ਅਖਾਣ ਤੇ ਮੁਹਾਵਰੇ


ਅਖਾਉਤਾਂ ਦੀ ਵਾਕਾਂ ਵਿਚ ਵਰਤੋਂ


1. ਉੱਠੇ ਤਾਂ ਉੱਠ, ਨਹੀਂ ਤਾਂ ਰੇਤ ਦੀ ਮੁੱਠ (ਜਿਹੜਾ ਬੰਦਾ ਕੰਮ ਨਹੀਂ ਕਰਦਾ, ਉਹ ਬੇਕਾਰ ਹੈ। ) – ਬੰਦਾ ਕੰਮ ਕਰਦਾ ਹੀ ਸ਼ੋਭਦਾ ਹੈ, ਨਿਕੰਮਾ ਬੰਦਾ ਜਿਹਾ ਹੋਇਆ, ਤਿਹਾ ਨਾ ਹੋਇਆ। ਸਿਆਣੇ ਕਹਿੰਦੇ ਹਨ ”ਉੱਠੇ ਤਾਂ ਉਠ, ਨਹੀਂ ਤਾਂ ਰੇਤ ਮੁੱਠ।”

2. ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ ‘ਤੇ ਮੋਹਰਾਂ (ਜਦੋਂ ਕੀਮਤੀ ਚੀਜ਼ਾਂ ਵਲ ਬੇਪਰਵਾਹੀ ਵਰਤੀ ਜਾਵੇ, ਪਰ ਨਿਗੂਣੀਆਂ ਚੀਜ਼ਾਂ ਦੀ ਸੰਭਾਲ ਕੀਤੀ ਜਾਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।) – ਸਾਡੇ ਦੇਸ਼ ਦੇ ਲੀਡਰਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਨਵੀਆਂ-ਨਵੀਆਂ ਖੋਜਾਂ ਕਰਨ ਤੇ ਕਾਢਾਂ ਕੱਢਣ ਦੀ ਸਮਰੱਥਾ ਰੱਖਣ ਵਾਲੇ ਵਿਗਿਆਨੀਆਂ ਨੂੰ ਨੌਕਰੀਆਂ ਤੇ ਮਾਣ-ਸਨਮਾਨ ਨਾ ਦੇਣਾ ਅਤੇ ਆਪਣੀ ਕੁਨਬਾਪਰਵਰੀ ਦੀ ਨੀਤੀ ਉੱਤੇ ਚਲਦਿਆਂ ਨਿਕੰਮੇ ਤੇ ਭ੍ਰਿਸ਼ਟ ਵਿਅਕਤੀਆਂ ਨੂੰ ਚੰਗੀਆਂ ਨੌਕਰੀਆਂ ਤੇ ਉੱਚੇ ਅਹੁਦੇ ਦੇਣਾ, ‘ਅਸ਼ਰਫ਼ੀਆਂ ਦੀ ਲੁੱਟ ਤੇ ਕੋਲਿਆਂ ‘ਤੇ ਮੋਹਰਾਂ’ ਵਾਲੀ ਗੱਲ ਹੈ।

3. ਅੱਗੇ ਸੱਪ ਤੇ ਪਿੱਛੇ ਸ਼ੀਂਹ (ਇਹ ਅਖਾਣ ਉਦੋਂ ਵਰਤੀ ਜਾਂਦੀ ਹੈ, ਜਦੋਂ ਆਦਮੀ ਮੁਸ਼ਕਿਲਾਂ ਜਾਂ ਡਰ ਕਾਰਨ ਨਾ ਅੱਗੇ ਜਾ ਸਕੇ ਤੇ ਨਾ ਪਿੱਛੇ ਮੁੜ ਸਕੇ।) – ਜਿਹੜੇ ਲੋਕ ਕਰਜ਼ੇ ਚੁੱਕ ਕੇ ਏਜੰਟਾਂ ਦੇ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਂਦੇ ਹਨ, ਉਨ੍ਹਾਂ ਦੀ ਹਾਲਤ ‘ਅੱਗੇ ਸੱਪ ਤੇ ਪਿੱਛੇ ਸ਼ੀਂਹ’ ਵਾਲੀ ਹੁੰਦੀ ਹੈ। ਉਹ ਨਾ ਤਾਂ ਕਰਜ਼ੇ ਦੇ ਡਰ ਕਾਰਨ ਪਿੱਛੇ ਮੁੜਨ ਜੋਗੇ ਹੁੰਦੇ ਹਨ ਤੇ ਨਾ ਵਿਦੇਸ਼ ਵਿਚ ਪੁਲਿਸ ਦੇ ਡਰ ਕਾਰਨ ਚੈਨ ਨਾਲ ਕਿਤੇ ਰਹਿਣ ਤੇ ਰੋਜ਼ੀ ਕਮਾਉਣ ਜੋਗੇ।

4. ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ (ਜਦੋਂ ਇਹ ਦੱਸਣਾ ਹੋਵੇ ਕਿ ਚੰਗੀ ਫ਼ਬਣੀ ਨੂੰ ਚੰਗਾ ਆਦਰ ਮਿਲਦਾ ਹੈ, ਤਦ ਇਹ ਅਖਾਣ ਵਰਤਦੇ ਹਨ।)

ਛਿੰਦਾ – ਜਦੋਂ ਤੋਂ ਕਰਮਚੰਦ ਦਾ ਮੁੰਡਾ ਅਮਰੀਕਾ ਜਾ ਕੇ ਪੈਸੇ ਭੇਜਣ ਲੱਗਾ ਹੈ, ਸਾਰੇ ਰਿਸ਼ਤੇਦਾਰ ਉਸ ਦੇ ਮਗਰ-ਮਗਰ ਫਿਰਦੇ ਹਨ।

ਕੁਲਵੰਤ – ਬਈ ਸਿਆਣੇ ਕਹਿੰਦੇ ਹਨ, ‘ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ।’ ਪੈਸੇ ਵਾਲੇ ਬੰਦੇ ਕੋਲ ਸਾਰੇ ਹੀ ਢੁੱਕ-ਢੁੱਕ ਬਹਿੰਦੇ ਹਨ।

5. ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਜਾਪਦਾ ਹੈ (ਜਦੋਂ ਕੋਈ ਆਪਣੀ ਅਕਲ ਤੇ ਦੂਜੇ ਦੇ ਧਨ ਦੀ ਵਡਿਆਈ ਕਰੇ, ਤਦ ਇਸ ਨੂੰ ਠੀਕ ਨਾ ਸਮਝਣ ਵਾਲਾ ਇਸ ਅਖਾਣ ਦੀ ਵਰਤੋਂ ਕਰਦਾ ਹੈ।) —

ਬਲਵੰਤ – ਗੁਰਚਰਨ ਸਿਹਾਂ, ਤੂੰ ਤਾਂ ਵਪਾਰੀ ਆਦਮੀ ਹੈਂ : ਤੇਰੇ ਕੋਲ ਧਨ ਦੀ ਕੀ ਕਮੀ ਹੈ? ਤੇਰੇ ਕੋਲ ਤਾਂ ਕਾਲੇ ਧਨ ਤੇ ਚਿੱਟੇ ਧਨ ਦੇ ਅੰਬਾਰ ਲੱਗੇ ਹੋਏ ਹਨ।

ਗੁਰਚਰਨ – ਭਈ, ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਹੀ ਜਾਪਦਾ ਹੈ। ਤੈਨੂੰ ਇਹ ਨਹੀਂ ਪਤਾ ਕਿ ਮੈਂ ਆਪਣਾ ਵਪਾਰ ਕਿਹੜੇ-ਕਿਹੜੇ ਬੈਂਕ ਤੋਂ ਕਰਜ਼ਾ ਲੈਕੇ ਚਲਾ ਰਿਹਾ ਹਾਂ।

6. ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ (ਇਸ ਅਖਾਣ ਦੀ ਵਰਤੋਂ ਆਪਣੇ ਹੱਥੀਂ ਕੀਤੇ ਕੰਮ ਦੀ ਮਹਾਨਤਾ ਦਰਸਾਉਣ ਲਈ ਕੀਤੀ ਜਾਂਦੀ ਹੈ।) – ਭਾਈ, ਗੁਰਬਾਣੀ ਕਹਿੰਦੀ ਹੈ, ‘ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੰਮ ਸਮੇਂ ਸਿਰ ਠੀਕ-ਠਾਕ ਹੋ ਜਾਵੇ, ਤਾਂ ਤੁਸੀਂ ਪਰਾਈ ਆਸ ਛੱਡ ਕੇ ਆਪ ਹੀ ਕੰਮ ਵਿਚ ਜੁੱਟ ਜਾਵੋ।

7. ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ (ਜਦ ਕੋਈ ਬੰਦਾ ਜਾਣ-ਬੁੱਝ ਕੇ ਆਪ ਹੀ ਕੋਈ ਮੁਸੀਬਤ ਗਲ ਪਾ ਲਏ, ਤਾਂ ਉਸ ਦੀ ਕੋਈ ਕਿਵੇਂ ਸਹਾਇਤਾ ਕਰ ਸਕਦਾ ਹੈ।) – ਜਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਇਨ੍ਹਾਂ ਚੋਰ-ਉਚੱਕਿਆਂ ਦੀ ਸੰਗਤ ਛੱਡ ਦੇਹ, ਉਦੋਂ ਤੂੰ ਮੰਨਿਆ ਨਹੀਂ। ਹੁਣ ਜਦੋਂ ਪੁਲਿਸ ਨੇ ਉਨ੍ਹਾਂ ਦੇ ਨਾਲ ਤੈਨੂੰ ਵੀ ਚੋਰੀ ਦੇ ਕੇਸ ਵਿਚ ਲਪੇਟ ਲਿਆ ਹੈ, ਤਾਂ ਕਿਸੇ ਦਾ ਕੀ ਦੋਸ਼ ? ਅਖੇ, ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਏ’।

8. ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ (ਕੋਈ ਆਪਣੀ ਹੀ ਵਡਿਆਈ ਕਰੇ, ਤਾਂ ਇਹ ਅਖਾਣ ਵਰਤੀ ਜਾਂਦੀ ਹੈ।) – ਅਖੇ, ‘ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ। ਗੁਣ ਸੋਈ, ਜਿਸ ਨੂੰ ਦੂਸਰੇ ਲੋਕ ਸਲਾਹੁਣ। ‘ਆਪਣੇ ਮੂੰਹੋਂ ਤਾਂ ਹਰ ਕੋਈ ਮੀਆਂ ਮਿੱਠੂ ਬਣ ਜਾਂਦਾ ਹੈ।’

9. ਆਰੀ ਨੂੰ ਇਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀਂ ਦੰਦੇ (ਦੁਨੀਆ ਕਿਸੇ ਦਾ ਜ਼ਰਾ ਲਿਹਾਜ਼ ਨਹੀਂ ਕਰਦੀ।)— ਭਰਾ ਜੀ, ਤੁਸੀਂ ਚਾਹੇ ਚੰਗਾ ਕਰੋ, ਜਾਂ ਮਾੜਾ, ਤੁਹਾਨੂੰ ਨਿੰਦਿਆ ਕਰਨ ਵਾਲੇ ਤਾਂ ਮਿਲ ਹੀ ਜਾਣਗੇ। ਸਿਆਣੇ ਕਹਿੰਦੇ ਹਨ, ‘ਆਰੀ ਨੂੰ ਇਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀਂ ਦੰਦੇ।

10. ਇਕ ਚੁੱਪ ਤੇ ਸੌ ਸੁਖ (ਬਹਿਸ ਜਾਂ ਝਗੜੇ ਵਿਚ ਪੈਣ ਨਾਲੋਂ ਚੁੱਪ ਰਹਿਣ ਦੇ ਫ਼ਾਇਦੇ ਦੱਸਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਜਦੋਂ ਨਵੀਂ-ਨਵੀਂ ਵਿਆਹੀ ਮੇਰੀ ਧੀ ਨੇ ਆਪਣੇ ਸਹੁਰੇ-ਘਰ ਦੇ ਪਰਿਵਾਰਿਕ ਜੀਆਂ ਵਿਚ ਹੁੰਦੇ ਹਰ ਰੋਜ਼ ਦੇ ਬੋਲ-ਬੁਲਾਰੇ ਬਾਰੇ ਗੱਲ ਕੀਤੀ, ਤਾਂ ਮੈਂ ਉਸ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਕਿਸੇ ਗੱਲ ਵਿਚ ਦਖ਼ਲ ਨਾ ਦੇਵੇ। ਉਸ ਦੀ ਗੱਲ ਕਿਸੇ ਨੂੰ ਚੰਗੀ ਲੱਗੇਗੀ ਤੇ ਕਿਸੇ ਨੂੰ ਨਹੀਂ। ਇਸ ਕਰਕੇ ਕਿਸੇ ਬਹਿਸ ਜਾਂ ਝਗੜੇ ਵਿਚ ਪੈਣ ਨਾਲੋਂ ਚੁੱਪ ਹੀ ਭਲੀ ਹੈ। ਸਿਆਣੇ ਕਹਿੰਦੇ ਹਨ, ‘ਇਕ ਚੁੱਪ ਤੇ ਸੌ ਸੁਖ’।

11. ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ (ਸਚਾਈ ਦੇ ਰਾਹ ਉੱਤੇ ਤੁਰਨ ਵਾਲੇ ਕਰਦੇ ਹਨ।) – ਲੋਕ-ਭਲਾਈ ਦੇ ਕੰਮ ਕਰਨ ਵਾਲੇ ਬੰਦੇ ਲੋਕਾਂ ਦੀ ਪ੍ਰਸੰਸਾ ਦੇ ਪਾਤਰ ਬਣਦੇ ਹਨ। ਠੀਕ ਹੀ ਕਿਹਾ ਗਿਆ ਹੈ, ‘ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ’।

12. ਸ੍ਵੈ-ਭਰੋਸਾ ਵੱਡਾ ਤੋਸ਼ਾ (ਸ੍ਵੈ-ਭਰੋਸੇ ਵਰਗੀ ਕੋਈ ਚੀਜ਼ ਨਹੀਂ।) – ਜ਼ਿੰਦਗੀ ਵਿਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ। ਸ੍ਵੈ-ਭਰੋਸਾ ਰੱਖੋ ਤੇ ਮਿਹਨਤ ਕਰੋ, ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਕਹਿੰਦੇ ਹਨ, ‘ਸ੍ਵੈ-ਭਰੋਸਾ ਵੱਡਾ ਤੋਸ਼ਾ।”

13. ਸਾਰਾ ਜਾਂਦਾ ਦੇਖੀਏ ਅੱਧਾ ਦੇਈਏ ਵੰਡ (ਥੋੜ੍ਹਾ ਨੁਕਸਾਨ ਕਰਾ ਕੇ ਬਹੁਤਾ ਧਨ ਬਚਾਇਆ ਜਾ ਸਕੇ, ਤਾਂ ਬਚਾ ਲੈਣਾ ਚਾਹੀਦਾ ਹੈ।) – ਜਦੋਂ ਮੈਂ ਦੇਖਿਆ ਕਿ ਮੇਰੇ ਘਰ ਪਏ ਕਾਲੇ ਧਨ ਦਾ ਆਮਦਨ ਟੈਕਸ ਵਿਭਾਗ ਨੂੰ ਪਤਾ ਲੱਗ ਚੁੱਕਾ ਹੈ, ਤਾਂ ਮੈਂ ਫਟਾ-ਫਟ ਆਪਣੇ ਕਾਲੇ ਧਨ ਨੂੰ ਆਮਦਨ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ ਨਸ਼ਰ ਕਰ ਕੇ ਸਾਰਾ ਟੈਕਸ ਤੇ ਜੁਰਮਾਨਾ ਭਰ ਦਿੱਤਾ। ਇਸ ਪ੍ਰਕਾਰ ਮੈਂ ਸਿਆਣਿਆਂ ਦੇ ਕਥਨ, ‘ਸਾਰਾ ਜਾਂਦਾ ਦੇਖੀਏ, ਅੱਧਾ ਦੇਈਏ ਵੰਡ’ ਦੀ ਨੀਤੀ ‘ਤੇ ਚਲ ਕੇ ਬਹੁਤ ਸਾਰਾ ਧਨ ਬਚਾ ਲਿਆ।

14. ਸੇਰ ਦੁੱਧ ਤੇ ਵੀਹ ਸੇਰ ਪਾਣੀ, ਘੁੰਮਰ-ਘੁੰਮਰ ਫਿਰੇ ਮਧਾਣੀ (ਘਟੀਆ ਚੀਜ਼ ਦਾ ਮਾਣ ਬਹੁਤਾ ਕਰਨਾ।) – ਜੀਤ ਸਿੰਘ ਨੂੰ ਥਾਂ-ਥਾਂ ਆਪਣੇ ਅਮਰੀਕਾ ਗਏ ਪੁੱਤਰ ਦੀ ਚੰਗੀ ਨੌਕਰੀ ਤੇ ਤਨਖ਼ਾਹ ਦੀਆਂ ਗੱਲਾਂ ਕਰਦਿਆਂ ਦੇਖ ਕੇ ਮੈਂ ਕਿਹਾ, ‘‘ਸੇਰ ਦੁੱਧ ਤੇ ਵੀਹ ਸੇਰ ਪਾਣੀ, ਘੁੰਮਰ-ਘੁੰਮਰ ਫਿਰੇ ਮਧਾਣੀ।” ਜਿਵੇਂ ਸਾਨੂੰ ਪਤਾ ਨਹੀਂ ਕਿ ਉੱਥੇ ਉਹ ਇਕ ਹੋਟਲ ਵਿਚ ਭਾਂਡੇ ਸਾਫ਼ ਕਰਨ ਦਾ ਕੰਮ ਕਰਦਾ ਹੈ।

13. ਹੱਥ ਨੂੰ ਹੱਥ ਧੋਂਦਾ ਹੈ (ਆਪਸੀ ਸਹਿਯੋਗ ਦੀ ਸਿੱਖਿਆ ਦੇਣ ਲਈ ਇਹ ਅਖਾਣ ਵਰਤੀ ਜਾਂਦੀ ਹੈ।) – ਜਦੋਂ ਤੁਸੀਂ ਕਿਸੇ ਓਪਰੀ ਥਾਂ ਚਲੇ ਜਾਵੋ, ਤਾਂ ਤੁਹਾਨੂੰ ਦੂਜਿਆਂ ਦੀ ਲੋੜ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ। ਇਕੱਲਾ ਤਾਂ ਉਹ ਕੁੱਝ ਵੀ ਨਹੀਂ ਕਰ ਸਕਦਾ। ਇਸ ਤਰ੍ਹਾਂ ਸਮਾਜ ਵਿਚ ਹਰ ਬੰਦਾ ਇਕ-ਦੂਜੇ ਦੇ ਕੰਮ ਆਉਂਦਾ ਹੈ, ਤਾਂ ਕੰਮ ਚਲਦਾ ਹੈ। ਸਿਆਣਿਆਂ ਨੇ ਠੀਕ ਕਿਹਾ ਹੈ, ‘ਹੱਥ ਨੂੰ ਹੱਥ ਧੋਂਦਾ ਹੈ’।

16. ਸੰਗ ਤਾਰੇ ਕੁਸੰਗ ਡੋਬੇ (ਇਹ ਅਖਾਣ ਚੰਗੀ ਜਾਂ ਬੁਰੀ ਸੰਗਤ ਦਾ ਅਸਰ ਦਰਸਾਉਣ ਲਈ ਵਰਤੀ ਜਾਂਦੀ ਹੈ।) – ਪਿਤਾ ਨੇ ਪੁੱਤਰ ਨੂੰ ਕਿਹਾ ਕਿ ਉਹ ਨਸ਼ੇਬਾਜ਼ਾਂ ਤੇ ਜੂਏਬਾਜ਼ਾਂ ਦੀ ਸੰਗਤ ਨਾ ਕਰੇ, ਨਹੀਂ ਤਾਂ ਜਿਸ ਦਿਨ ਪੁਲਿਸ ਨੇ ਉਨ੍ਹਾਂ ਨੂੰ ਆ ਦਬੋਚਿਆ, ਤਦ ਨਾਲ ਹੀ ਉਹ ਵੀ ਰਗੜਿਆ ਜਾਵੇਗਾ। ਫਿਰ ਉਸ ਨੂੰ ਜ਼ਿੰਦਗੀ ਭਰ ਪਛਤਾਉਣਾ ਪਵੇਗਾ। ਸਿਆਣੇ ਕਹਿੰਦੇ ਹਨ, ‘ਸੰਗ ਤਾਰੇ ਕੁਸੰਗ ਡੋਬੇ।’

17. ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ (ਦੁਸ਼ਮਣ ਸਖ਼ਤੀ ਨਾਲ ਹੀ ਕਾਬੂ ਆਉਂਦੇ ਹਨ।) – ਜਿੰਨਾ ਚਿਰ ਭਾਰਤ ਨੇ ਸ਼ਾਂਤੀ ਤੇ ਅਹਿੰਸਾ ਦੀ ਨੀਤੀ ਉੱਪਰ ਤੁਰਨਾ ਜਾਰੀ ਰੱਖਿਆ, ਤਾਂ ਚੀਨ ਵੀ ਉਸ ਦੀ ਸਰਹੱਦ ‘ਤੇ ਫ਼ੌਜਾਂ ਚੜ੍ਹਾ ਲਿਆਇਆ ਤੇ ਪਾਕਿਸਤਾਨ ਵੀ। ਪਰ ਜਦੋਂ ਅੱਗੋਂ ਭਾਰਤੀ ਫ਼ੌਜਾਂ ਨੇ ਕਰਾਰੇ ਹੱਥ ਦਿਖਾਏ, ਤਾਂ ਉਹ ਮਿੱਤਰਤਾ ਦੀਆਂ ਗੱਲਾਂ ਕਰਨ ਲੱਗੇ। ਸਿਆਣਿਆਂ ਨੇ ਸੱਚ ਕਿਹਾ ਹੈ, ‘ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ’।

18. ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ (ਜਦੋਂ ਖ਼ਰਚ ਕੁੱਝ ਨਾ ਹੋਵੇ, ਪਰ ਲਾਭ ਬਹੁਤਾ ਹੋਵੇ, ਤਾਂ ਇਹ ਅਖਾਣ ਵਰਤੀ ਜਾਂਦੀ ਹੈ।) – ਮਾਸਟਰ ਜੀ ਨੇ ਬੱਚਿਆਂ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਮਿੱਠਾ-ਬੋਲਣ ਉੱਤੇ ਖ਼ਰਚ ਕੁੱਝ ਵੀ ਨਹੀਂ ਹੁੰਦਾ, ਪਰ ਇਸ ਨਾਲ ਸਾਨੂੰ ਮਿਲ ਬਹੁਤ ਕੁੱਝ ਜਾਂਦਾ ਹੈ। ਅਖੇ, ‘ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ’।

19. ਕਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ (ਕੰਮ ਨੂੰ ਅੱਗੇ ਨਾ ਪਾਉਣ ਦੀ ਸਿੱਖਿਆ ਦੇਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਅਧਿਆਪਕ ਨੇ ਬੱਚਿਆਂ ਨੂੰ ਕਿਹਾ ਕਿ ਜਿਹੜਾ ਕੰਮ ਤੁਹਾਡੇ ਸਾਹਮਣੇ ਹੋਵੇ, ਉਸ ਨੂੰ ਉਸੇ ਵੇਲੇ ਕਰਨਾ ਸ਼ੁਰੂ ਕਰ ਦਿਓ ਤੇ ਮੁਕਾ ਦਿਓ, ਕਲ੍ਹ ‘ਤੇ ਨਾ ਪਾਓ ਕਿਉਂਕਿ ਕਲ੍ਹ ਨੂੰ ਪਤਾ ਨਹੀਂ, ਤੁਸੀਂ ਦੁਨੀਆ ‘ਤੇ ਹੋਵੋਗੇ ਵੀ ਜਾਂ ਨਹੀਂ ਤੇ ਫਿਰ ਹਥਲਾ ਕੰਮ ਸ਼ਾਇਦ ਕਦੇ ਵੀ ਨਾ ਹੋ ਸਕੇ। ਇਸੇ ਕਰਕੇ ਸਿਆਣੇ ਕਹਿੰਦੇ ਹਨ, ‘ਕਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।

20. ਕੁੱਤਾ ਭੌਂਕੇ, ਬੱਦਲ ਗੱਜੇ, ਨਾ ਉਹ ਵੱਢੇ, ਨਾ ਉਹ ਵੱਸੇ (ਇਹ ਅਖਾਣ ਬਹੁਤਾ ਰੌਲਾ ਪਾਉਣ ਵਾਲੇ ਤੇ ਕੰਮ ਕੁੱਝ ਵੀ ਨਾ ਕਰਨ ਵਾਲੇ ਲਈ ਵਰਤੀ ਜਾਂਦੀ ਹੈ।) – ਰਾਜਨੀਤਿਕ ਲੀਡਰ ਭਾਸ਼ਨ ਬਹੁਤ ਦਿੰਦੇ ਹਨ ਤੇ ਲੋਕ-ਹਿੱਤ ਦੀਆਂ ਗੱਲਾਂ ਵੀ ਬਹੁਤ ਕਰਦੇ ਹਨ, ਪਰ ਕਰਦੇ ਕੁੱਝ ਨਹੀਂ। ਸਿਆਣੇ ਠੀਕ ਕਹਿੰਦੇ ਹਨ, ‘ਕੁੱਤਾ ਭੌਂਕੇ, ਬਦਲ ਗੱਜੇ, ਨਾ ਉਹ ਵੱਢੇ, ਨਾ ਉਹ ਵੱਸੇ।’

21. ਕੋਹ ਨਾ ਚਲੀ ਬਾਬਾ ਤਿਹਾਈ (ਥੋੜ੍ਹਾ ਜਿਹਾ ਕੰਮ ਕਰਕੇ ਥੱਕ ਜਾਣਾ) – ਗੁਰਜੋਤ, ਤੂੰ ਤਾਂ ਕਹਿੰਦੀ ਸੀ ਕਿ ਮੈਂ  ਤੁਹਾਡੇ ਵਾਂਗ ਸਾਰੀ ਰਾਤ ਜਾਗ ਕੇ ਕੰਮ ਕਰ ਸਕਦੀ ਹਾਂ, ਪਰ ਹੁਣ ਤੂੰ ਸਾਢੇ ਦਸ ਵਜੇ ਹੀ ਕਹਿ ਰਹੀ ਹੈਂ ਕਿ ਮੈਂ ਥੋੜ੍ਹਾ ਜਿਹਾ ਲੰਮੀ ਪੈ ਲਵਾਂ, ਮੈਨੂੰ ਨੀਂਦ ਬਹੁਤ ਚੜ੍ਹੀ ਹੋਈ ਹੈ। ਤੇਰੀ ਤਾਂ ਉਹ ਗੱਲ ਹੈ, ”ਕੋਹ ਨਾ ਚੱਲੀ ਬਾਬਾ ਤਿਹਾਈ।” ਅਜੇ ਤਾਂ ਰਾਤ ਬਹੁਤ ਲੰਮੀ ਪਈ ਹੈ।

22. ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ (ਜਿਹੋ ਜਿਹੀ ਸੰਗਤ ਕਰੀਏ, ਉਹੋ ਜਿਹੇ ਬਣ ਜਾਈਦਾ ਹੈ।) – ਭਾਈ ਹੈਰਾਨੀ ਦੀ ਕਿਹੜੀ ਗੱਲ ਹੈ, ‘ਖ਼ਰਬੂਜ਼ੇ ਨੂੰ ਦੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ’। ਜਿਹੋ ਜਿਹੀ ਬੁਰੀ ਸੰਗਤ ਉਹ ਕਰਦਾ ਸੀ, ਉਹੋ ਜਿਹਾ ਬੁਰਾ ਰੰਗ ਉਸ ਨੂੰ ਚੜ੍ਹ ਗਿਆ।

23. ਖਿੱਦੋ ਫੋਲਿਆਂ ਲੀਰਾਂ ਹੀ ਨਿਕਲਣੀਆਂ ਹਨ (ਪੁਰਾਣੀਆਂ ਗੱਲਾਂ ਕਰਨ ਦਾ ਨੁਕਸਾਨ ਹੀ ਹੁੰਦਾ ਹੈ।) – ਮੈਂ ਦੋਹਾਂ ਭਰਾਵਾਂ ਵਿਚ ਜ਼ਮੀਨ ਦੇ ਝਗੜੇ ਦਾ ਫ਼ੈਸਲਾ ਕਰਾਉਣ ਮਗਰੋਂ ਕਿਹਾ ਕਿ ਹੁਣ ਜੇ ਉਨ੍ਹਾਂ ਪਿਆਰ ਨਾਲ ਰਹਿਣਾ ਹੈ, ਤਾਂ ਕੋਈ ਕਿਸੇ ਨੂੰ ਪੁਰਾਣੀ ਗੱਲ ਨਾ ਚਿਤਾਰੇ ਕਿਉਂਕਿ ‘ਖਿੱਦੋ ਫੋਲਿਆਂ ਲੀਰਾਂ ਹੀ ਨਿਕਲਣੀਆਂ ਹਨ’।

24. ਗਿੱਦੜ ਦੀ ਮੌਤ ਆਉਂਦੀ ਹੈ, ਤਾਂ ਉਹ ਸ਼ਹਿਰ ਵਲ ਭਜਦਾ ਹੈ (ਕਿਸੇ ਦੇ ਮਾੜੇ ਦਿਨ ਆ ਜਾਣ, ਤਦ ਉਹ ਬੇਸਮਝੀ ਭਰੇ ਕੰਮ ਕਰਨ ਲੱਗ ਪੈਂਦਾ ਹੈ।) – ਠੀਕ ਹੈ ਭਾਈ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਤਾਂ ਉਹ ਸ਼ਹਿਰ ਵਲ ਭੱਜਦਾ ਹੈ’, ਇਸੇ ਕਰਕੇ ਹੀ ਉਹ ਥਾਣੇਦਾਰ ਦੇ ਘਰ ਚੋਰੀ ਕਰਨ ਚਲਾ ਗਿਆ।

25. ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ (ਜਦੋਂ ਕੋਈ ਇਕ ਥਾਂ ਦੀ ਤੰਗੀ ਤੋਂ ਬਚਣ ਲਈ ਹੋਰ ਥਾਂ ਜਾਵੇ, ਪਰ ਅੱਗੋਂ ਉਸ ਨੂੰ ਹੋਰ ਮੁਸੀਬਤ ਘੇਰ ਲਵੇ।) – ਘਰ ਦੀ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਰਾਮ ਸਿੰਘ ਇਕ ਏਜੰਟ ਦੇ ਟੇਟੇ ਚੜ੍ਹਿਆ ਜ਼ਮੀਨ ਵੇਚ ਕੇ ਜਰਮਨ ਵਿਚ ਰੋਜ਼ੀ ਕਮਾਉਣ ਗਿਆ, ਪਰ ਜਹਾਜੋਂ ਉਤਰਦਿਆਂ ਹੀ ਪੁਲਿਸ ਦੇ ਕਾਬੂ ਆ ਗਿਆ ਤੇ ਉਸ ਨੇ ਉਸ ਨੂੰ ਫੜ ਕੇ ਜੇਲ੍ਹ ਵਿਚ ਡੱਕ ਦਿੱਤਾ। ਉਸ ਦੀ ਤਾਂ ਉਹ ਗੱਲ ਹੋਈ, ਅਖੇ, ‘ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ।

26. ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ (ਜਦੋਂ ਇਹ ਦੱਸਣਾ ਹੋਵੇ ਕਿ ਘਰ ਵਿਚ ਵਸਣ ਨਾਲ, ਸਾਕ ਮਿਲਦੇ ਰਹਿਣ ਨਾਲ ਤੇ ਖੇਤ ਵਾਹੁੰਦੇ ਰਹਿਣ ਨਾਲ ਹੀ ਆਪਣੇ ਰਹਿੰਦੇ ਹਨ, ਉਦੋਂ ਇਹ ਅਖਾਣ ਵਰਤੀ ਜਾਂਦੀ ਹੈ।) – ਮੇਰੇ ਚਾਚੇ ਦੇ ਪੁੱਤ-ਪੋਤੇ ਜਦੋਂ ਪਿੰਡ ਰਹਿੰਦੇ ਸਨ, ਉਦੋਂ ਤਾਂ ਸਾਡੇ ਨਾਲ ਮਿਲਦੇ-ਵਰਤਦੇ ਸਨ, ਪਰ ਜਦੋਂ ਤੋਂ ਉਹ ਕਲਕੱਤੇ (ਕੋਲਕਾਤਾ) ਚਲੇ ਗਏ, ਤਦ ਤੋਂ ਉਨ੍ਹਾਂ ਵਿਚੋਂ ਨਾ ਕਦੀ ਕੋਈ ਮਿਲਣ ਆਇਆ ਤੇ ਨਾ ਹੀ ਕਿਸੇ ਨੇ ਰਾਜ਼ੀ ਖ਼ੁਸ਼ੀ ਦੀ ਚਿੱਠੀ ਪਾਈ ਹੈ। ਹੁਣ ਤਾਂ ਉਨ੍ਹਾਂ ਨਾਲ ਸਾਡਾ ਰਿਸ਼ਤਾ ਨਾ ਹੋਇਆ ਵਰਗਾ ਹੀ ਹੈ। ਸਿਆਣੇ ਕਹਿੰਦੇ ਹਨ, “ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ।”

27. ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ (ਇਕ ਨੂੰ ਚੀਜ਼ ਦੇਣ ਲੱਗੋ, ਤਾਂ ਸਾਰਿਆਂ ਦਾ ਮੰਗਣ ਲੱਗ ਪੈਣਾ।) – ਜਦੋਂ ਮੈਂ ਰੋਟੀ ਲੈ ਕੇ ਖਾਣ ਬੈਠੀ, ਤਾਂ ਸਾਰੇ ਬੱਚੇ ਮੇਰੇ ਦੁਆਲੇ ਆ ਕੇ ਰੌਲਾ ਪਾਉਣ ਲੱਗੇ ਕਿ ਉਨ੍ਹਾਂ ਨੂੰ ਵੀ ਰੋਟੀ ਦਿਓ ਕਿਉਂਕਿ ਉਹ ਭੁੱਖੇ ਹਨ। ਅਖੇ, ‘ਘੜੇ ਨੂੰ ਹੱਥ ਲਾਇਆ, ਸਾਰਾ ਟੱਬਰ ਤਿਹਾਇਆ’।

28. ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿਗੇ ਤੇ ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ (ਜਦੋਂ ਕਿਸੇ ਦਾ ਹਰ ਹਾਲਤ ਵਿਚ ਨੁਕਸਾਨ ਹੋਣਾ ਹੋਵੇ, ਉਦੋਂ ਕਹਿੰਦੇ ਹਨ।) – ਅੱਜ ਦੇ ਵਪਾਰਕ ਯੁਗ ਵਿਚ ਜਦੋਂ ਕਿਸਾਨ ਆਪਣੀ ਫ਼ਸਲ ਵੇਚਦਾ ਹੈ, ਤਾਂ ਵੀ ਲੁੱਟਿਆ ਜਾਂਦਾ ਹੈ ਤੇ ਜਦੋਂ ਆਪਣੀ ਲੋੜ ਲਈ ਕੁੱਝ ਖ਼ਰੀਦਦਾ ਹੈ, ਤਾਂ ਵੀ ਲੁੱਟਿਆ ਜਾਂਦਾ ਹੈ। ਅਖੇ, ‘ਚਾਹੇ ਛੁਰੀ ਖ਼ਰਬੂਜ਼ੇ ਉੱਤੇ ਡਿਗੇ, ਚਾਹੇ ਖ਼ਰਬੂਜ਼ਾ ਛੁਰੀ ਉੱਤੇ, ਨੁਕਸਾਨ ਖ਼ਰਬੂਜ਼ੇ ਦਾ।’

29. ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ (ਇਕ ਦੋਸ਼ੀ ਦੂਜੇ ਦੇ ਦੋਸ਼ ਕਿਉਂ ਕੱਢੇ।) – ਜਦੋਂ ਕਰਤਾਰੇ ਨੇ ਪਿੰਡ ਵਿਚ ਚੋਰੀ ਦਾ ਇਲਜ਼ਾਮ ਨਰੈਣੇ ਦੇ ਸਿਰ ਲਾਇਆ, ਤਾਂ ਉਸ ਨੇ ਕਿਹਾ, ‘ਚੁੱਪ ਕਰ ਓਏ ਕਰਤਾਰਿਆ! ‘ਛੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ?’ ਅਜੇ ਤਾਂ ਤੂੰ ਕਲ੍ਹ ਚੋਰੀ ਕਰਨ ਦੇ ਦੋਸ਼ ਵਿਚ ਛੇ ਮਹੀਨੇ ਜੇਲ੍ਹ ਕੱਟ ਕੇ ਆਇਆ ਹੈਂ।”

30. ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ (ਕਿਸੇ ਬੰਦੇ ਦੇ ਸਹੀ ਚਰਿੱਤਰ ਦਾ ਉਦੋਂ ਪਤਾ ਲਗਦਾ ਹੈ,ਜਦੋਂ ਉਸ ਨਾਲ ਵਾਹ ਪਵੇ।) – ਅੱਜ-ਕਲ੍ਹ ਮੁੰਡਾ ਕੁੜੀ ਇਕ-ਦੂਜੇ ਨੂੰ ਦੇਖ ਕੇ ਵਿਆਹ ਕਰਨ ਦੀਆਂ ਗੱਲਾਂ ਕਰਦੇ ਤਾਂ ਹਨ, ਪਰ ਦੋ ਘੜੀਆਂ ਦੀ ਮਿਲਣੀ ਵਿਚ ਤੁਸੀਂ ਕਿਸੇ ਬਾਰੇ ਕੀ ਜਾਣ ਸਕਦੇ ਹੋ? ਸਿਆਣੇ ਕਹਿੰਦੇ ਹਨ, ‘ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।’ ਅਗਲੇ ਬਾਰੇ ਸਹੀ ਪਤਾ ਤਾਂ ਉਦੋਂ ਹੀ ਲਗਦਾ ਹੈ, ਜਦੋਂ ਉਹ ਵਿਆਹ ਪਿੱਛੋਂ ਇਕੱਠੇ ਰਹਿੰਦੇ ਹਨ।

31. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ (ਬਹੁਤੇ ਨੁਕਸਾਨ ਵਿਚੋਂ ਥੋੜ੍ਹਾ ਪੂਰਾ ਹੋ ਜਾਵੇ, ਚੰਗਾ ਹੁੰਦਾ ਹੈ। ਜਦੋਂ ਸਾਡਾ
ਕਿਰਾਏਦਾਰ ਦੋ ਕੁ ਮਹੀਨੇ ਦਾ ਕਿਰਾਇਆ ਮਾਰ ਕੇ ਰਾਤ ਨੂੰ ਚੋਰੀ ਮਕਾਨ ਖ਼ਾਲੀ ਕਰ ਗਿਆ, ਤਾਂ ਮੈਂ ਕਮਰੇ ਦੇ ਅੰਦਰ ਉਸ ਦੇ ਚਾਰ ਮੰਜੇ ਪਏ ਦੇਖ ਕੇ ਕਿਹਾ, ‘ਚਲੋ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ’।

32. ਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ (ਸਖ਼ਤ ਮਿਹਨਤ ਦਾ ਫਲ ਮਿਲਦਾ ਹੈ।)—ਜਿਹੜੇ ਵਿਦਿਆਰਥੀ ਰਾਤਾਂ ਜਾਗ-ਜਾਗ ਕੇ ਸਖ਼ਤ ਮਿਹਨਤ ਕਰਦੇ ਹਨ, ਉਹ ਪ੍ਰੀਖਿਆ ਵਿਚ ਚੰਗੇ ਨੰਬਰ ਲੈ ਕੇ ਜ਼ਿੰਦਗੀ ਵਿਚ ਉੱਚੇ ਅਹੁਦਿਆਂ ‘ਤੇ ਪਹੁੰਚਦੇ ਤੇ ਸੁਖ ਮਾਣਦੇ ਹਨ। ਸਿਆਣਿਆਂ ਨੇ ਕਿਹਾ ਹੈ, ‘ਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ’।

33. ਠੂਠਾ ਫੁੱਟ ਕੇ ਛੰਨਾ ਮਿਲਿਆ (ਮਾੜੀ ਚੀਜ਼ ਦੇ ਹੱਥੋਂ ਨਿਕਲ ਜਾਣ ਤੇ ਚੰਗੀ ਚੀਜ਼ ਦਾ ਮਿਲਣਾ) — ਜ਼ਿੰਦਗੀ ਵਿਚ ਕਦੇ ਕੋਈ ਮਾੜੀ ਗੱਲ ਨਹੀਂ ਹੁੰਦੀ । ਉਸ ਦੀ ਰੇੜੀ ਸਮਾਨ ਸਮੇਤ ਕਾਰਪੋਰੇਸ਼ਨ ਵਾਲਿਆਂ ਨੇ ਜ਼ਬਤ ਕਰ ਲਈ। ਕੁੱਝ ਚਿਰ ਤਾਂ ਉਹ ਬੜਾ ਨਿਰਾਸ਼ ਰਿਹਾ, ਹਾਰ ਕੇ ਉਸ ਨੇ ਇਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਉੱਥੇ ਉਸ ਦਾ ਕੰਮ ਅਜਿਹਾ ਚੱਲਿਆ ਕਿ ਉਹ ਹੌਲੀ-ਹੌਲੀ ਵੱਡਾ ਵਪਾਰੀ ਬਣ ਗਿਆ । ਉਸ ਨਾਲ ਤਾਂ ਉਹ ਗੱਲ ਹੋਈ, ਅਖੇ, ‘ਠੂਠਾ ਫੁੱਟ ਕੇ ਛੰਨਾ ਮਿਲਿਆ।’

34. ਡਾਢੇ ਨਾਲ ਭਿਆਲੀ, ਉਹ ਮੰਗੇ ਹਿੱਸਾ ਉਹ ਦੇਵੇ ਗਾਲੀ (ਇਹ ਅਖਾਣ ਇਹ ਦੱਸਣ ਲਈ ਵਰਤੀ ਜਾਂਦੀ ਹੈ ਕਿ ਜ਼ੋਰਾਵਰ ਨਾਲ ਮਾੜੇ ਦੀ ਚਾਲ ਨਹੀਂ ਚਲਦੀ।)- ਸਿਆਣੇ ਕਹਿੰਦੇ ਹਨ, ‘ਡਾਢੇ ਨਾਲ ਭਿਆਲੀ, ਉਹ ਮੰਗੇ ਹਿੱਸਾ, ਉਹ ਦੇਵੇ ਗਾਲੀ’। ਇਸ ਕਰਕੇ ਤੇਰੇ ਵਰਗੇ ਭਲੇਮਾਣਸ ਨੂੰ ਇਸ ਛਟੇ ਹੋਏ ਬਦਮਾਸ਼ ਨਾਲ ਸਾਂਝ ਪਾ ਕੇ ਕੋਈ ਕਾਰੋਬਾਰ ਸ਼ੁਰੂ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਕਦੇ ਤੂੰ ਵਪਾਰ ਵਿਚੋਂ ਵੱਖ ਹੋਣਾ ਚਾਹਿਆ, ਤਾਂ ਇਹ ਤੇਰੇ ਪੱਲੇ ਕੁੱਝ ਨਹੀਂ ਪਾਵੇਗਾ ਤੇ ਨਾਲੇ ਮਾਰ-ਕੁਟਾਈ ਹੋਣ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਪਰ ਤੂੰ ਆਪਣੀ ਭਲਮਾਣਸੀ ਕਰ ਕੇ ਉਸ ਵਿਰੁੱਧ ਕੁੱਝ ਵੀ ਨਹੀਂ ਕਰ ਸਕੇਂਗਾ।

35. ਢਿੱਡ ਭਰਿਆ ਤੇ ਕੰਮ ਸਰਿਆ (ਜਦੋਂ ਕੋਈ ਮਤਲਬ ਕੱਢਣ ਮਗਰੋਂ, ਮੂੰਹ ਨਾ ਵਿਖਾਵੇ, ਤਦ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਜਦੋਂ ਬਲਵਿੰਦਰ ਨੂੰ ਉਧਾਰ ਪੈਸਿਆਂ ਦੀ ਲੋੜ ਸੀ, ਤਦ ਤਾਂ ਉਹ ਮੇਰੇ ਘਰ ਮੁੜ-ਮੁੜ ਫੇਰੇ ਮਾਰਦਾ ਸੀ ਤੇ ਨਿੱਕੀਆਂ-ਮੋਟੀਆਂ ਵਗ਼ਾਰਾਂ ਵੀ ਕਰ ਦਿੰਦਾ ਸੀ, ਪਰ ਜਦੋਂ ਉਸ ਨੂੰ ਪੈਸੇ ਮਿਲ ਗਏ, ਤਾਂ ਉਸ ਨੇ ਮੁੜ ਕੇ ਕਦੇ ਮੂੰਹ ਨਹੀਂ ਦਿਖਾਇਆ। ਅਖੇ, ‘ਢਿੱਡ ਭਰਿਆ ਤੇ ਕੰਮ ਸਰਿਆ।’ ਮਤਲਬੀ ਲੋਕ ਇਹੋ ਜਿਹੇ ਹੀ ਹੁੰਦੇ ਹਨ।

36. ਤੌੜੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ (ਜਦੋਂ ਇਹ ਦੱਸਣਾ ਹੋਵੇ ਕਿ ਕੋਈ ਨਿਤਾਣਾ ਬੰਦਾ ਜੇ ਗੁੱਸਾ ਕਰੇਗਾ, ਤਾਂ ਆਪਣਾ ਹੀ ਲਹੂ ਸਾੜੇਗਾ, ਕਿਸੇ ਦਾ ਕੀ ਵਿਗਾੜੇਗਾ, ਉਦੋਂ ਕਹਿੰਦੇ ਹਨ।) —

ਸ਼ਰਨਜੀਤ – ਯਾਰ, ਐਤਕੀਂ ਯੂ.ਐੱਨ.ਓ. ਵਿਚ ਪਾਕਿਸਤਾਨੀ ਪ੍ਰਤੀਨਿਧ ਨੇ ਕਸ਼ਮੀਰ ਦੇ ਮਾਮਲੇ ਨੂੰ ਲੈ ਕੇ ਭਾਰਤ ਵਿਰੁੱਧ ਬੜਾ ਜ਼ਹਿਰ ਉੱਗਲਿਆ ਹੈ।

ਮਨਿੰਦਰ – ‘ਹਾਂਡੀ ਉਬਲੇਗੀ, ਤਾਂ ਆਪਣੇ ਹੀ ਕੰਢੇ ਸਾੜੇਗੀ।’ ਪਾਕਿਸਤਾਨ ਨੇ ਅੱਗੇ ਭਾਰਤ ਨਾਲ ਯੂ. ਐੱਨ. ਓ. ਜਾਂ ਸਰਹੱਦਾਂ ਉੱਪਰ ਮੱਥਾ ਲਾ ਕੇ ਸਬਕ ਨਹੀਂ ਸਿੱਖਿਆ ਜਾਪਦਾ।

37. ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ (ਪੁਰਾਣੀ ਮਿੱਤਰਤਾ ਛੱਡ ਕੇ ਨਵੀਂ ਦੋਸਤੀ ਪਾਉਣੀ ਠੀਕ ਨਹੀਂ ਹੁੰਦੀ ਜਾਂ ਪੁਰਾਣੀ ਚੀਜ਼ ਬਹੁਤ ਚਲਦੀ ਹੈ।) – ਮੈਂ ਸੁਰਿੰਦਰ ਨੂੰ ਕਿਹਾ, “ਤੂੰ ਪੁਰਾਣੇ ਅਜ਼ਮਾਏ ਹੋਏ ਦੋਸਤਾਂ ਨੂੰ ਛੱਡ ਕੇ ਨਵੇਂ ਦੋਸਤਾਂ ਪਿੱਛੇ ਭਟਕਦਾ ਫਿਰਦਾ ਏਂ? ਪਰ ਯਾਦ ਰੱਖ! ‘ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ’ ਅਖੀਰ ਪੁਰਾਣੇ ਹੀ ਕੰਮ ਆਉਣਗੇ।” ਨਵੇਂ ਦੋਸਤ ਖਾ ਪੀ ਕੇ ਨੱਠ ਜਾਣਗੇ।

38. ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵਸਦੇ (ਸਮੇਂ ਸਿਰ ਮਨਾਉਣਾ ਤੇ ਸੀਉਣਾ ਗੁਣਕਾਰੀ ਹੁੰਦਾ ਹੈ।) – ਪਿੰਡ ਦੇ ਸਿਆਣੇ ਨੇ ਗੀਤੂ ਨੂੰ ਸਲਾਹ ਦਿੱਤੀ ਕਿ ਉਹ ਕੁੜੀ ਦੇ ਵਿਆਹ ਉੱਤੇ ਆਪਣੇ ਰੁੱਸੇ ਭਰਾ ਨੂੰ ਮਨਾ ਕੇ ਲੈ ਆਵੇ। ਸਿਆਣੇ ਕਹਿੰਦੇ ਹਨ, ‘ਪਾਟਾ ਸੀਵੀਏ ਨਾ, ਰੁੱਸਾ ਮਨਾਈਏ ਨਾ, ਤਾਂ ਘਰ ਨਹੀਂ ਵਸਦੇ।’

39. ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ (ਜਿੱਥੇ ਏਕਤਾ ਹੋਵੇ, ਉੱਥੇ ਵਖਰੇਵਾਂ ਨਹੀਂ ਹੋ ਸਕਦਾ।) –  ਫ਼ਿਰਕੂ-ਏਕਤਾ ਦੇ ਮੁਦਈ ਲੀਡਰ ਨੇ ਕਿਹਾ, “ਵੀਰੋ, ਰਲ-ਮਿਲ ਕੇ ਰਹੋ। ਹਿੰਦੂਆਂ-ਸਿੱਖਾਂ ਸਾਰਿਆਂ ਨੇ ਇੱਥੇ ਹੀ ਜੰਮਣਾ-ਮਰਨਾ ਹੈ। ਪਾਣੀbਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੁੰਦੇ।”

40. ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ (ਆਦਮੀ ਨੂੰ ਵਿਹਲਾ ਬਹਿ ਕੇ ਨਹੀਂ ਖਾਣਾ ਚਾਹੀਦਾ, ਸਗੋਂ ਕਮਾਈ ਕਰਨੀ ਚਾਹੀਦੀ ਹੈ)— ਜੀਤਿਆ, ਤੂੰ ਪਿਓ-ਦਾਦਿਆਂ ਦੀ ਜ਼ਮੀਨ ਵੇਚ-ਵੇਚ ਕੇ ਖਾਈ ਜਾਂਦਾ ਹੈ ਤੇ ਕੰਮ ਕੋਈ ਨਹੀਂ ਕਰਦਾ। ਯਾਦ ਰੱਖ, ਤੂੰ ਬਹੁਤ ਔਖਾ ਹੋਵੇਂਗਾ। ਜਿਸ ਵੇਲੇ ਜ਼ਮੀਨ ਮੁੱਕ ਗਈ, ਫਿਰ ਕੀ ਕਰੇਂਗਾ। ਸਿਆਣੇ ਕਹਿੰਦੇ ਹਨ, “ਬਹਿ ਕੇ ਖਾਧਿਆਂ ਤਾਂ ਖੂਹ ਵੀ ਨਿਖੁੱਟ ਜਾਂਦੇ ਹਨ।” ਤੇਰੇ ਕੋਲ ਸਿਰਫ਼ 5 ਕਿੱਲੇ ਜ਼ਮੀਨ ਹੀ ਹੈ।

41. ਬਿਗ਼ਾਨਾ ਮਹਿਲ ਦੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ (ਆਸਰਾ ਬਣਨ ਵਾਲੀ ਆਪਣੀ ਮਾੜੀ ਚੀਜ਼ ਨਾਲ ਹੀ ਸਬਰ ਕਰਨ ਦੀ ਸਿੱਖਿਆ ਦੇਣ ਲਈ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਜਦੋਂ ਮੇਰੇ ਪੁੱਤਰ ਨੇ ਮੈਨੂੰ ਕਿਹਾ ਕਿ ਉਸ ਨੇ ਆਪਣਾ ਸਾਈਕਲ ਵੇਚ ਦੇਣਾ ਹੈ ਤੇ ਗੁਆਂਢੀਆਂ ਦੇ ਮੁੰਡੇ ਵਰਗਾ ਸਕੂਟਰ ਲੈਣਾ ਹੈ, ਤਾਂ ਮੈਂ ਕਿਹਾ, “ਪੁੱਤਰ, ਬਿਗ਼ਾਨਾ ਮਹਿਲ ਦੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ।’ ਜਦੋਂ ਪੈਸੇ ਆਉਣਗੇ, ਮੈਂ ਤੈਨੂੰ ਆਪੇ ਸਕੂਟਰ ਲੈ ਦੇਣਾ ਹੈ।”

42. ਬਿੱਲੀ ਸਾਹਮਣੇ ਦੁੱਧ ਨਹੀਂ ਜੰਮਦਾ (ਖਾਣ ਵਾਲਿਆਂ ਦੇ ਸਾਹਮਣੇ ਚੀਜ਼ ਨਹੀਂ ਬਚਦੀ) – ਸਰਕਾਰ ਦਾ ਕੰਮ ਹੈ ਕਿ ਦੇਸ਼ ਵਿਚੋਂ ਟੈਕਸਾਂ ਦੇ ਰੂਪ ਵਿਚ ਇਕੱਠੇ ਕੀਤੇ ਧਨ ਨੂੰ ਲੋਕ-ਭਲਾਈ ਦੇ ਕੰਮਾਂ ‘ਤੇ ਖ਼ਰਚ ਕਰੇ, ਪਰ ਸਰਕਾਰੀ ਅਫ਼ਸਰ ਤੇ ਵਜ਼ੀਰ ਭ੍ਰਿਸ਼ਟ ਹੋਣ ਕਰਕੇ ਧਨ ਨੂੰ ਵਿੰਗੇ-ਟੇਢੇ ਢੰਗ ਨਾਲ ਆਪਣੇ ਹੀ ਪੇਟੇ ਪਾਈ ਜਾਂਦੇ ਹਨ ਅਤੇ ਲੋਕ-ਭਲਾਈ ਦਾ ਕੋਈ ਕੰਮ ਨਹੀਂ ਹੁੰਦਾ। ਸਿਆਣੇ ਸੱਚ ਕਹਿੰਦੇ ਹਨ, ‘ਬਿੱਲੀ ਸਾਹਮਣੇ ਦੁੱਧ ਨਹੀਂ ਜੰਮਦਾ।’

43. ਭੱਜਦਿਆਂ ਨੂੰ ਵਾਹਣ ਇੱਕੋ ਜਿਹੇ (ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਹੁੰਦੀ ਹੈ ਕਿ ਦੁਸ਼ਮਣੀ ਵਿਚ ਦੋਹਾਂ ਧਿਰਾਂ ਨੂੰ ਔਕੜਾਂ ਵੀ ਇੱਕੋ ਜਿਹੀਆਂ ਹੁੰਦੀਆਂ ਹਨ ਤੇ ਖੁੱਲ੍ਹਾਂ ਵੀ ) – ਕੋਈ ਨਹੀਂ ਜੇਕਰ ਤੂੰ ਮੇਰੇ ਵਿਰੁੱਧ ਇਕ ਮੁਕੱਦਮਾ ਕੀਤਾ ਹੈ, ਤਾਂ ਮੈਂ ਦੋ ਕਰ ਦਿਆਂਗਾ। ‘ਭੱਜਦਿਆਂ ਨੂੰ ਵਾਹਣ ਇੱਕੋ ਜਿਹੇ’।

44. ਭੰਡਾ ਭੰਡਾਰੀਆ, ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ (ਜਦੋਂ ਕਿਸੇ ਬੰਦੇ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਹੀ ਜਾਣ, ਉਦੋਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ।) – ਗ਼ਰੀਬ ਬੰਤੇ ਨੂੰ ਆਪਣੀ ਵੱਡੀ ਧੀ ਵਿਆਹੁਣ ਮਗਰੋਂ ਦੋ ਸਾਲਾਂ ਦੇ ਵਿਚ-ਵਿਚ ਉਸ ਤੋਂ ਛੋਟੀ ਵੀ ਵਿਆਹੁਣੀ ਪਈ। ਫਿਰ ਅਗਲੇ ਸਾਲ ਉਸ ਨੂੰ ਤੀਜੀ ਵੀ ਵਿਆਹੁਣੀ ਪਈ। ਉਹ ਸੋਚਦਾ ਸੀ ਕਿ ਅਜੇ ਉਸ ਦੀਆਂ ਆਰਥਿਕ ਮੁਸ਼ਕਿਲਾਂ ਦਾ ਹੱਲ ਨਹੀਂ ਹੋਇਆ, ਕਿਉਂਕਿ ਉਸ ਨੂੰ ਅਗਲੇ ਦੋ ਸਾਲਾਂ ਵਿਚ ਚੌਥੀ ਵੀ ਵਿਆਹੁਣੀ ਪੈਣੀ ਹੈ । ਉਸ ਦੀ ਤਾਂ ਉਹ ਹਾਲਤ ਹੈ, ਅਖੇ, ‘ਭੰਡਾ, ਭੰਡਾਰੀਆ, ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ’।

45. ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ ( ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ। ਕਿ ਸਾਂਝੇ ਪਰਿਵਾਰ ਜਾਂ ਸਾਂਝੇ ਕੰਮ ਆਕੜ ਜਾਂ ਹਉਮੈ ਪਾਲ ਕੇ ਨਹੀਂ ਚਲਦੇ।) – ਜੇਕਰ ਸਾਂਝੇ ਪਰਿਵਾਰ ਵਿਚ ਇਕ ਕਹੇ ਕਿ ਕੰਮ ਕਰਨ ਨਾਲ ਮੇਰੇ ਹੱਥ ਖ਼ਰਾਬ ਹੁੰਦੇ ਹਨ, ਦੂਜਾ ਕਹੇ ਕਿ ਮੇਰੇ ਕੱਪੜੇ ਖ਼ਰਾਬ ਹੁੰਦੇ ਹਨ, ਤੀਜਾ ਕਹੇ ਕਿ ਇਹ ਕੰਮ ਕਰਦਿਆਂ ਮੇਰਾ ਮਨ ਕਰੀਚਦਾ ਹੈ, ਤਾਂ ਕੰਮ ਨਹੀਂ ਚਲਦੇ। ਅਖੇ “ਮੈਂ ਵੀ ਰਾਣੀ, ਤੂੰ ਵੀ ਰਾਣੀ, ਕੌਣ ਭਰੇਗਾ ਪਾਣੀ”। ਭਾਈ ਕੰਮ ਤਾਂ ਰਲ-ਮਿਲ ਕੇ ਕਰਨ ਨਾਲ ਹੀ ਮੁੱਕਦੇ ਹਨ।

46. ਮਨ ਜੀਤੇ ਜਗ ਜੀਤੂ (ਮਨ ਨੂੰ ਜਿੱਤ ਕੇ ਹੀ ਜਗ ਨੂੰ ਜਿੱਤਿਆ ਜਾ ਸਕਦਾ ਹੈ।) – ਬੰਦੇ ਦਾ ਮਨ ਹੀ ਉਸ ਨੂੰ ਹਰ ਪ੍ਰਕਾਰ ਦੀ ਬੁਰਾਈ ਵਲ ਪ੍ਰੇਰਦਾ ਹੈ। ਇਸ ਕਰਕੇ ਮਨ ਉੱਤੇ ਕਾਬੂ ਪਾਉਣਾ ਜ਼ਰੂਰੀ ਹੈ। ਗੁਰਬਾਣੀ ਵਿਚ ਕਿਹਾ ਗਿਆ ਹੈ, ‘ਮਨ ਜੀਤੇ ਜਗ ਜੀਤੁ॥’

47. ਮਾਹਾਂ-ਮੋਠਾਂ ਵਿਚ ਕੋਈ ਵੱਡਾ-ਛੋਟਾ ਨਹੀਂ ਹੁੰਦਾ (ਭਾਈਚਾਰੇ ਵਿਚ ਸਾਰੇ ਬਰਾਬਰ ਹੁੰਦੇ ਹਨ।) – ਮੇਰੇ ਬਾਬਾ ਜੀ ਜਦੋਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਨ, ਤਾਂ ਕਹਿੰਦੇ ਹਨ, “ਭਾਈਚਾਰੇ ਵਿਚ ਸਾਰੇ ਬਰਾਬਰ ਹੁੰਦੇ ਹਨ, ‘ਮਾਹਾ-ਮੋਠਾਂ ਵਿਚ ਕੋਈ ਵੱਡਾ-ਛੋਟਾ ਨਹੀਂ ਹੁੰਦਾ।’ ਪੈਸਿਆਂ ਦਾ ਕੀ ਹੈ, ਕਿਸੇ ਕੋਲ ਵੱਧ ਆ ਗਏ, ਕਿਸੇ ਕੋਲ ਘੱਟ।”

48. ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ (ਆਪਣੇ ਘਰ ਦਾ ਕੰਮ ਕਰਨਾ ਮਾੜਾ ਨਹੀਂ ਹੁੰਦਾ।) – ਮੈਂ ਜਦੋਂ ਆਪਣੀ ਧੀ ਨੂੰ ਆਪਣੀ ਕੋਠੀ ਦੇ ਗੇਟ ਦੇ ਬਾਹਰ ਸੜਕ ਉੱਤੇ ਝਾੜੂ ਮਾਰਨ ਤੋਂ ਝਿਜਕਦੀ ਦੇਖਿਆ, ਤਾਂ ਮੈਂ ਕਿਹਾ ਕਿ ਆਪਣੇ ਘਰ ਦੇ ਗੇਟ ਅੱਗਿਓਂ ਸੜਕ ਸਾਫ਼ ਕਰਨੀ ਕੋਈ ਮਾੜੀ ਗੱਲ ਨਹੀਂ। ਸਿਆਣੇ ਕਹਿੰਦੇ ਹਨ, ‘ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ’।

49. ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ (ਪੱਕੀਆਂ ਹੋਈਆਂ ਆਦਤਾਂ ਛੇਤੀ ਨਹੀਂ ਬਦਲਦੀਆਂ) — ਤੁਹਾਨੂੰ ਆਪਣੇ ਬੱਚਿਆਂ ਦੀਆਂ ਆਦਤਾਂ ਵਲ ਪੂਰਾ-ਪੂਰਾ ਧਿਆਨ ਦੇਣਾ ਚਾਹੀਦਾ ਹੈ। ਜੇਕਰ ਕੋਈ ਬੁਰੀ ਆਦਤ ਪੈ ਗਈ, ਤਾਂ ਉਸ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋਵੇਗਾ। ਸਿਆਣਿਆਂ ਨੇ ਕਿਹਾ ਹੈ, ‘ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’। ਇਸ ਕਰਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।

50. ਵਿੰਦਿਆ ਵੀਚਾਰੀ ਤਾਂ ਪਰਉਪਕਾਰੀ (ਵਿੰਦਿਆ ਨੇਕੀ ਤੇ ਉਪਕਾਰ ਸਿਖਾਉਂਦੀ ਹੈ।) – ਹੈੱਡਮਾਸਟਰ ਨੇ ਦਸਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਭਾਸ਼ਨ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਕਥਨ ਹੈ, ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’। ਇਸ ਅਨੁਸਾਰ ਉਨ੍ਹਾਂ ਨੂੰ ਵਿੱਦਿਆ ਪੜ੍ਹ ਕੇ ਸਮਾਜ ਵਿਚ ਨੇਕੀ ਤੇ ਪਰਉਪਕਾਰ ਦੇ ਕੰਮ ਕਰਨੇ ਚਾਹੀਦੇ ਹਨ।

51. ਵੇਲੇ ਦੀ ਨਮਾਜ, ਕੁਵੇਲੇ ਦੀਆਂ ਟੱਕਰਾਂ (ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ) — ਤੁਹਾਨੂੰ ਆਪਣਾ ਕੰਮ ਵੇਲੇ ਸਿਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮਗਰੋਂ ਉਸ ਵਿਚ ਕਈ ਰੁਕਾਵਟਾਂ ਪੈ ਜਾਂਦੀਆਂ ਹਨ। ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ‘ਵੇਲੇ ਦੀ ਨਮਾਜ, ਕੁਵੇਲੇ ਦੀਆਂ ਟੱਕਰਾਂ।’