ਅਣਡਿੱਠਾ ਪੈਰਾ : ਨਵਾਬ ਕਪੂਰ ਸਿੰਘ
ਫ਼ੈਜ਼ਲਪੁਰੀਆ ਮਿਸਲ
ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆ ਮਿਸਲ ਦਾ ਸੰਸਥਾਪਕ ਸੀ। ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫ਼ੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ। ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖਿਆ ਗਿਆ। ਇਸੇ ਕਾਰਨ ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ। ਸਰਦਾਰ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਛੇਤੀ ਹੀ ਉਹ ਸਿੱਖਾਂ ਦੇ ਇੱਕ ਪ੍ਰਸਿੱਧ ਆਗੂ ਬਣ ਗਏ।
1733 ਈ. ਵਿੱਚ ਉਨ੍ਹਾਂ ਨੇ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਨਵਾਬ ਦਾ ਅਹੁਦਾ ਤੇ 1 ਲੱਖ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਪ੍ਰਾਪਤ ਕੀਤੀ ਸੀ।
1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਗਠਿਤ ਕੀਤਾ। ਉਨ੍ਹਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਇਨ੍ਹਾਂ ਦੋਹਾਂ ਦਲਾਂ ਦੀ ਅਗਵਾਈ ਕੀਤੀ।
1748 ਈ. ਵਿੱਚ ਉਨ੍ਹਾਂ ਨੇ ਦਲ ਖ਼ਾਲਸਾ ਦੀ ਸਥਾਪਨਾ ਕਰਕੇ ਸਿੱਖ ਪੰਥ ਲਈ ਇੱਕ ਮਹਾਨ ਕਾਰਜ ਕੀਤਾ। ਅਸਲ ਵਿੱਚ ਸਿੱਖ ਪੰਥ ਦੇ ਵਿਕਾਸ ਅਤੇ ਉਸ ਨੂੰ ਸੰਗਠਿਤ ਕਰਨ ਵਿੱਚ ਨਵਾਬ ਕਪੂਰ ਸਿੰਘ ਦਾ ਯੋਗਦਾਨ ਬੜਾ ਸ਼ਲਾਘਾਯੋਗ ਸੀ।
ਪ੍ਰਸ਼ਨ 1. ਫ਼ੈਜ਼ਲਪੁਰੀਆ ਮਿਸਲ ਦੇ ਮੋਢੀ ਕੌਣ ਸਨ?
ਉੱਤਰ : ਫ਼ੈਜ਼ਲਪੁਰੀਆ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ।
ਪ੍ਰਸ਼ਨ 2. ਫ਼ੈਜ਼ਲਪੁਰੀਆ ਮਿਸਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?
ਉੱਤਰ : ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘ ਪੁਰੀਆ ਮਿਸਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਪ੍ਰਸ਼ਨ 3. ਸਰਦਾਰ ਕਪੂਰ ਸਿੰਘ ਨੇ ਕਦੋਂ ਅਤੇ ਕਿਸ ਤੋਂ ਨਵਾਬ ਦਾ ਅਹੁਦਾ ਪ੍ਰਾਪਤ ਕੀਤਾ ਸੀ?
ਉੱਤਰ : ਸਰਦਾਰ ਕਪੂਰ ਸਿੰਘ ਨੇ 1733 ਈ. ਵਿੱਚ ਪੰਜਾਬ ਦੇ ਮੁਗ਼ਲ ਸੂਬੇਦਾਰ ਜ਼ਕਰੀਆ ਖਾਂ ਤੋਂ ਨਵਾਬ ਦਾ ਅਹੁਦਾ ਪ੍ਰਾਪਤ ਕੀਤਾ ਸੀ।
ਪ੍ਰਸ਼ਨ 4. ਨਵਾਬ ਕਪੂਰ ਸਿੰਘ ਦੀਆਂ ਕੋਈ ਦੋ ਸਫਲਤਾਵਾਂ ਬਾਰੇ ਦੱਸੋ।
ਉੱਤਰ : (i) ਉਨ੍ਹਾਂ ਨੇ 1734 ਈ. ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕੀਤਾ।
(ii) ਉਨ੍ਹਾਂ ਨੇ 1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਕੀਤੀ।