ ਵੀ ਸਰਵਉੱਚ ਤੇ ਨਿਰਵਿਵਾਦ ਹਨ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਪ੍ਰਸ਼ਨ (ੳ) ਪਾਣਿਨੀ ਦੀ ਪ੍ਰਸਿੱਧੀ ਕਿਹੜੀ ਗੱਲੋਂ ਹੋਈ?
ਉੱਤਰ : ਪਾਣਿਨੀ ਦੀ ਪ੍ਰਸਿੱਧੀ ਸੰਸਕ੍ਰਿਤ ਵਿਆਕਰਨ ਦਾ ਸਭ ਤੋਂ ਵੱਡਾ ਵਿਦਵਾਨ ਹੋਣ ਕਰਕੇ ਹੋਈ।
ਪ੍ਰਸ਼ਨ (ਅ) ਪਾਣਿਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ ਕਿਉਂ ਮੰਨਿਆ ਜਾਂਦਾ ਹੈ?
ਉੱਤਰ : ਪਾਣਿਨੀ ਦੀ ਰਚਨਾ ਨੂੰ ਈਸ਼ਵਰੀ ਗਿਆਨ ਕਾਰਨ ਹੋਈ, ਇਸ ਕਰਕੇ ਮੰਨਿਆ ਜਾਂਦਾ ਹੈ ਕਿਉਂਕਿ ਉਸ ਬਾਰੇ ਇਹ ਪ੍ਰਸਿੱਧ ਹੈ ਕਿ ਉਸ ਨੂੰ ਇਸ ਪੁਸਤਕ ਸੰਬੰਧੀ ਗਿਆਨ ਸ਼ਿਵਜੀ ਤੋਂ ਪ੍ਰਾਪਤ ਹੋਇਆ।
ਪ੍ਰਸ਼ਨ (ੲ) ਕਿਹੜੀ ਗੱਲੋਂ ਪਤਾ ਲਗਦਾ ਹੈ ਕਿ ਪਾਣਿਨੀ ਪਹਿਲਾ ਵਿਆਕਰਨਕਾਰ ਨਹੀਂ ਸੀ?
ਉੱਤਰ : ਪਾਣਿਨੀ ਆਪਣੀ ਪੁਸਤਕ ਵਿਚ ਕਈ ਵਿਆਕਰਨਕਾਰਾਂ ਦੇ ਨਾਂ ਲਿਖਦਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਉਹ ਪਹਿਲਾ ਵਿਆਕਰਨਕਾਰ ਨਹੀਂ ਸੀ।
ਪ੍ਰਸ਼ਨ (ਸ) ਪਾਣਿਨੀ ਤੋਂ ਪਹਿਲਾਂ ਅਤੇ ਪਿੱਛੋਂ ਵੀ ਸੰਸਕ੍ਰਿਤ ਵਿਆਕਰਨ ਲਿਖੇ ਗਏ, ਤਾਂ ਵੀ ਉਸ ਦੇ ਵਿਆਕਰਨ ਦੀ ਪ੍ਰਸਿੱਧੀ ਇੰਨੀ ਕਿਉਂ ਹੋਈ?
ਉੱਤਰ : ਪਾਣਿਨੀ ਦੀ ਵਿਆਕਰਨ ਦੀ ਸਭ ਤੋਂ ਵੱਧ ਪ੍ਰਸਿੱਧੀ ਹੋਣ ਦਾ ਕਾਰਨ ਇਹ ਹੈ ਕਿ ਉਸ ਦੁਆਰਾ ਬਣਾਏ ਗਏ ਨਿਯਮ ਅਜੇ ਵੀ ਸਰਵਉੱਚ ਅਤੇ ਨਿਰਵਿਵਾਦ ਹਨ।
ਪ੍ਰਸ਼ਨ (ਹ) ਪਾਣਿਨੀ ਦੇ ਬਚਪਨ ਬਾਰੇ ਕਿਹੜੀ ਘਟਨਾ ਕਹੀ ਜਾਂਦੀ ਹੈ?
ਉੱਤਰ : ਕਿਹਾ ਜਾਂਦਾ ਹੈ ਕਿ ਪਾਣਿਨੀ ਬਚਪਨ ਵਿਚ ਬੜਾ ਮੂਰਖ ਸੀ. ਇਸ ਕਰਕੇ ਉਸ ਨੂੰ ਪਾਠਸ਼ਾਲਾ ਵਿਚੋਂ ਕੱਢ ਦਿੱਤਾ ਗਿਆ, ਪਰੰਤੂ ਸ਼ਿਵਜੀ ਦੀ ਕਿਰਪਾ ਨਾਲ ਉਹ ਵਿਦਵਾਨਾਂ ਦੀ ਪਹਿਲੀ ਸ਼੍ਰੇਣੀ ਵਿਚ ਆ ਗਿਆ।