ਅਣਡਿੱਠਾ ਪੈਰਾ : ਜੱਸਾ ਸਿੰਘ ਆਹਲੂਵਾਲੀਆ


ਆਹਲੂਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਸੀ। ਉਹ ਲਾਹੌਰ ਦੇ ਨੇੜੇ ਸਥਿਤ ਆਹਲੂ ਪਿੰਡ ਦਾ ਵਸਨੀਕ ਸੀ। ਇਸ ਕਾਰਨ ਇਸ ਮਿਸਲ ਦਾ ਨਾਂ ‘ਆਹਲੂਵਾਲੀਆ ਮਿਸਲ’ ਪੈ ਗਿਆ। ਜੱਸਾ ਸਿੰਘ ਆਪਣੇ ਗੁਣਾਂ ਸਦਕਾ ਛੇਤੀ ਹੀ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ।

1739 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਨਾਦਰ ਸ਼ਾਹ ਦੀ ਫ਼ੌਜ ਉੱਤੇ ਹਮਲਾ ਕਰਕੇ ਬਹੁਤ ਸਾਰਾ ਧਨ ਲੁੱਟ ਲਿਆ ਸੀ।

1746 ਈ. ਵਿੱਚ ਛੋਟੇ ਘੱਲੂਘਾਰੇ ਸਮੇਂ ਜੱਸਾ ਸਿੰਘ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ। ਸਿੱਟੇ ਵਜੋਂ ਉਨ੍ਹਾਂ ਦਾ ਨਾਂ ਦੂਰ-ਦੂਰ ਤਾਈਂ ਪ੍ਰਸਿੱਧ ਹੋ ਗਿਆ।

1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਮੇਂ ਜੱਸਾ ਸਿੰਘ ਆਹਲੂਵਾਲੀਆ ਨੂੰ ਸਰਵਉੱਚ ਸੈਨਾਪਤੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਦਲ ਖ਼ਾਲਸਾ ਦੀ ਯੋਗ ਅਗਵਾਈ ਕਰਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ।

1761 ਈ. ਵਿੱਚ ਜੱਸਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ। ਇਹ ਸਿੱਖਾਂ ਦੀ ਇੱਕ ਅਤਿਅੰਤ ਮਹੱਤਵਪੂਰਨ ਜਿੱਤ ਸੀ।

1762 ਈ. ਵਿੱਚ ਵੱਡੇ ਘੱਲੂਘਾਰੇ ਸਮੇਂ ਵੀ ਜੱਸਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ।

1764 ਈ. ਵਿੱਚ ਜੱਸਾ ਸਿੰਘ ਨੇ ਸਰਹਿੰਦ ‘ਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਹਾਕਮ ਜੈਨ ਖ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

1778 ਈ. ਵਿੱਚ ਜੱਸਾ ਸਿੰਘ ਨੇ ਕਪੂਰਥਲਾ ‘ਤੇ ਕਬਜ਼ਾ ਕਰ ਲਿਆ ਅਤੇ ਇਸ ਨੂੰ ਆਹਲੂਵਾਲੀਆ ਮਿਸਲ ਦੀ ਰਾਜਧਾਨੀ ਬਣਾ ਦਿੱਤਾ।


ਪ੍ਰਸ਼ਨ 1. ਜੱਸਾ ਸਿੰਘ ਆਹਲੂਵਾਲੀਆ ਕੌਣ ਸਨ?

ਉੱਤਰ : ਜੱਸਾ ਸਿੰਘ ਆਹਲੂਵਾਲੀਆ, ਆਹਲੂਵਾਲੀਆ ਮਿਸਲ ਦੇ ਮੋਢੀ ਸਨ।

ਪ੍ਰਸ਼ਨ 2. ਆਹਲੂਵਾਲੀਆ ਮਿਸਲ ਦਾ ਇਹ ਨਾਂ ਕਿਉਂ ਪਿਆ?

ਉੱਤਰ : ਕਿਉਂਕਿ ਜੱਸਾ ਸਿੰਘ, ਆਹਲੂਵਾਲੀਆ ਆਹਲੂ ਪਿੰਡ ਦਾ ਵਸਨੀਕ ਸੀ।

ਪ੍ਰਸ਼ਨ 3. ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਦਾ ਨਾਂ ਕੀ ਸੀ?

ਉੱਤਰ : ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਦਾ ਨਾਂ ਕਪੂਰਥਲਾ ਸੀ।

ਪ੍ਰਸ਼ਨ 4. ਜੱਸਾ ਸਿੰਘ ਆਹਲੂਵਾਲੀਆ ਦੀਆਂ ਕੋਈ ਦੋ ਸਫਲਤਾਵਾਂ ਲਿਖੋ।

ਉੱਤਰ : (i) ਉਨ੍ਹਾਂ ਨੇ ਦਲ ਖ਼ਾਲਸਾ ਦੀ ਯੋਗ ਅਗਵਾਈ ਕੀਤੀ।

(ii) ਉਨ੍ਹਾਂ ਨੇ 1761 ਈ. ਵਿੱਚ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ।