ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਅਖ਼ਬਾਰ ਵਿੱਚ ਖ਼ਬਰ ਲੱਗਣ ਕਰਕੇ ਆਮ ਜਨਤਾ ਨੂੰ ਲਾਭ ਪ੍ਰਾਪਤ ਹੋਣ ‘ਤੇ ਉਸ ਅਖ਼ਬਾਰ ਦੇ ਸੰਪਾਦਕ ਦਾ ਧੰਨਵਾਦ ਕਰੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਅਖ਼ਬਾਰ ਵਿੱਚ ਖ਼ਬਰ ਛਪਣ ‘ਤੇ ਪ੍ਰਾਪਤ ਹੋਏ ਲਾਭ ਲਈ ਧੰਨਵਾਦੀ ਪੱਤਰ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਅਖ਼ਬਾਰ ‘ਚ ਖ਼ਬਰ ਛਪਣ ਕਾਰਨ ਹੋਏ ਲਾਭ ਸਬੰਧੀ ਆਪਣੇ ਵਿਚਾਰ ਤੁਹਾਡੇ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਇਹ ਵਿਚਾਰ ਅਖ਼ਬਾਰ ‘ਚ ਛਾਪਣ ਦੀ ਕਿਰਪਾਲਤਾ ਕਰਨੀ।
ਪਿਛਲੇ ਹਫ਼ਤੇ ਸਾਡੇ ਪਿੰਡ ਵਾਸੀਆਂ ਨੇ ਆਪ ਜੀ ਦੀ ਅਖ਼ਬਾਰ ‘ਰੋਜ਼ਾਨਾ ਅਜੀਤ’ ਰਾਹੀਂ ਆਪਣੇ ਪਿੰਡ ਦੀ ਸਮੱਸਿਆ ਬਾਰੇ ਖ਼ਬਰ ਦਿੱਤੀ ਸੀ। ਸਮੱਸਿਆ ਇਹ ਸੀ ਕਿ ਸਾਡੇ ਪਿੰਡ ਦਾ ਬਿਜਲੀ ਦਾ ਟਰਾਂਸਫ਼ਾਰਮਰ ਲਗਪਗ ਦੋ ਮਹੀਨੇ ਤੋਂ ਖ਼ਰਾਬ ਹੋਇਆ ਸੀ। ਇੱਕ ਦਿਨ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਇਹ ਸੜ ਗਿਆ, ਤਾਰਾਂ ਟੁੱਟ ਗਈਆਂ ਤੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਪਿੰਡ ਵਾਸੀਆਂ ਵਲੋਂ ਬਿਜਲੀ ਬੋਰਡ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ, ਫਿਰ ਤਿੰਨ-ਚਾਰ ਚੱਕਰ ਲਾਏ, ਦਰਖ਼ਾਸਤਾਂ ਦਿੱਤੀਆਂ, ਸਿਫ਼ਾਰਸ਼ਾਂ ਵੀ ਕੀਤੀਆਂ ਪਰ ਹਾਲ ਕੋਈ ਬਹੁਤਾ ਨਾ ਸੁਧਰਿਆ। ਟੁੱਟੀਆਂ ਹੋਈਆਂ ਤਾਰਾਂ ਕਈ ਦਿਨ ਜ਼ਮੀਨ ‘ਤੇ ਪਈਆਂ ਰਹੀਆਂ। ਫਿਰ ਇੱਕ ਦਿਨ ਤਰਲਿਆਂ-ਮਿੰਨਤਾਂ ਨਾਲ ਇੱਕ ਅਧਿਕਾਰੀ ਨੂੰ ਬੁਲਾਇਆ ਗਿਆ। ਉਸ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਆਪਣੇ ਵਿਭਾਗ ਵਿੱਚ ਨਵਾਂ ਟਰਾਂਸਫ਼ਾਰਮਰ ਨਾ ਹੋਣ ਦੀ ਪੁਸ਼ਟੀ ਕੀਤੀ ਤੇ ਹਦਾਇਤ ਵੀ ਦਿੱਤੀ ਕਿ ਲਗਪਗ 5000 ਰੁਪਿਆ ਉਗਰਾਹੀ ਕਰਕੇ ਦੇ ਦਿੱਤਾ ਜਾਵੇ ਤਾਂ ਜੋ ਨਵਾਂ ਟਰਾਂਸਫ਼ਾਰਮਰ ਲੱਗ ਸਕੇ। ਅਸੀਂ ਪਿੰਡ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਦੇ ਵੀ ਦਿੱਤੇ ਪਰ ਮਹੀਨਾ ਬੀਤ ਜਾਣ ਤੇ ਵੀ ਪਿੰਡ ਵਿੱਚ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ।
ਅਸੀਂ ਆਪਣੀ ਸਮੱਸਿਆ ਅਖ਼ਬਾਰ ਵਿੱਚ ਭੇਜੀ ਤੇ ਹੈਰਾਨੀਜਨਕ ਗੱਲ ਇਹ ਹੋਈ ਕਿ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਦੋ ਦਿਨਾਂ ਬਾਅਦ ਹੀ ਬਿਜਲੀ ਬੋਰਡ ਦੇ ਮੁਲਾਜ਼ਮ ਆਪਣੇ-ਆਪ ਆ ਕੇ ਜੰਗੀ ਪੱਧਰ ‘ਤੇ ਬਿਜਲੀ ਸਪਲਾਈ ਚਾਲੂ ਕਰਨ ਲੱਗ ਪਏ ਤੇ ਲਗਪਗ ਇੱਕ ਦਿਨ ਵਿੱਚ ਹੀ ਸਾਰਾ ਪਿੰਡ ਹਨੇਰੇ ਤੋਂ ਚਾਨਣ ਵਿੱਚ ਤਬਦੀਲ ਹੋ ਗਿਆ। ਇਹ ਅਸਰ ਸਿਰਫ਼ ਅਖ਼ਬਾਰ ਵਿੱਚ ਖ਼ਬਰ ਕਰਕੇ ਹੀ ਹੋਇਆ ਹੈ। ਇਸ ਲਈ ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਆਪ ਨੇ ਸਾਡੀਆਂ ਮੰਗਾਂ ਨੂੰ ਮੰਨਵਾਉਣ ਵਿੱਚ ਸਾਡੀ ਮਦਦ ਕੀਤੀ ਹੈ। ਆਪ ਜੀ ਦੀ ਅਖ਼ਬਾਰ ਏਨੀ ਹਰਮਨ-ਪਿਆਰੀ ਹੈ ਕਿ ਸਰਕਾਰੀ ਅਧਿਕਾਰੀ ਵੀ ਇਸ ਨੂੰ ਹੀ ਪੜ੍ਹਨ ਲਈ ਪਹਿਲ ਦਿੰਦੇ ਹਨ। ਇਸ ਲਈ ਅਸੀਂ ਦੁਬਾਰਾ ਫਿਰ ਆਪ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਸਾਡਾ ਇਹ ਪੱਤਰ ਅਖ਼ਬਾਰ ‘ਚ ਜ਼ਰੂਰ ਛਾਪਣਾ ਤਾਂ ਜੋ ਹੋਰ ਲੋਕ ਵੀ ਇਸ ਤੋਂ ਪ੍ਰੇਰਨਾ ਲੈ ਸਕਣ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………