ਅਣਡਿੱਠਾ ਪੈਰਾ – ਇਖ਼ਲਾਕੀ ਦੀਵਾਲੀਆਪਨ

ਇਕੱਲਾਪਨ

ਇਸ ਦਿਸਦੇ ਵਸਦੇ ਜਗਤ ਵਿਚ ਸਾਰੇ ਜੀਵ, ਵੱਖੋ-ਵੱਖ, ਟੁਰਦੇ-ਫਿਰਦੇ, ਖਾਂਦੇ-ਪੀਂਦੇ, ਲੜਦੇ-ਝਗੜਦੇ, ਆਪਾ ਪਾਲਦੇ, ‘ਦੂਏ ਆਪੇ’ ਤੋਂ ਵਖੇਵੇਂ ਕਰਦੇ ਨਜ਼ਰ ਪੈਂਦੇ ਹਨ। ਹਰੇਕ ਜੀਵ ਨੂੰ ਸਗੋਂ ਹਰੇਕ ਮਨੁੱਖ ਨੂੰ ਆਪਣੀ ਸਲਾਮਤੀ ਲਈ, ਆਪਣੀ ਪਾਲਣਾ ਲਈ, ਆਪਣੇ ਜਾਇਆਂ ਦੀ ਪਾਲਣਾ ਤੇ ਸਲਾਮਤੀ ਲਈ ਹਰ ਵੇਲੇ ਕਸ਼ਮਕਸ਼ ਲੱਗ ਰਹੀ ਹੈ। ਇਸ ਕਸ਼ਮਕਸ਼ ਵਿਚ ਉਸਨੂੰ ਦੂਜਿਆਂ ਤੋਂ ਖੋਹਣ ਦਾ ਜਤਨ ਹੈ, ਇਸ ਜਤਨ ਵਿਚ ਅਕਸਰ ਵੈਰ ਜ਼ੋਰ ਦਾ ਤੇ ਕਈ ਵਾਰ ਝੂਠ ਫਰੇਬ ਦਾ ਵਰਤਾਉ ਵਰਤਿਆ ਜਾਂਦਾ ਹੈ। ਇਸ ਦਾ ਫਲ ਇਹ ਹੁੰਦਾ ਹੈ ਕਿ ਹਰ ਪ੍ਰਾਣੀ ਆਪਣੇ ਆਪ ਨੂੰ ਇਕੱਲਾ ਤੇ ਬੇਆਸਰਾ ਸਮਝਦਾ ਹੈ। ਇਸ ਇਕੱਲ ਤੇ ਬੇਆਸਰੇਪਨੇ ਦਾ ਭਾਵ ਇਸ ਨੂੰ ਇਕ ਤਰ੍ਹਾਂ ਦੇ ਮਿੱਤਰ ਬਣਾਉਣ ਵੱਲ ਪ੍ਰੇਰਦਾ ਹੈ ਤੇ ਇਸ ਤੋਂ ਵੀ ਧੜੇ ਹੀ ਖੜ੍ਹੇ ਹੁੰਦੇ ਹਨ। ਵਿਦਿਆ ਪਾ ਕੇ, ਬਲ ਪਾ ਕੇ, ਜਸ ਪਾ ਕੇ ਵੀ ਇਨਸਾਨੀ ਦਿਲ ਇਨ੍ਹਾਂ ਹੀ ਖਾਮੀਆਂ ਵਿਚ ਟੁਰਦਾ ਰਹਿੰਦਾ ਹੈ। ਇਹ ਦਸ਼ਾ ਜਦੋਂ ਰੂਹਾਨੀ ਕਸਵੱਟੀ ਤੇ ਲਾਈ ਜਾਵੇ ਤਾਂ ਇਹ ‘ਨਿਤਾਣਪੁਣੇ’ ਦੀ ਦੱਸ ਦਿੰਦੀ ਹੈ। ਮਤਲਬ ਇਹ ਹੈ ਕਿ ਇਹ ਅੰਦਰਲੇ ਤੇ ਅੰਦਰਲੀਆਂ ਦੀਆਂ ਤਾਕਤਾਂ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ। ਇਹ ਕਮਜ਼ੋਰੀ ਇਖ਼ਲਾਕੀ ਦੀਵਾਲਾ ਹੈ ਤੇ ਰੂਹਾਨੀ ਘਾਟਾ ਹੈ। ਜਗਤ ਵਿਚ ਬਹੁਤਾ ਦੁੱਖ ਇਸ ਕਰਕੇ ਹੈ, ਪਿਆਰ ਦੀ ਅਣਹੋਂਦ ਇਸੇ ਤੋਂ ਹੋਈ ਹੈ। ਝਗੜੇ, ਫਸਾਦ, ਮਾਰੋ, ਵੱਢੋ, ਵੈਰ-ਵਿਰੋਧ ਇਸੇ ਤੋਂ ਹੀ ਉਪਜੇ ਹਨ। ਜਗਤ ਦੁੱਖੀ ਹੈ, ਪਰ ਬਹੁਤਾ ਦੁੱਖੀ ਇਸ ਹਾਲਤ ਕਰਕੇ ਹੈ। (ਭਾਈ ਵੀਰ ਸਿੰਘ)


ਉਪਰੋਕਤ ਵਾਰਤਕ ਪੈਰੇ ਦੇ ਅਧਾਰ ‘ਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :

ਪ੍ਰਸ਼ਨ 1. ਉੱਪਰ ਦਿੱਤੀ ਰਚਨਾ ਦਾ ਸਿਰਲੇਖ ਲਿਖੋ।

ਪ੍ਰਸ਼ਨ 2. ਉੱਪਰ ਦਿੱਤੀ ਰਚਨਾ ਨੂੰ ਸੰਖੇਪ ਕਰਕੇ ਲਿਖੋ।

ਪ੍ਰਸ਼ਨ 3. ਮਨੁੱਖ ਕਸ਼ਮਕਸ਼ ਵਿਚ ਕਿਉਂ ਹੈ ਅਤੇ ਜਗਤ ਇੰਨਾਂ ਦੁਖੀ ਕਿਉਂ ਹੈ?

ਪ੍ਰਸ਼ਨ 4. ਹਰ ਪ੍ਰਾਣੀ ਆਪਣੇ ਆਪ ਨੂੰ ਇਕੱਲਾ ਅਤੇ ਬੇਆਸਰਾ ਕਿਉਂ ਸਮਝਦਾ ਹੈ?