ਅਖਾਣ ਅਤੇ ਮੁਹਾਵਰੇ



1. ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ – ਇਹ ਅਖਾਣ ਉਸ ਆਦਮੀ ਤੇ ਘਟਾਉਂਦੇ ਹਨ, ਜਿਸ ਨੇ ਢੇਰਾਂ ਮਾੜੇ ਕੰਮ ਕੀਤੇ ਹੋਣ, ਪਰ ਅਖੀਰ ਉੱਤੇ ਸੰਤ ਬਣਨ ਦਾ ਵਿਖਾਵਾ ਕਰੇ।

2. ਨਹਾਤੀ-ਧੋਤੀ ਰਹਿ ਗਈ, ਮੂੰਹ ਤੇ ਮੱਖੀ ਬਹਿ ਗਈ – ਧੋਤੇ ਮੂੰਹ ਚਪੇੜ – ਇਹ ਅਖਾਣ ਉਸ ਆਦਮੀ ਤੇ ਘਟਾਉਂਦੇ ਹਨ, ਜੋ ਕਿਸੇ ਪ੍ਰਾਪਤੀ ਲਈ ਪੂਰੀ ਤਰ੍ਹਾਂ ਤਿਆਰ ਹੋ ਬੈਠਾ ਹੋਵੇ, ਪਰ ਐਨ ਮੌਕੇ ਤੇ ਉਸ ਦਾ ਉਹ ਕੰਮ ਨਾ ਹੋਵੇ।

3. ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ – ਭਰਾ ਭਰਾ ਲੜ ਕੇ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।

4. ਨੌ ਕੋਹ ਦਰਿਆ, ਬਾਤੂੰ (ਸੁੱਥਣ) ਮੋਢੇ ਤੇ – ਇਹ ਅਖਾਣ ਉਸ ਆਦਮੀ ਉੱਤੇ ਘਟਾਉਂਦੇ ਹਨ, ਜੋ ਆਉਣ ਤੋਂ ਬਹੁਤ ਪਹਿਲਾਂ ਕਿਸੇ ਕੰਮ ਲਈ ਤਿਆਰੀ ਸ਼ੁਰੂ ਕਰ ਦੇਵੇ।

5. ਨੱਚਣ ਲੱਗੀ, ਤਾਂ ਘੁੰਗਟ ਕਾਹਦਾ ? / ਨੱਚ ਖਲੋਤੀ, ਤਾਂ ਘੁੰਡ ਕਿਹਾ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜੋ ਕੋਈ ਮਾੜਾ ਜਾਂ ਲੋਕਾਂ ਦੇ ਨਾ-ਪਸੰਦ ਕੰਮ ਕਰੇ, ਪਰ ਉਸ ਨੂੰ ਲੋਕਾਂ ਤੋਂ ਲੁਕਾਣਾ ਵੀ ਪਵੇ

ਜਾਂ

ਉਸ ਮਨੁੱਖ ਲਈ, ਜੋ ਸ਼ਰਮ – ਹਯਾ ਨੂੰ ਉੱਕਾ ਪਰੇ ਸੁੱਟ ਕੇ ਮਾੜਾ ਕੰਮ ਕਰਨ ਲਈ ਨਿਸ਼ੰਗ ਤਿਆਰ ਹੋ ਜਾਏ।

6. ਨਾਚ ਨਾ ਜਾਣੇ, ਵਿਹੜਾ ਵਿੰਗਾ / ਨੱਚਣ ਨੱਚ ਜਾ ਜਾਣਦੀ, ਆਖੇ ਭੁਇੰ ਸੌੜੀ / ਆਪ ਕੁਚੱਜੀ ਵਿਹੜੇ ਨੂੰ ਦੋਸ਼ / ਉੱਠ ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ – ਕੰਮ ਆਪ ਨਾ ਕਰ ਸਕਣਾ ਤੇ ਕਸੂਰ ਦੂਜਿਆਂ ਦੇ ਸਿਰ ਮੜ੍ਹਨਾ।

7. ਨੌ ਨਗਦ, ਨਾ ਤੇਰਾ ਹੁਦਾਰ – ਹੁਦਾਰ ਵਿਚ ਭਾਵੇਂ ਨਕਦ ਨਾਲੋਂ ਕੁਝ ਵਧੇਰੇ ਪੈਸੇ ਵੀ ਮਿਲਦੇ ਹੋਣ, ਪਰ ਸੌਦਾ ਨਕਦ ਵੇਚਣਾ ਹੀ ਚੰਗਾ ਰਹਿੰਦਾ ਹੈ, ਕਿਉਂਕਿ ਹੁਦਾਰ ਵਿਚ ਕਦੀ ਸਾਰੇ ਪੈਸੇ ਮਾਰੇ ਜਾਣ ਦਾ ਡਰ ਹੁੰਦਾ ਹੈ।

8. ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ / ਕਰੇ ਕੋਈ, ਭਰੇ ਕੋਈ – ਇਹ ਅਖਾਣ ਉਦੋਂ ਵਰਤਦੇ ਹਨ, ਜਦੋਂ ਕਸੂਰ ਕਿਸੇ ਇਕ ਨੇ ਕੀਤਾ ਹੋਵੇ ਤੇ ਉਸ ਦੀ ਸਜ਼ਾ ਕਿਸੇ ਹੋਰ ਨੂੰ ਭੁਗਤਣੀ ਪਏ।

9. ਨਾਲੇ ਚੋਰ ਨਾਲੇ ਚਤਰ / ਉਲਟਾ ਚੋਰ ਕੁਤਵਾਲ ਨੂੰ ਡਾਂਟੇ – ਨਾਲੇ ਕਸੂਰਵਾਰ ਹੋਣਾ ਨਾਲੇ ਹਰਬ ਵਿਖਾਉਣਾ।

10. ਨਾਲੇ ਗੰਗਾ ਕਾ ਇਸ਼ਨਾਨ, ਨਾਲੇ ਵੰਝਾਂ ਦਾ ਵਪਾਰ / ਨਾਲੇ ਪੁੰਨ, ਨਾਲੇ ਫਲੀਆਂ / ਇਕ ਪੰਥ, ਦੋ ਕਾਜ – ਜਦ ਇਹ ਕਹਿਣਾ ਹੋਵੇ ਕਿ ਕੋਈ ਵਿਸ਼ੇਸ਼ ਕੰਮ ਕੀਤਿਆਂ ਇਕ ਹੋਰ ਕੰਮ ਬਿਨਾਂ ਕਿਸੇ ਵਾਧੂ ਖਰਚ ਜਾਂ ਖੇਚਲ ਦੇ ਹੋ ਜਾਏਗਾ, ਤਾਂ ਇਹ ਅਖਾਣ ਵਰਤਦੇ ਹਨ।

11. ਨਾਲੇ ਮੰਗਣਾ, ਨਾਲੇ ਟਿੰਡ ਛਪਾਉਣੀ ਨੱਚਣ ਲੱਗੀ, ਤਾਂ ਘੁੰਗਟ ਕਾਹਦਾ ? / ਨੱਚ ਖਲੋਤੀ, ਤਾਂ ਘੁੰਡ ਕਿਹਾ – ਇਹ ਅਖਾਣ ਉਸ ਆਦਮੀ ਲਈ ਵਰਤਦੇ ਹਨ, ਜੋ ਕੋਈ ਮਾੜਾ ਜਾਂ ਲੋਕਾਂ ਦੇ ਨਾ-ਪਸੰਦ ਕੰਮ ਕਰੇ, ਪਰ ਉਸ ਨੂੰ ਲੋਕਾਂ ਤੋਂ ਲੁਕਾਣਾ ਵੀ ਪਵੇ।

12. ਨਾਲੇ ਮਾਸੀ, ਨਾਲੇ ਚੂੰਢੀਆਂ – ਜਦ ਕੋਈ ਆਦਮੀ ਉਪਰੋਂ ਕਿਸੇ ਦਾ ਸਤਿਕਾਰ ਕਰੇ ਤੇ ਉਹਦਾ ਹਿਤੈਸ਼ੀ ਬਣੇ, ਪਰ ਅੰਦਰਖਾਤੇ ਉਸ ਨੂੰ ਦੁਖ ਦੇਵੇ ਜਾਂ ਉਹਦਾ ਨੁਕਸਾਨ ਕਰੇ, ਤਾਂ ਉਹਦੇ ਲਈ ਇਹ ਅਖਾਣ ਬੋਲਦੇ ਹਨ।

13. ਨੈਂ ਲੰਘੀ ਖੁਆਜਾ ਵਿਸਾਰਿਆ / ਕੋਠਾ ਉਸਰਿਆ, ਤਰਖਾਣ ਵਿਸਰਿਆ – ਜਦ ਕਿਸੇ ਬੰਦੇ ਕੋਲੋਂ ਕਿਸੇ ਦਾ ਕੰਮ ਪੂਰਾ ਹੋ ਜਾਏ, ਤਾਂ ਫਿਰ ਉਹ ਉਸ ਨੂੰ ਯਾਦ ਨਹੀਂ ਕਰਦਾ।

ਨੈਂ – ਨਦੀ, ਦਰਿਆ

ਖੁਆਜਾ (ਖ਼ਿਜ਼ਰ) – ਪਾਣੀ ਦਾ ਦੇਵਤਾ।