ਅਣਡਿੱਠਾ ਪੈਰਾ – ਪੈਸੇ ਦੀ ਮਹੱਤਤਾ
ਪੈਸੇ ਦੀ ਮਹੱਤਤਾ
ਪੈਸੇ ਦੀ ਇਸ ਦੁਨੀਆ ਵਿੱਚ ਆਦਮੀ ਨੜ੍ਹਿੰਨਵੇਂ ਦੇ ਅਜਿਹੇ ਗੇੜ ਵਿੱਚ ਪਿਆ ਹੈ ਕਿ ਉਹ ਪੈਸੇ ਦੀ ਦੁਨੀਆਂ ਵਿੱਚ ਗੁਆਚ ਗਿਆ ਹੈ। ਪੁਰਾਤਨ ਕਾਲ ਵਿੱਚ ਜਿੱਥੇ ਦਸਾਂ ਨਹੁੰਆਂ ਦੀ ਕਿਰਤ ਕਰਨਾ ਅਤੇ ਵੰਡ ਛਕਣਾ ਜੀਵਨ ਦਾ ਉਦੇਸ਼ ਸੀ, ਉੱਥੇ ਹੁਣ ਦੂਜਿਆਂ ਦੀ ਕਮਾਈ ‘ਤੇ ਪਲਣਾ, ਉਨ੍ਹਾਂ ਦਾ ਲਹੂ ਚੂਸਣਾ ਤੇ ਹਰ ਜਾਇਜ਼ – ਨਜਾਇਜ਼ ਢੰਗ ਨਾਲ਼ ਪੈਸਾ ਕਮਾਉਣਾ ਹਰ ਵਿਅਕਤੀ ਦਾ ਧਰਮ ਬਣ ਗਿਆ ਹੈ, ਇਸ ਲਈ ਅਜੋਕੇ ਜ਼ਮਾਨੇ ਵਿੱਚ ‘ਭ੍ਰਿਸ਼ਟਾਚਾਰ ਕੀ ਹੈ?’ ਇਹ ਨਿਖੇੜਨਾ ਬੜਾ ਕਠਨ ਹੋ ਗਿਆ ਹੈ। ਹਾਸੋ – ਹੀਣੀ ਗੱਲ ਤਾਂ ਇਹ ਹੈ ਕਿ ਮਹਾਨ ਭ੍ਰਿਸ਼ਟਾਚਾਰੀ ਤੇ ਬੇਈਮਾਨ ਲੋਕ ਬਾਹਾਂ ਖੜੀਆਂ ਕਰ – ਕਰ ਸਟੇਜਾਂ ‘ਤੇ ਲੋਕ – ਸਮੂਹਾਂ ਅੱਗੇ ਭ੍ਰਿਸ਼ਟਾਚਾਰੀ ਨੂੰ ਨਿੰਦਦੇ ਅਤੇ ਭ੍ਰਿਸ਼ਟਾਚਾਰ ਨੂੰ ਪਾਣੀ ਪੀ – ਪੀ ਕੋਸਦੇ ਹਨ, ਪਰ ਉਹ ਆਪਣੇ – ਆਪ ਨੂੰ ਭ੍ਰਿਸ਼ਟਾਚਾਰੀ ਨਹੀਂ ਮੰਨਦੇ। ਉਹ ਆਪਣੇ ਕਾਲੇ ਧਨ ਨੂੰ ਆਪਣੀ ਅਕਲ ਦੀ ਕਮਾਈ – ਦਿਮਾਗ਼ ਦੀ ਕਰਾਮਾਤ ਦੱਸਦੇ ਹਨ। ਜਿਸ ਪਾਸੇ ਵੀ ਨਿਗਾਹ ਮਾਰਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਕਾਰਾਂ, ਕੋਠੀਆਂ, ਜ਼ਮੀਨ – ਜਾਇਦਾਦ ਅਜੋਕੇ ਯੁੱਗ ਵਿੱਚ ਮਿਹਨਤ ਤੇ ਦਸ ਨਹੁੰਆਂ ਦੀ ਕਿਰਤ ਨਾਲ ਤਾਂ ਬਣਦੇ ਨਹੀਂ। ਇਸ ਲਈ ਚੋਰੀਆਂ, ਯਾਰੀਆਂ ਤੇ ਠੱਗੀਆਂ ਦੀ ਲੋੜ ਹੈ। ਭ੍ਰਿਸ਼ਟਾਚਾਰੀਆਂ ਨੂੰ ਖੁਸ਼ਹਾਲ ਵੇਖ ਕੇ ਹਰ ਬੰਦੇ ਦਾ ਜੀਅ ਲਲਚਾ ਜਾਂਦਾ ਹੈ ਕਿ ਉਹ ਵੀ ਹੱਥ – ਪੈਰ ਮਾਰ ਲਵੇ।
ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :
ਪ੍ਰਸ਼ਨ 1 . ਨੜ੍ਹਿੰਨਵੇਂ ਦੇ ਗੇੜ ਵਿੱਚ ਪੈਣ ਤੋਂ ਕੀ ਭਾਵ ਹੈ? ਇਹ ਕਿਸ ਬਾਰੇ ਤੇ ਕਿਉਂ ਕਿਹਾ ਗਿਆ ਹੈ?
(ੳ) ਸੌ ਦੀ ਗਿਣਤੀ ਕਰਨਾ
(ਅ) ਪੈਸੇ ਦੀ ਦੁਨੀਆ ਵਿੱਚ ਗੁਆਚ ਜਾਣਾ
(ੲ) ਲਾਲਚ ਕਰਨਾ
(ਸ) ਮਿਹਨਤ ਕਰਨੀ
ਪ੍ਰਸ਼ਨ 2 . ਪੁਰਾਤਨ ਕਾਲ ਦੇ ਵਿਅਕਤੀਆਂ ਦੇ ਉਦੇਸ਼ ਕਿਹੋ ਜਿਹੇ ਹਨ?
(ੳ) ਦਸਾਂ ਨਹੁੰਆਂ ਦੀ ਕਿਰਤ ਕਰਨੀ
(ਅ) ਕਿਸੇ ਦਾ ਹੱਕ ਮਾਰਨਾ
(ੲ) ਕਿਸੇ ਨੂੰ ਨੀਵਾਂ ਦਿਖਾਉਣਾ
(ਸ) ਕਿਸੇ ਨੂੰ ਨਫ਼ਰਤ ਕਰਨੀ
ਪ੍ਰਸ਼ਨ 3 . ਕਿਹੜੀ ਗੱਲ ਨੂੰ ਹਾਸੋ – ਹੀਣੀ ਕਿਹਾ ਗਿਆ ਹੈ?
(ੳ) ਕਾਰਾਂ – ਕੋਠੀਆਂ ਖਰੀਦਣਾ
(ਅ) ਧਨ ਇੱਕਠਾ ਕਰਨਾ
(ੲ) ਭ੍ਰਿਸ਼ਟਾਚਾਰੀਆਂ ਵੱਲੋਂ ਭ੍ਰਿਸ਼ਟਾਚਾਰ ਨੂੰ ਕੋਸਣਾ
(ਸ) ਕੋਈ ਵੀ ਨਹੀਂ
ਪ੍ਰਸ਼ਨ 4 . ‘ਗੇੜ’ ਸ਼ਬਦ ਦਾ ਅਰਥ ਦੱਸੋ।
(ੳ) ਘੁੰਮਣਾ
(ਅ) ਚਲਾਉਣਾ
(ੲ) ਦੌੜਨਾ
(ਸ) ਚੱਕਰ
ਪ੍ਰਸ਼ਨ 5 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
(ੳ) ਪੈਸੇ ਦੀ ਮਹੱਤਤਾ
(ਅ) ਭ੍ਰਿਸ਼ਟਾਚਾਰ
(ੲ) ਲਾਲਚ
(ਸ) ਧਰਮ