ਅਣਡਿੱਠਾ ਪੈਰਾ – ਜਾਨ ਬਚਾਉਣ ਵਾਲਾ ਰੁੱਖ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਵੱਸਦੇ ਲੋਕ ਉੱਜੜ-ਪੁੱਜੜ ਗਏ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ ਪਰ ਝੱਖੜ ਸਾਹਵੇਂ ਉਹਨਾਂ ਦੇ ਪੈਰ ਨਹੀਂ ਸਨ ਟਿਕੇ। ਉਹ ਉੱਖੜੀਆਂ ਹੋਈਆਂ ਝਾੜੀਆਂ ਵਾਂਗੂੰ ਅੱਗੇ ਹੀ ਅੱਗੇ ਲੁੜ੍ਹਕਦੇ, ਰਿੜ੍ਹਦੇ ਗਏ ਸਨ। ਅਚਾਨਕ ਉਹਨਾਂ ਨੂੰ ਜਾਪਿਆ, ਕਿਸੇ ਨੇ ਬਾਂਹਵਾਂ ਫੈਲਾ ਦਿੱਤੀਆਂ ਸਨ। ਉਹ ਉਹਨਾਂ ਬਾਹਵਾਂ ਦੇ ਘੇਰੇ ਵਿੱਚ ਅਟਕ ਗਏ ਸਨ। ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਜਦੋਂ ਉਹਨਾਂ ਦੀ ਹੋਸ਼ ਪਰਤੀ, ਝੱਖੜ ਥੰਮ੍ਹ ਚੁੱਕਿਆ ਸੀ। ਜਿਸ ਨੇ ਝੱਖੜ ਦੀ ਤੀਬਰ ਗਤੀ ਕੋਲੋਂ ਉਹਨਾਂ ਦੀ ਜਾਨ ਬਚਾਈ ਸੀ, ਉਹ ਇੱਕ ਰੁੱਖ ਸੀ। ਉਸ ਰੁੱਖ ਦੀਆਂ ਟਾਹਣੀਆਂ ਹੇਠਾਂ ਤੱਕ ਲਮਕ ਰਹੀਆਂ ਸਨ। ਉਹ ਤਿੰਨ ਜਣੇ ਉਹਨਾਂ ਟਾਹਣੀਆਂ ਵਿੱਚ ਅਟਕੇ ਹੋਏ ਸਨ। ਉਹ ਟਾਹਣੀਆਂ ਵਿੱਚੋਂ ਬਾਹਰ ਨਿਕਲੇ। ਰੁੱਖ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ। ਭੀਖੂ ਬੋਲਿਆ, “ਇਸ ਰੁੱਖ ਦੇ ਪੀਣ ਲਈ ਨੇੜੇ ਹੀ ਕਿਧਰੇ ਪਾਣੀ ਏਂ, ਤਾਂ ਹੀ ਇਹ ਰੁੱਖ
ਏਨਾ ਹਰਾ ਏ।” ਪਾਣੀ ਲੱਭਣ ਲਈ ਭੀਖੂ ਨੇ ਡੰਗੋਰੀ ਨਾਲ ਥਾਂ-ਥਾਂ ਤੋਂ ਜ਼ਮੀਨ ਨੂੰ ਠਕੋਰਿਆ, ਸੂਰਜ ਦੀ ਦਿਸ਼ਾ ਵੇਖੀ, ਜ਼ਮੀਨ ਉੱਤੇ ਕੁਝ ਲੋਕਾਂ ਵਾਹੀਆਂ ਤੇ ਫਿਰ ਇੱਕ ਥਾਂ ਉੱਤੇ ਡੰਗੋਰੀ ਗੱਡ ਦਿੱਤੀ। ਉਹ ਸਾਰੇ ਜੀਅ ਰਲ ਕੇ ਨਿਸ਼ਾਨ ਵਾਲੀ ਥਾਂ ਪੁੱਟਣ ਲੱਗ ਪਏ। ਉੱਥੇ ਸੱਚ-ਮੁੱਚ ਹੀ ਪਾਣੀ ਸੀ। ਝੱਖੜ ਨੇ ਪਾਣੀ ਦੇ ਉਸ ਸ੍ਰੋਤ ਨੂੰ ਰੇਤ ਨਾਲ ਢਕ ਦਿੱਤਾ ਸੀ।
ਪ੍ਰਸ਼ਨ 1. ਭੀਖੂ ਨੇ ਕਿਸ ਨੂੰ ਘੁੱਟ ਕੇ ਫੜਿਆ ਹੋਇਆ ਸੀ?
(ੳ) ਆਪਣੀ ਪਤਨੀ ਅਤੇ ਪੁੱਤਰ ਨੂੰ
(ਅ) ਪੁੱਤਰ ਅਤੇ ਪੁੱਤਰੀ ਨੂੰ
(ੲ) ਪੁੱਤਰ ਅਤੇ ਮਾਂ ਨੂੰ
(ਸ) ਪਤਨੀ ਅਤੇ ਪੁੱਤਰੀ ਨੂੰ
ਪ੍ਰਸ਼ਨ 2. ਉਹ ਕਿਹੜੀਆਂ ਝਾੜੀਆਂ ਵਾਂਗ ਅੱਗੇ ਲੁੜਕਦੇ ਗਏ?
(ੳ) ਵੱਡੀਆਂ ਝਾੜੀਆਂ
(ਅ) ਉੱਖੜੀਆਂ ਹੋਈਆਂ ਝਾੜੀਆਂ
(ੲ) ਬੰਨ੍ਹੀਆਂ ਹੋਈਆਂ ਝਾੜੀਆਂ
(ਸ) ਕੰਡਿਆਂ ਵਾਲੀਆਂ ਝਾੜੀਆਂ
ਪ੍ਰਸ਼ਨ 3. ਝੱਖੜ ਤੋਂ ਉਹਨਾਂ ਦੀ ਜਾਨ ਬਚਾਉਣ ਵਾਲਾ ਕੌਣ ਸੀ?
(ੳ) ਭੀਖੂ
(ਅ) ਭੀਖੂ ਦਾ ਪੁੱਤਰ
(ੲ) ਭੀਖੂ ਦੀ ਪਤਨੀ
(ਸ) ਇੱਕ ਰੁੱਖ
ਪ੍ਰਸ਼ਨ 4. ਕਿਸ ਦੀਆਂ ਟਾਹਣੀਆਂ ਹੇਠਾਂ ਤੱਕ ਲਮਕ ਰਹੀਆਂ ਸਨ?
(ੳ) ਰੁੱਖ ਦੀਆਂ
(ਅ) ਝਾੜੀ ਦੀਆਂ
(ੲ) ਬੂਟੇ ਦੀਆਂ
(ਸ) ਵੇਲ ਦੀਆਂ
ਪ੍ਰਸ਼ਨ 5. ਝੱਖੜ ਨੇ ਪਾਣੀ ਦੇ ਸ੍ਰੋਤ ਨੂੰ ਕਿਸ ਨਾਲ ਢਕ ਦਿੱਤਾ ਸੀ?
(ੳ) ਮਿੱਟੀ ਨਾਲ਼
(ਅ) ਕੱਖਾਂ ਨਾਲ਼
(ੲ) ਪੱਤਿਆਂ ਨਾਲ਼
(ਸ) ਰੇਤ ਨਾਲ਼