ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਕਿਸੇ ਅਖ਼ਬਾਰ ਵਿੱਚ ਛਪਦੇ ਇਸ਼ਤਿਹਾਰਾਂ ਬਾਰੇ ਸੰਬੰਧਤ ਅਧਿਕਾਰੀ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਇਸ਼ਤਿਹਾਰ ਮੈਨੇਜਰ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਅਖ਼ਬਾਰਾਂ ਵਿੱਚ ਛਪਦੇ ਇਸ਼ਤਿਹਾਰਾਂ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਜੀ ਵਲੋਂ ਪ੍ਰਕਾਸ਼ਤ ਹੁੰਦੇ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਕੁਝ ਇਸ਼ਤਿਹਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹਾਂ। ਆਸ ਹੈ ਕਿ ਆਪ ਇਨ੍ਹਾਂ ‘ਤੇ ਜ਼ਰੂਰ ਗ਼ੌਰ ਕਰੋਗੇ।
ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਰਾਹੀਂ ਹਰ ਕੋਈ ਆਪੋ-ਆਪਣਾ ਵਪਾਰ, ਕਾਰੋਬਾਰ ਆਦਿ ਵਧਾਉਣਾ ਚਾਹੁੰਦਾ ਹੈ। ਇਸ ਨਾਲ ਵਪਾਰੀਆਂ ਤੇ ਆਮ ਜਨਤਾ ਨੂੰ ਵੀ ਲਾਭ ਹੁੰਦਾ ਹੈ। ਮਸ਼ਹੂਰੀ ਲਈ ਇਹ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ। ਬਹੁਤ ਸਾਰੇ ਇਸ਼ਤਿਹਾਰਾਂ ਤੋਂ ਅਨੇਕਾਂ ਨੂੰ ਲਾਭ ਪਹੁੰਚਦਾ ਹੈ ਪਰ ਸਾਡਾ ਵਿਚਾਰ ਹੈ ਕਿ ਜਿਥੋਂ ਤੱਕ ਹੋ ਸਕੇ ਆਪ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਇਸ਼ਤਿਹਾਰ ਛਾਪਣ ਤੋਂ ਇਨਕਾਰ ਕਰੋ ਜਿਨ੍ਹਾਂ ਨਾਲ ਆਮ ਲੋਕਾਂ ਤੇ ਸਮਾਜ ਨੂੰ ਲਾਭ ਦੀ ਥਾਂ ਹਾਨੀ ਹੁੰਦੀ ਹੋਵੇ। ਉਦਾਹਰਨ ਵਜੋਂ ਅਕਸਰ ਵੇਖਿਆ ਜਾਂਦਾ ਹੈ ਕਿ ਇਸ਼ਤਿਹਾਰ ਵਾਲੇ ਪੰਨਿਆਂ ‘ਤੇ ਵੱਧ ਤੋਂ ਵੱਧ ਇਸ਼ਤਿਹਾਰ ਜੋਤਸ਼ੀਆਂ, ਪੰਡਤਾਂ, ਤਾਂਤਰਿਕਾਂ ਤੇ ਭਰਮ ਜਾਲ ਫੈਲਾਉਣ ਵਾਲਿਆਂ ਦੇ ਹੀ ਹੁੰਦੇ ਹਨ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਇਨ੍ਹਾਂ ਨੇ ਭਰਮ ਜਾਲ ਫੈਲਾ ਕੇ ਭੋਲੇ-ਭਾਲੇ ਲੋਕਾਂ ਦੀ ਆਰਥਕ ਤੇ ਮਾਨਸਕ ਲੁੱਟ ਹੀ ਕਰਨੀ ਹੁੰਦੀ ਹੈ। ਦੂਜਿਆਂ ਨੂੰ ਲਾਭ ਪਹੁੰਚਾਉਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਦਾ ਨੁਕਸਾਨ ਤੇ ਆਪਣਾ ਫਾਇਦਾ ਕਰਦੇ ਹਨ। ਸਾਡਾ ਵਿਚਾਰ ਹੈ ਕਿ ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਖ਼ਾਸ ਤੌਰ ਤੇ ਤੁਹਾਡੇ ਏਨੇ ਹਰਮਨ ਪਿਆਰੇ ਅਖ਼ਬਾਰ ਵਿੱਚੋਂ ਤਾਂ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਹ ਠੀਕ ਹੈ ਕਿ ਆਪ ਨੂੰ ਵੀ ਇਹ ਘਾਟੇ ਵਾਲਾ ਸੌਦਾ ਜਾਪੇਗਾ ਪਰ ਜਿਸ ਨਾਲ ਸਮੁੱਚੀ ਜਨਤਾ ਨੂੰ ਲਾਭ ਹੁੰਦਾ ਹੋਵੇ ਉਸ ਲਈ ਘਾਟਾ ਸਹਿਣਾ ਵੀ ਲਾਹੇਵੰਦ ਹੁੰਦਾ ਹੈ। ਆਸ ਹੈ ਕਿ ਆਪ ਇਨ੍ਹਾਂ ਵਿਚਾਰਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋਗੇ ਤੇ ਆਉਣ ਵਾਲੇ ਸਮੇਂ ਵਿੱਚ ਸਹੀ ਫੈਸਲਾ ਲਓਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………