ਅਣਡਿੱਠਾ ਪੈਰਾ – ਅਜਾਇਬਘਰ
ਹੇਠ ਦਿੱਤੇ ਅਣਡਿੱਠੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਡਾ. ਰੰਧਾਵਾ ਜੀ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਦੀ ਪ੍ਰਫੁੱਲਤਾ ਨਾਲ ਜੁੜਿਆ ਹੋਇਆ ਹੈ। ਡਾ. ਰੰਧਾਵਾ ਜੀ ਇਸ ਪ੍ਰਭਾਵ ਬਾਰੇ ਸਪਸ਼ਟ ਸਨ ਕਿ ਪੱਛਮ ਦੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤੱਕ ਪਹੁੰਚ ਰਹੀ ਹੈ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜ੍ਹੀਆਂ ਤੇ ਮੂੜ੍ਹੇ ਛੇਤੀ-ਛੇਤੀ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਤੇ ਜੇ ਇਹ ਲਾਪਰਵਾਹੀ ਵਿੱਚ ਅਲੋਪ ਹੋ ਗਏ ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਜਾਵੇਗਾ। ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਨ ਲਈ ਡਾ. ਰੰਧਾਵਾ ਨੇ ਵਿਸ਼ੇਸ਼ ਉਪਰਾਲੇ ਕੀਤੇ। ਵੱਡੇ-ਵੱਡੇ ਪਿੰਡਾਂ ਵਿੱਚ ‘ਪੇਂਡੂ ਅਜਾਇਬ-ਘਰ’ ਬਣਵਾਏ। ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੇਂਡੂ ਸੱਭਿਆਚਾਰ ਦਾ ਜਿਊਂਦਾ-ਜਾਗਦਾ ਅਜਾਇਬ-ਘਰ ਬਣਵਾਇਆ। ਇਸ ਅਜਾਇਬ-ਘਰ ਦੀ ਨਿਗਰਾਨੀ ਉਹ ਆਪ ਕਰਦੇ ਰਹੇ। ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ ਤੇ ਮਿੱਟੀ ਦੀਆਂ ਟਿੰਡਾਂ, ਝਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਤੇ ਬਾਗ਼ ਇਸ ਅਜਾਇਬ-ਘਰ ਦੇ ਭੰਡਾਰ ਵਿੱਚ ਸ਼ਾਮਲ ਹਨ। ਆਉਣ ਵਾਲੇ ਸਮਿਆਂ ਵਿੱਚ ਪੰਜਾਬ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਪੁਰਾਣੇ ਪੰਜਾਬ ਦਾ ਚਿਹਰਾ – ਮੁਹਰਾ ਵੇਖਣ ਲਈ ਇਹ ਅਜਾਇਬ-ਘਰ (ਜੋ ਅਮੀਰ ਸੱਭਿਆਚਾਰਿਕ ਵਿਰਸੇ ਨੂੰ ਸੰਭਾਲੀ ਬੈਠਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੈ।) ਸ਼ੀਸ਼ੇ ਦਾ ਕੰਮ ਕਰੇਗਾ।
ਪ੍ਰਸ਼ਨ 1. ਡਾ. ਰੰਧਾਵਾ ਨੇ ਕਿੱਥੋਂ ਦੇ ਸੱਭਿਆਚਾਰ ਅਤੇ ਸਾਹਿਤ ਨੂੰ ਪ੍ਰਫੁੱਲਤ ਕੀਤਾ ?
(ੳ) ਹਰਿਆਣਾ ਦੇ
(ਅ) ਹਿਮਾਚਲ ਦੇ
(ੲ) ਜੰਮੂ ਦੇ
(ਸ) ਪੰਜਾਬ ਦੇ
ਪ੍ਰਸ਼ਨ 2. ਡਾ. ਰੰਧਾਵਾ ਨੇ ਵੱਡੇ-ਵੱਡੇ ਪਿੰਡਾਂ ਵਿੱਚ ਕੀ ਬਣਵਾਏ?
(ੳ) ਪੇਂਡੂ ਅਜਾਇਬ-ਘਰ
(ਅ) ਥੀਏਟਰ
(ੲ) ਪੰਚਾਇਤ-ਘਰ
(ਸ) ਸੱਭਿਆਚਾਰਿਕ ਕੇਂਦਰ
ਪ੍ਰਸ਼ਨ 3. ਡਾ. ਰੰਧਾਵਾ ਨੂੰ ਪੰਜਾਬੀਆਂ ਦੇ ਕਿਹੜੇ ਵਿਰਸੇ ਦੇ ਅਲੋਪ ਹੋ ਜਾਣ ਦਾ ਵਿਸ਼ਵਾਸ ਹੋ ਗਿਆ ਸੀ ?
(ੳ) ਪੇਂਡੂ
(ਅ) ਸ਼ਹਿਰੀ
(ੲ) ਮਹੱਤਵਪੂਰਨ
(ਸ) ਅਮੀਰ
ਪ੍ਰਸ਼ਨ 4. ਪੇਂਡੂ ਸੱਭਿਆਚਾਰ ਦੇ ਜਿਊਂਦੇ-ਜਾਗਦੇ ਅਜਾਇਬ-ਘਰ ਦੀ ਨਿਗਰਾਨੀ ਕੌਣ ਕਰਦਾ ਰਿਹਾ ?
(ੳ) ਡਾ. ਰੰਧਾਵਾ
(ਅ) ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਧਿਕਾਰੀ
(ੲ) ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਸੱਭਿਆਚਾਰਿਕ ਕੇਂਦਰ
(ਸ) ਪੰਜਾਬ ਸਰਕਾਰ
ਪ੍ਰਸ਼ਨ 5. ਖੇਤੀ-ਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਅਜਾਇਬ-ਘਰ ਕਿਹੜੀਆਂ ਇੱਟਾਂ ਦਾ ਬਣਿਆ ਹੈ ?
(ੳ) ਬਾਬਰਸ਼ਾਹੀ
(ਅ) ਨਾਨਕਸ਼ਾਹੀ
(ੲ) ਆਧੁਨਿਕ
(ਸ) ਨਿੱਕੀਆਂ