ਅਣਡਿੱਠਾ ਪੈਰਾ : ਦੁੱਖ ਦੀ ਮਹਤੱਤਾ
ਇਨਸਾਨੀ ਵਿਕਾਸ ਵਿੱਚ ਦੁੱਖ ਦੀ ਬੜੀ ਮਹੱਤਤਾ ਹੈ। ਦੁੱਖ ਇਕ ਅਜਿਹਾ ਚੌਕੀਦਾਰ ਹੈ, ਜੋ ਅਕਲ ਨੂੰ ਸੌਣ ਨਹੀਂ ਦੇਂਦਾ, ਜਗਾਈ ਰੱਖਦਾ ਹੈ। ‘ਅਗਿਆਨਤਾ’ ਰੋਗ ਦਾ ਦਾਰੂ ਦੁੱਖ ਹੀ ਹੈ। ਜੇ ਦੁੱਖ ਨਾ ਹੁੰਦਾ, ਤਾਂ ਇਨਸਾਨ ਦਾ ਵਿਕਾਸ ਬੰਦ ਹੋ ਜਾਂਦਾ।
”ਰੰਗ ਲਾਤੀ ਹੈ ਹਿਨਾ ਪੱਥਰ ਪੇ ਘਿਸ ਜਾਨੇ ਕੇ ਬਾਅਦ।
ਸੁਰਖ਼ਰੂ ਹੋਤਾ ਹੈ ਇਨਸਾਂ ਠੋਕਰੇਂ ਖਾਨੇ ਕੇ ਬਾਅਦ।”
ਜੋ ਇਨਸਾਨ ਉੱਚੀ ਮੰਜ਼ਲ ‘ਤੇ ਪਹੁੰਚ ਜਾਂਦੇ ਹਨ, ਉਨ੍ਹਾਂ ਲਈ ਦੁੱਖ ਦਾ ਖ਼ਾਤਮਾ ਹੋ ਜਾਂਦਾ ਹੈ।
”ਨਾਨਕ ਭਗਤਾ ਸਦਾ ਵਿਗਾਸੁ।” ਪਰਮਹੰਸ ਯੋਗਾ ਨੰਦ ਆਪਣੀ ਆਤਮ-ਕਥਾ ਵਿੱਚ ਲਿਖਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਸੰਤਾਨ ਦੀ ਉਤਪੱਤੀ ਲਈ ਸਾਲ ਵਿੱਚ ਇਕ ਰਾਤ ਇਕੱਠੇ ਸੌਂਦੇ ਹਨ ਅਤੇ ਫੇਰ ਲਿਖਦੇ ਹਨ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਸਾਰੀ ਉਮਰ ਵਿੱਚ ਕੇਵਲ ਇਕ ਵਾਰੀ ਆਪਸ ਵਿੱਚ ਨਾਰਾਜ਼ ਹੋਏ ਵੇਖਿਆ ਹੈ। ਇਹ ਹੈ ਅਸਲੀ ਪੱਧਰ ਦਾ ਇਨਸਾਨੀ ਜੀਵਨ, ਬਾਕੀ ਇਸ ਦੇਸ਼ ਦੇ ਕਰੋੜਾਂ ਵਸਨੀਕ ਖ਼ਾਕ ਇਨਸਾਨੀ ਜੀਵਨ ਬਿਤਾਉਂਦੇ ਹਨ। ਇਹ ਮਾਤਾ-ਪਿਤਾ ਦੀ ਉੱਚੀ ਇਨਸਾਨੀਅਤ ਹੀ ਸੀ ਕਿ ਯੋਗਾ ਨੰਦ ਵਰਗੇ ਮਹਾਂਪੁਰਸ਼ ਦਾ ਉਨ੍ਹਾਂ ਦੇ ਘਰ ਜਨਮ ਹੋਇਆ।
ਉੱਪਰ ਲਿਖੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
ਪ੍ਰਸ਼ਨ (ੳ) ਮਨੁੱਖੀ ਜੀਵਨ ਵਿੱਚ ਦੁੱਖ ਦੀ ਕੀ ਮਹਾਨਤਾ ਹੈ?
ਉੱਤਰ : ਦੁੱਖ ਇਕ ਅਜਿਹਾ ਚੌਕੀਦਾਰ ਹੈ, ਜੋ ਅਕਲ ਨੂੰ ਸੌਣ ਨਹੀਂ ਦਿੰਦਾ। ਇਹ ਅਗਿਆਨਤਾ ਨੂੰ ਦੂਰ ਕਰ ਕੇ ਮਨੁੱਖ ਨੂੰ ਵਿਕਾਸ ਦੇ ਰਾਹ ‘ਤੇ ਤੋਰਦਾ ਹੈ।
ਪ੍ਰਸ਼ਨ (ਅ) ਦੁੱਖ ਦਾ ਖ਼ਾਤਮਾ ਕਦੋਂ ਹੁੰਦਾ ਹੈ?
ਉੱਤਰ : ਮਨੁੱਖ ਦੇ ਉੱਚੀ ਅਵਸਥਾ ‘ਤੇ ਪਹੁੰਚਣ ਨਾਲ ਉਸ ਦੇ ਦੁੱਖ ਦਾ ਖ਼ਾਤਮਾ ਹੁੰਦਾ ਹੈ।
ਪ੍ਰਸ਼ਨ (ੲ) ਉਪਰੋਕਤ ਪੈਰੇ ਵਿੱਚ ਆਏ ਉਰਦੂ ਦੇ ਸ਼ੇਅਰ ‘ਰੰਗ ਲਾਤੀ ਬਾਅਦ’ ਦਾ ਭਾਵ ਲਿਖੋ।
ਉੱਤਰ : ਮਨੁੱਖ ਠੋਕਰਾਂ ਖਾ ਕੇ ਹੀ ਮਹਾਨ ਬਣਦਾ ਹੈ।
ਪ੍ਰਸ਼ਨ (ਸ) ਪਰਮਹੰਸ ਯੋਗ ਨੰਦ ਨੇ ਆਪਣੀ ਆਤਮ-ਕਥਾ ਵਿੱਚ ਕੀ ਲਿਖਿਆ ਹੈ?
ਉੱਤਰ : ਉਨ੍ਹਾਂ ਦੇ ਮਾਤਾ-ਪਿਤਾ ਸੰਤਾਨ-ਉਤਪੱਤੀ ਲਈ ਸਾਲ ਵਿੱਚ ਇਕ ਵਾਰ ਇਕੱਠੇ ਸੌਂਦੇ ਸਨ ਅਤੇ ਉਹ ਸਾਰੀ ਉਮਰ ਵਿੱਚ ਕੇਵਲ ਇਕੋ ਵਾਰ ਇਕ-ਦੂਜੇ ਨਾਲ ਨਾਰਾਜ਼ ਹੋਏ।
ਪ੍ਰਸ਼ਨ (ਹ) ਔਖੇ ਸ਼ਬਦਾਂ ਦੇ ਅਰਥ ਲਿਖੋ।
ਉੱਤਰ : ਅਗਿਆਨਤਾ-ਮੂਰਖ਼ਤਾ, ਬੇਸਮਝੀ।
ਦਾਰੂ-ਦਵਾਈ ।
ਹਿਨਾ-ਮਹਿੰਦੀ।
ਸੁਰਖਰੂ-ਸਨਮਾਨਿਤ, ਸਫਲ ।
ਵਿਗਾਸੁ– ਪ੍ਰਸੰਨਤਾ।
ਆਤਮ-ਕਥਾ : ਸ੍ਵੈ-ਜੀਵਨੀ, ਉਹ ਜੀਵਨ ਕਹਾਣੀ, ਜਿਸ ਵਿੱਚ ਲੇਖਕ ਨੇ ਆਪਣੀ ਜੀਵਨੀ ਆਪ ਲਿਖੀ ਹੋਵੇ ।
ਸੰਤਾਨ-ਔਲਾਦ।
ਖ਼ਾਕ-ਮਿੱਟੀ ।
ਇਨਸਾਨੀਅਤ-ਮਨੁੱਖਤਾ ।