ਸਿਰਫ਼ ਉਹੀ ਦੇਸ਼ ਅਮੀਰ ਤੇ ਮਾਲਾਮਾਲ ਹੋ ਸਕਦੇ ਹਨ ਜਿਨ੍ਹਾਂ ਦੇ ਲੋਕ ਆਪਣੇ ਆਪ ਲਈ ਕੁੱਝ ਨਵਾਂ ਸੋਚ ਸਕਦੇ ਹਨ। ਉਹੀ ਕੰਮ ਕਰਦੇ ਜਾਣਾ ਜੋ ਪਹਿਲਾਂ ਕਿਸੇ ਨੇ ਕਰ ਲਿਆ ਹੋਵੇ – ਰੁਕੇ ਵਿਕਾਸ ਦੀ ਨਿਸ਼ਾਨੀ ਹੈ। ਹੋਣਹਾਰ ਮਨੁੱਖ ਇਹੀ ਸੋਚਦਾ ਹੈ ਕਿ ਹਥਲਾ ਕੰਮ, ਪਿਛਲੇ ਕੀਤੇ ਕੰਮ ਨਾਲੋਂ ਚੰਗੇਰਾ ਹੋਵੇ।
ਜਿਸ ਕੌਮ ਦਾ ਇਹ ਖ਼ਿਆਲ ਹੋ ਜਾਵੇ ਕਿ ਪੰਜ ਸੌ ਜਾਂ ਹਜ਼ਾਰ ਸਾਲ ਪਹਿਲਾਂ ਵਾਲਾ ਜੀਵਨ ਚੰਗਾ ਸੀ, ਇਸੇ ਲਈ ਉਸੇ ਨੂੰ ਹੀ ਨਿਸ਼ਾਨਾ ਰੱਖਿਆ ਜਾਏ, ਉਸ ਕੌਮ ਨੂੰ ਜ਼ਿੰਦਗੀ ਦੀਆਂ ਪਿਛਲੀਆਂ ਕਤਾਰਾਂ ਵਿੱਚ ਖਲੋਣਾ ਪੈਂਦਾ ਹੈ। ਨਸਲਾਂ ਦੀ ਮਾਨਸਿਕ ਅਵਸਥਾ ਉੱਤੇ ਹੀ ਉਨ੍ਹਾਂ ਦੀ ਖੁਸ਼ਹਾਲੀ ਤੇ ਸਾਰਥਕਤਾ ਨਿਰਭਰ ਕਰਦੀ ਹੈ।
ਜਦੋਂ ਕਿਸੇ ਨਸਲ ਦੇ ਲੋਕ ਲਕੀਰ ਦੇ ਫ਼ਕੀਰ ਹੋ ਜਾਂਦੇ ਹਨ, ਹਮੇਸ਼ਾ ਕਿਸੇ ਦੇ ਪਾਏ ਪੂਰਨਿਆਂ ਉੱਤੇ ਹੀ ਚਲਦੇ ਹਨ, ਆਪ ਕੋਈ ਪੂਰਨਾ ਪਾਉਣ ਦੀ ਦਲੇਰੀ ਨਹੀਂ ਰੱਖਦੇ, ਪਿਛਲੱਗ ਅਖਵਾਣ ਵਿੱਚ ਹੀ ਫਖ਼ਰ ਸਮਝਦੇ ਹਨ ਤੇ ਮੋਹਰੀ ਹੋਣੋਂ ਘਬਰਾਉਂਦੇ ਹਨ, ਉਸ ਨਸਲ ਦਾ ਵਾਧਾ ਰੁੱਕ ਜਾਂਦਾ ਹੈ, ਬੁੱਧ ਮੋਟੀ ਹੋ ਜਾਂਦੀ ਹੈ ਤੇ ਜ਼ਿੰਦਗੀ ਵਿੱਚੋਂ ਸਹਜ – ਸੁਆਦ ਘੱਟ ਜਾਂਦਾ ਹੈ। ਐਸੀ ਕੌਮ ਸੁਤੰਤਰ ਨਹੀਂ ਰਹਿ ਸਕਦੀ।
ਜ਼ਰੂਰ ਕਿਸੇ ਦੂਜੀ ਕੌਮ ਦੀ ਗ਼ੁਲਾਮ ਬਣ ਜਾਂਦੀ ਹੈ। ਇਸ ਤਰ੍ਹਾਂ ਦੇਸ਼ ਦੀ ਉੱਨਤੀ ਤਾਂ ਹੀ ਸੰਭਵ ਹੈ ਜੇ ਤੁਸੀਂ ਕੋਈ ਨਵਾਂ ਖਿਆਲ ਦੁਨੀਆ ਨੂੰ ਦਿਉ। ਕੋਈ ਨਵੀਂ ਕਾਢ ਕੱਢੇ, ਕੋਈ ਨਵਾਂ ਸੁਖ ਈਜਾਦ ਕਰੋ, ਕੋਈ ਨਵਾਂ ਮਾਰਗ ਲੱਭੋ, ਨਵੀਂ ਸੋਚ ਸੋਚੋ ਤੇ ਨਵੇਂ ਅਮਲ ਕਰੋ।
ਪ੍ਰਸ਼ਨ 1 . ਕਿਹੜੀ ਕੌਮ ਜਾਂ ਨਸਲ ਦਾ ਵਾਧਾ ਹੋਣੋਂ ਰੁੱਕ ਜਾਂਦਾ ਹੈ?
ਪ੍ਰਸ਼ਨ 2 . ਦੇਸ਼ ਦੀ ਉੱਨਤੀ ਕਦੋਂ ਸੰਭਵ ਹੋ ਸਕਦੀ ਹੈ?
ਪ੍ਰਸ਼ਨ 3 . ਹੋਣਹਾਰ ਮਨੁੱਖ ਕੀ ਸੋਚਦਾ ਹੈ?
ਪ੍ਰਸ਼ਨ 4 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।
ਸ਼ਬਦਾਂ ਦੇ ਅਰਥ :
ਕਤਾਰਾਂ = ਲਾਈਨਾਂ
ਲਕੀਰ ਦੇ ਫ਼ਕੀਰ = ਪੁਰਾਣੇ ਵਿਚਾਰਾਂ ‘ਤੇ ਤੁਰਨਾ
ਸਹਜ – ਸੁਆਦ = ਅਨੰਦ
ਈਜਾਦ = ਕਾਢ