ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਕਿ ਆਮ ਜਨਤਾ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਵਿੱਚ ਕਿਵੇਂ ਯੋਗਦਾਨ ਪਾ ਸਕਦੀ ਹੈ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਨਹਿਰੂ ਗਾਰਡਨ ਰੋਡ,
ਜਲੰਧਰ।
ਵਿਸ਼ਾ : ਆਲਾ-ਦੁਆਲਾ ਸਾਫ਼ ਰੱਖਣ ਵਿੱਚ ਆਮ ਜਨਤਾ ਦੇ ਯੋਗਦਾਨ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਆਮ ਲੋਕਾਂ ਵਲੋਂ ਆਲਾ-ਦੁਆਲਾ ਸਾਫ਼ ਰੱਖਣ ‘ਚ ਪਾਏ ਜਾ ਸਕਣ ਵਾਲੇ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਇਹ ਪੱਤਰ ਆਪਣੇ ਅਖ਼ਬਾਰ ‘ਚ ਛਾਪਣ ਦੀ ਕਿਰਪਾਲਤਾ ਕਰਨੀ।
ਅਜੋਕੇ ਸਮੇਂ ਵਿੱਚ ਵਾਤਾਵਰਨ ਪ੍ਰਦੂਸ਼ਣ ਸੰਸਾਰ ਭਰ ਵਿੱਚ ਇੱਕ ਗੰਭੀਰ ਚੁਣੌਤੀ ਬਣ ਗਿਆ ਹੈ, ਜਿਸ ਨੇ ਸਮੁੱਚੀ ਮਨੁੱਖਤਾ, ਜੀਵ-ਜੰਤੂ ਤੇ ਸਾਰੀ ਬਨਸਪਤੀ ਨੂੰ ਹੀ ਖ਼ਤਰੇ ਵਿੱਚ ਪਾ ਦਿੱਤਾ ਹੈ। ਅੱਜ ਹਵਾ, ਪਾਣੀ, ਮਿੱਟੀ, ਧੁਨੀ ਪ੍ਰਦੂਸ਼ਣ ਤੇ ਰੇਡੀਓ ਐਕਟਿਵ ਕਿਰਨਾਂ ਨਾਲ ਪੈਦਾ ਹੋਈ ਗਲੋਬਲ ਵਾਰਮਿੰਗ, ਜਿਸ ਨੇ ਧਰਤੀ ਦੀ ਤਪਸ਼ ਵਿੱਚ ਬੇਹਿਸਾਬਾ ਵਾਧਾ ਕੀਤਾ ਹੈ ਤੇ ਮੌਸਮਾਂ ਵਿੱਚ ਵੀ ਤਬਦੀਲੀ ਆ ਗਈ ਹੈ। ਅੱਜ ਸਮੁੱਚੇ ਵਿਸ਼ਵ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਸਾਂਝੇ ਉਪਰਾਲੇ ਕੀਤੇ ਜਾ ਰਹੇ ਹਨ। ਅਸੀਂ ਸਾਰੇ ਹੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖ ਕੇ ਵੀ ਪ੍ਰਦੂਸ਼ਣ ਰੋਕਣ ਲਈ ਉਪਰਾਲੇ ਕਰ ਸਕਦੇ ਹਾਂ।
ਆਲੇ-ਦੁਆਲੇ ਨੂੰ ਸਾਫ਼ ਤੇ ਸੁੰਦਰ ਰੱਖਣ ਦੀ ਸਮੱਸਿਆ ਦਾ ਸਬੰਧ ਸ਼ਹਿਰਾਂ ਤੇ ਪਿੰਡਾਂ ਦੋਵਾਂ ਨਾਲ ਹੈ। ਅਸੀਂ ਆਪਣੇ ਘਰਾਂ ਦੀ ਸਫ਼ਾਈ ਕਰਕੇ ਬਾਹਰ ਕੂੜੇ-ਕਰਕਟ ਦੇ ਢੇਰ ਲਾਈ ਜਾਂਦੇ ਹਾਂ ਤੇ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ। ਸ਼ਹਿਰਾਂ ਵਿੱਚ ਸਾਫ਼-ਸਫਾਈ ਜਾਂ ਕੂੜੇ ਚੁੱਕਣ ਦਾ ਪ੍ਰਬੰਧ ਮਿਊਂਸਪਲ ਕਾਰਪੋਰੇਸ਼ਨ ਕੋਲ ਹੁੰਦਾ ਹੈ। ਉਨ੍ਹਾਂ ਵਲੋਂ ਕੀਤਾ ਗਿਆ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਹੈ। ਕੂੜਾ-ਕਰਕਟ ਗੱਡੀਆਂ ਤੋਂ ਬਾਹਰ ਪਿਆ ਹੁੰਦਾ ਹੈ। ਜਦੋਂਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਗੱਡੀਆਂ ਰੋਜ਼ਾਨਾ ਕੂੜਾ ਨਿਸਚਿਤ ਥਾਵਾਂ ‘ਤੇ ਸੁੱਟਣ ਮਗਰੋਂ ਉਸ ਜਗ੍ਹਾ ‘ਤੇ ਦਵਾਈ ਦਾ ਛਿੜਕਾਅ ਕੀਤਾ ਜਾਵੇ, ਜਿਸ ਨਾਲ ਮੱਖੀਆਂ-ਮੱਛਰਾਂ ਰਾਹੀਂ ਬਿਮਾਰੀਆਂ ਨੂੰ ਹਮਲਾ ਕਰਨ ਦਾ ਮੌਕਾ ਹੀ ਨਾ ਮਿਲੇ।
ਇਸੇ ਤਰ੍ਹਾਂ ਪਿੰਡਾਂ ਵਿੱਚ ਵੀ ਕੂੜੇ ਸੁੱਟਣ ਲਈ ਟੋਏ ਨਿਸਚਿਤ ਕੀਤੇ ਗਏ ਹੁੰਦੇ ਹਨ ਤੇ ਗੰਦੇ ਪਾਣੀ ਦੇ ਨਿਕਾਸ ਲਈ ਛੱਪੜ ਬਣਾਏ ਜਾਂਦੇ ਹਨ ਪਰ ਲੋਕ ਜ਼ਮੀਨਾਂ ਹੜੱਪ ਰਹੇ ਹਨ, ਟੋਏ ਪੂਰੇ ਜਾ ਰਹੇ ਹਨ। ਕੂੜਾ ਸੁੱਟਣ ਲਈ ਤੇ ਪਾਣੀ ਦੇ ਨਿਕਾਸ ਲਈ ਕੋਈ ਥਾਂ ਹੀ ਨਹੀਂ ਰਹਿ ਗਈ, ਜਿਸ ਨਾਲ ਇੱਥੇ ਵੀ ਗੰਦਗੀ ਦੇ ਢੇਰ ਲੱਗੇ ਹੀ ਰਹਿੰਦੇ ਹਨ।
ਪਲਾਸਟਿਕ ਦੇ ਲਿਫ਼ਾਫੇ ਪ੍ਰਦੂਸ਼ਣ ਫੈਲਾਉਣ ਵਿੱਚ ਸਭ ਤੋਂ ਵੱਧ ਸਹਾਈ ਹੁੰਦੇ ਹਨ। ਇਹ ਨਾ ਤਾਂ ਜ਼ਮੀਨ ਵਿੱਚ ਗਲਦੇ ਹਨ ਤੇ ਨਾ ਹੀ ਬਲਦੇ ਹਨ। ਇਹ ਨਾਲੀਆਂ ਵਿੱਚ ਸਖ਼ਤੀ ਨਾਲ ਪਾਣੀ ਰੋਕਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਕਿਸਾਨ ਕਣਕ ਤੇ ਝੋਨਾ ਵੱਢ ਕੇ ਖੇਤਾਂ ਵਿੱਚ ਨਾੜ ਤੇ ਪਰਾਲੀ ਨੂੰ ਮਜਬੂਰੀ ‘ਚ ਅੱਗ ਲਾ ਕੇ ਧਰਤੀ, ਵਾਤਾਵਰਨ, ਰੁੱਖ, ਮਨੁੱਖ ਤੇ ਸਮੁੱਚੀ ਬਨਸਪਤੀ ਦਾ ਸੱਤਿਆਨਾਸ ਕਰ ਰਹੇ ਹਨ। ਇਸੇ ਤਰ੍ਹਾਂ ਚਿਮਨੀਆਂ ਤੇ ਮੋਟਰ ਗੱਡੀਆਂ ਦਾ ਧੂੰਆਂ ਵੀ ਵਾਤਾਵਰਨ ਪ੍ਰਦੂਸ਼ਣ ਫੈਲਾ ਰਿਹਾ ਹੈ।
ਅਸੀਂ ਪਾਣੀ ਦੀ ਬੇਲੋੜੀ ਵਰਤੋਂ ਕਰੀ ਜਾ ਰਹੇ ਹਾਂ ਤੇ ਧੁਨੀ ਪ੍ਰਦੂਸ਼ਣ ਫੈਲਾ ਕੇ ਬਿਮਾਰੀਆਂ ਸਹੇੜ ਰਹੇ ਹਾਂ। ਸੋ, ਹਰ ਨਾਗਰਿਕ ਦਾ ਇਖ਼ਲਾਕੀ ਫ਼ਰਜ਼ ਹੈ ਕਿ ਉਹ ਆਪਣਾ ਆਲਾ-ਦੁਆਲਾ ਸਾਫ ਰੱਖੇ, ਉੱਥੇ ਕੂੜੇ-ਕਰਕਟ ਦੇ ਢੇਰ ਨਹੀਂ ਬਲਕਿ ਹਰਿਆਵਲ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਖੇਤਾਂ ਵਿੱਚ ਕੀੜੇਮਾਰ ਦਵਾਈਆਂ ਤੇ ਬੇਲੋੜੀ ਸਪਰੇਅ ਨਾਲੋਂ ਦੇਸੀ ਖਾਦ ਦੀ ਵਰਤੋਂ ਕੀਤੀ ਜਾਵੇ। ਵਾਹਨਾਂ ਨੂੰ ਧੂੰਆਂ ਮੁਕਤ ਕੀਤਾ ਜਾਵੇ, ਨਾੜ ਨੂੰ ਅੱਗ ਨਾ ਲਾਈ ਜਾਵੇ, ਪਲਾਸਟਿਕ ਦੇ ਲਿਫ਼ਾਫ਼ੇ ਉੱਕਾ ਹੀ ਬੰਦ ਕਰ ਦਿੱਤੇ ਜਾਣ ਤਾਂ ਯਕੀਨਨ ਆਲਾ-ਦੁਆਲਾ ਸਾਫ਼, ਸੁੰਦਰ ਤੇ ਸ਼ੁੱਧ ਹੋ ਸਕਦਾ ਹੈ।
ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਇਹ ਪੱਤਰ ਅਖ਼ਬਾਰ ਵਿੱਚ ਜ਼ਰੂਰ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………