ਅਣਡਿੱਠਾ ਪੈਰਾ – ਤਿੰਨ ਭਾਸ਼ਾਈ ਫਾਰਮੂਲਾ
ਤਿੰਨ ਭਾਸ਼ਾਈ ਫਾਰਮੂਲਾ ਸਾਡੀ ਸਰਕਾਰ ਵੱਲੋਂ ਸਾਡੇ ਦੇਸ਼ ਦੇ ਸੰਵਿਧਾਨਕ ਤੇ ਭੂਗੋਲਿਕ ਪ੍ਰਾਂਤਕ ਢਾਂਚੇ ਨੂੰ ਮੁੱਖ ਰੱਖ ਕੇ ਬਣਾਇਆ ਇੱਕ ਬਹੁਤ ਹੀ ਢੁਕਵਾਂ ਤੇ ਸਹੀ ਫਾਰਮੂਲਾ ਹੈ। ਤਿੰਨ ਭਾਸ਼ਾਈ ਫਾਰਮੂਲੇ ਮੁਤਾਬਕ ਵਿਦਿਆਰਥੀ ਲਈ ਦਸਵੀਂ ਜਮਾਤ ਤੱਕ ਤਿੰਨ ਭਾਸ਼ਾਵਾਂ ਪੜ੍ਹਨੀਆਂ ਲਾਜ਼ਮੀ ਹੋ ਜਾਂਦੀਆਂ ਹਨ। ਉਨ੍ਹਾਂ ਵਿੱਚੋਂ ਇੱਕ ਅੰਗਰੇਜ਼ੀ, ਦੂਜੀ ਰਾਸ਼ਟਰ ਭਾਸ਼ਾ ਹਿੰਦੀ ਤੇ ਤੀਜੀ ਪ੍ਰਾਂਤਕ ਭਾਸ਼ਾ। ਅੰਗਰੇਜ਼ੀ ਪੜ੍ਹਨੀ ਤਾਂ ਲਾਜ਼ਮੀ ਮੰਨੀ ਹੈ ਕਿਉਂਕਿ ਵਿਦਿਆਰਥੀ ਕੌਮਾਂਤਰੀ ਪੱਧਰ ‘ਤੇ ਰੁਜ਼ਗਾਰ ਸੰਬੰਧੀ ਮੁਸ਼ਕਲਾਂ ਨਾਲ ਨਜਿੱਠ ਸਕਦਾ ਹੈ।
ਦੂਜੀ ਭਾਸ਼ਾ ਜਿਸ ਦੀ ਦਸਵੀਂ ਤੱਕ ਦੀ ਪੜ੍ਹਾਈ ਲਾਜ਼ਮੀ ਹੈ, ਉਹ ਰਾਸ਼ਟਰ – ਭਾਸ਼ਾ ਹਿੰਦੀ ਹੈ। ਹਿੰਦੀ ਭਾਰਤ ਦੇ ਬਹੁਤੇ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਸ ਕਰਕੇ ਇਸ ਨੂੰ ਰਾਸ਼ਟਰ – ਭਾਸ਼ਾ ਦਾ ਦਰਜ਼ਾ ਦਿੱਤਾ ਗਿਆ ਹੈ।
ਦਸਵੀਂ ਤੱਕ ਹਿੰਦੀ ਪੜ੍ਹਨ ਨਾਲ ਵੱਖ – ਵੱਖ ਪ੍ਰਾਂਤਾਂ ਦੇ ਲੋਕ ਇਸ ਭਾਸ਼ਾ ਦੇ ਆਸਰੇ ਇੱਕ – ਦੂਸਰੇ ਨਾਲ ਜੁੜ ਸਕਣਗੇ। ਹਿੰਦੀ ਇੱਕ ਤਰ੍ਹਾਂ ਰਾਸ਼ਟਰੀ ਭਾਵਨਾ ‘ਤੇ ਮੇਲ – ਜੋਲ ਪੈਦਾ ਕਰੇਗੀ ਤੇ ਅੰਗਰੇਜ਼ੀ ਦਾ ਬਦਲ ਲੈ ਕੇ ਉਭਰੇਗੀ। ਸਾਡੇ ਵਿੱਦਿਆ ਦੇ ਮਾਹਿਰਾਂ ਤੇ ਸਰਕਾਰ ਦੀ ਅਜਿਹੀ ਸੋਚ ਸਮੇਂ ਤੇ ਦੇਸ਼ ਦੇ ਹਾਲਾਤ ਮੁਤਾਬਕ ਬਹੁਤ ਢੁੱਕਵੀਂ ਹੈ।
ਤੀਜੀ ਪ੍ਰਾਂਤਕ ਭਾਸ਼ਾ ਹੈ, ਇਸ ਦੀ ਪੜ੍ਹਾਈ ਵੀ ਦਸਵੀਂ ਤੱਕ ਲਾਜ਼ਮੀ ਹੈ। ਇਸ ਨਾਲ ਬੱਚਾ ਆਪਣੀ ਮੂਲ ਸੰਸਕ੍ਰਿਤੀ ਤੇ ਪ੍ਰਾਂਤਕ ਸੱਭਿਆਚਾਰ ਨਾਲ ਜੁੜਿਆ ਰਹਿੰਦਾ ਹੈ, ਜੋ ਇਸ ਦਾ ਮੂਲ ਆਧਾਰ ਹੈ। ਇਸ ਤਰ੍ਹਾਂ ਤਿੰਨ ਭਾਸ਼ਾਈ ਫਾਰਮੂਲਾ ਸੱਚ – ਮੁੱਚ ਸਾਡੇ ਦੇਸ਼ ਦੀ ਇੱਕ – ਮੁੱਠਤਾ, ਮੇਲ – ਜੋਲ, ਤਰੱਕੀ ਤੇ ਸੰਵਿਧਾਨਕ ਰਿਆਇਤਾਂ ਦੀ ਰਾਖੀ ਹਿਤ ਬਹੁਤ ਕਾਰਗਰ ਤੇ ਢੁਕਵਾਂ ਹੈ।
ਪ੍ਰਸ਼ਨ 1 . ਤਿੰਨ ਭਾਸ਼ਾਈ ਫਾਰਮੂਲੇ ਅਧੀਨ ਕਿਹੜੀਆਂ ਤਿੰਨ ਭਾਸ਼ਾਵਾਂ ਦਾ ਜ਼ਿਕਰ ਕੀਤਾ ਗਿਆ ਹੈ?
(ੳ) ਅੰਗਰੇਜ਼ੀ
(ਅ) ਹਿੰਦੀ
(ੲ) ਪ੍ਰਾਂਤਕ
(ਸ) ਸਾਰੇ
ਪ੍ਰਸ਼ਨ 2 . ਤਿੰਨ ਭਾਸ਼ਾਈ ਫਾਰਮੂਲੇ ਦਾ ਕੀ ਲਾਭ ਹੈ?
(ੳ) ਦੇਸ਼ ਦੀ ਤਰੱਕੀ ਲਈ
(ਅ) ਤਰੱਕੀ ਵਿੱਚ ਰੁਕਾਵਟ
(ੲ) ਬਰਬਾਦੀ ਦਾ ਆਗਾਜ਼
(ਸ) ਕੋਈ ਲਾਭ ਨਹੀਂ
ਪ੍ਰਸ਼ਨ 3 . ਤਿੰਨ ਭਾਸ਼ਾਈ ਫਾਰਮੂਲਾ ਕਿਹੜੀ ਜਮਾਤ ਤੱਕ ਲਾਗੂ ਹੁੰਦਾ ਹੈ?
(ੳ) ਅੱਠਵੀਂ
(ਅ) ਨੌਵੀਂ
(ੲ) ਦਸਵੀਂ
(ਸ) ਬਾਰ੍ਹਵੀਂ
ਪ੍ਰਸ਼ਨ 4 . ਪ੍ਰਾਂਤਕ ਭਾਸ਼ਾ ਦਾ ਕੀ ਮਹੱਤਵ ਹੈ?
(ੳ) ਆਪਣੀ ਮਾਂ – ਬੋਲੀ ਬਾਰੇ ਜਾਗਰੂਕਤਾ
(ਅ) ਮਾਂ – ਬੋਲੀ ਤੋਂ ਦੂਰ ਜਾਣਾ
(ੲ) ਪ੍ਰਾਂਤ ਤੱਕ ਸੀਮਤ
(ਸ) ਸੀਮਤ ਜਾਣਕਾਰੀ ਹਾਸਲ ਕਰਨਾ
ਪ੍ਰਸ਼ਨ 5 . ਉਪਰੋਕਤ ਪੈਰੇ ਲਈ ਢੁਕਵਾਂ ਸਿਰਲੇਖ ਲਿਖੋ।
(ੳ) ਦੋ ਭਾਸ਼ਾਈ ਫਾਰਮੂਲਾ
(ਅ) ਤਿੰਨ ਭਾਸ਼ਾਈ ਫਾਰਮੂਲਾ
(ੲ) ਚਾਰ ਭਾਸ਼ਾਈ ਫਾਰਮੂਲਾ
(ਸ) ਪੰਜ ਭਾਸ਼ਾਈ ਫਾਰਮੂਲਾ