ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਬਿਜਲੀ ਸਪਲਾਈ ਦੀ ਮੰਦੀ ਹਾਲਤ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਪੰਜਾਬੀ ਟ੍ਰਿਬਿਊਨ,
ਚੰਡੀਗੜ੍ਹ।
ਵਿਸ਼ਾ : ਬਿਜਲੀ ਪ੍ਰਬੰਧ ਦੀ ਮੰਦੀ ਹਾਲਤ ਬਾਰੇ।
ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਅਤਿ ਮੰਦੀ ਹਾਲਤ ਬਾਰੇ ਆਪ ਜੀ ਨੂੰ ਇਹ ਪੱਤਰ ਲਿਖ ਰਿਹਾ ਹਾਂ। ਆਸ ਹੈ ਕਿ ਸਾਡੇ ਇਸ ਪੱਤਰ ਨੂੰ ਆਪ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕਰਕੇ ਇਸ ਗੰਭੀਰ ਸਮੱਸਿਆ ਨੂੰ ਸਬੰਧਤ ਵਿਭਾਗ ਤੱਕ ਪੁਚਾਉਣ ਵਿੱਚ ਮੇਰੀ ਮਦਦ ਕਰੋਗੇ।
ਉਂਝ ਕਹਿਣ ਨੂੰ ਤਾਂ ਸਰਕਾਰ ਵਲੋਂ ਕਰਤਾਰਪੁਰ (ਜਲੰਧਰ) ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਪਰ ਇਸ ਸੱਚਾਈ ਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬਿਜਲੀ ਦੀ ਸਪਲਾਈ ਰੋਜ਼ਾਨਾ ਦੋ ਜਾਂ ਚਾਰ ਘੰਟੇ ਹੀ ਨਸੀਬ ਹੁੰਦੀ ਹੈ। ਉਹ ਵੀ ਵੋਲਟੇਜ ਏਨੀ ਘੱਟ ਹੁੰਦੀ ਹੈ ਕਿ ਬਿਜਲਈ ਉਪਕਰਨ ਵੀ ਨਹੀਂ ਚਲਦੇ। ਗਰਮੀਆਂ ਦੇ ਦਿਨਾਂ ਵਿੱਚ ਤਾਂ ਸਾਰਾ-ਸਾਰਾ ਦਿਨ ਤੇ ਸਾਰੀ-ਸਾਰੀ ਰਾਤ ਅਣ-ਐਲਾਨੇ ਕੱਟ ਲਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ ਕਿਉਂਕਿ ਪਹਿਲਾਂ ਤਾਂ ਕਣਕ ਦੀ ਵਾਢੀ ਦਾ ਸੀਜ਼ਨ ਹੁੰਦਾ ਹੈ। ਪੱਕੀ ਕਣਕ ‘ਤੇ ਬਿਜਲੀ ਦਾ ਚੰਗਿਆੜਾ ਕਣਕ ਨੂੰ ਬਰਬਾਦ ਕਰਕੇ ਰੱਖ ਸਕਦਾ ਹੈ। ਫਿਰ ਝੋਨੇ ਦੀ ਲਵਾਈ ਸ਼ੁਰੂ ਹੋ ਜਾਂਦੀ ਹੈ। ਫਿਰ ਨਾਲ ਹੀ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਬਿਜਲੀ ਕਈ-ਕਈ ਦਿਨ ਬੰਦ ਰਹਿੰਦੀ ਹੈ। ਫਿਰ ਕਦੇ ਕੋਈ ਟਰਾਂਸਫਾਰਮਰ ਖ਼ਰਾਬ ਹੋ ਜਾਂਦਾ ਹੈ।
ਅਸੀਂ ਇਸ ਸਮੱਸਿਆ ਸੰਬੰਧੀ ਸਬੰਧਤ ਅਧਿਕਾਰੀਆਂ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਹੈ ਪਰ ਅਧਿਕਾਰੀਆਂ ਤੋਂ ਕਦੇ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦਾ। ਉਹ ਘੜੇ-ਘੜਾਏ ਜਵਾਬ ਦੇਂਦੇ ਹਨ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਬਰੇਕ ਡਾਊਨ ਹੈ, ਪਾਵਰ ਕੱਟ ਹੈ ਆਦਿ।
ਬੇਲੋੜੇ ਅਤੇ ਅਣ-ਐਲਾਨੇ ਲੰਮੇ-ਲੰਮੇ ਕੱਟਾਂ ਨਾਲ ਸਾਰਾ ਕੰਮ ਵੀ ਠੱਪ ਹੋ ਜਾਂਦਾ ਹੈ ਤੇ ਹੋਰ ਵੀ ਕਈ ਮੁਸੀਬਤਾਂ ਨਾਲ ਜੂਝਣਾ ਪੈਂਦਾ ਹੈ। ਬੱਚੇ, ਬਜ਼ੁਰਗ ਤੇ ਬਿਮਾਰਾਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ। ਪਿੰਡਾਂ ਵਿੱਚ ਇਹ ਸਥਿਤੀ ਸ਼ਹਿਰਾਂ ਨਾਲੋਂ ਜ਼ਿਆਦਾ ਗੰਭੀਰ ਹੈ। ਉਂਝ ਸ਼ਹਿਰਾਂ ਵਿੱਚ ਵੀ ਕੱਟ ਲੱਗਦੇ ਹਨ ਪਰ ਉੱਥੇ ਸਮਾਂ ਨਿਸਚਿਤ ਹੁੰਦਾ ਹੈ ਪਰ ਪਿੰਡਾਂ ਵਿੱਚ ਕੋਈ ਸਮਾਂ ਨਹੀਂ। ਇੰਝ ਜਾਪਦਾ ਹੈ ਜਿਵੇਂ ਬਿਜਲੀ ਅਧਿਕਾਰੀਆਂ ਨੂੰ ਪਿੰਡਾਂ ਵਾਲਿਆਂ ਨੂੰ ਤੰਗ, ਪਰੇਸ਼ਾਨ ਕਰਕੇ ਸਕੂਨ ਮਿਲਦਾ ਹੈ।
ਇਸ ਸਬੰਧੀ ਅਸੀਂ ਮਹਿਕਮੇ ਦੇ ਉੱਚ-ਅਫ਼ਸਰਾਂ ਨੂੰ ਕਈ ਵਾਰ ਲਿਖਤੀ ਤੌਰ ‘ਤੇ ਵੀ ਬੇਨਤੀ ਕਰ ਚੁੱਕੇ ਹਾਂ ਪਰ ਸਾਡੀ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਪੱਤਰ ਰਾਹੀਂ ਅਸੀਂ ਬਿਜਲੀ ਮਹਿਕਮੇ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਇਸ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਦੀ ਅਤਿ ਮੰਦੀ ਹਾਲਤ ਦਾ ਸੁਧਾਰ ਕਰਨ ਲਈ ਪਹਿਲ ਦੇ ਅਧਾਰ ‘ਤੇ ਕਦਮ ਚੁੱਕੇ ਜਾਣ।
ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਆਪਣੇ ਅਖ਼ਬਾਰ ‘ਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………