ਅਖ਼ਬਾਰ ਦੇ ਸੰਪਾਦਕ ਨੂੰ ਪੱਤਰ
‘ਸਮਾਜ ਵਿੱਚ ਫੈਲੀਆਂ ਬੁਰਾਈਆਂ’ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰੀਖਿਆ ਭਵਨ,
………………ਸ਼ਹਿਰ।
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ ਅਜੀਤ,
ਜਲੰਧਰ।
ਵਿਸ਼ਾ : ਸਮਾਜਕ ਬੁਰਾਈਆਂ ਦੇ ਪਸਾਰੇ ਸਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਇਸ ਪੱਤਰ ਰਾਹੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਬਾਰੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਇਸ ਪੱਤਰ ਨੂੰ ਅਖ਼ਬਾਰ ਵਿੱਚ ਛਾਪਣ ਦੀ ਕਿਰਪਾਲਤਾ ਕਰਨੀ।
ਅੱਜ ਇੱਕ ਪਾਸੇ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਦੂਜੇ ਪਾਸੇ ਬੁਰਾਈਆਂ ਦੇ ਮੱਕੜ-ਜਾਲ ਨੇ ਮਨੁੱਖ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਭ੍ਰਿਸ਼ਟਾਚਾਰ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਪੈਸੇ ਦੇ ਬਲਬੂਤੇ ਅਯੋਗ ਵਿਅਕਤੀ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ ਤੇ ਮਿਹਨਤੀ ਤੇ ਇਮਾਨਦਾਰ ਕੱਖਾਂ ਵਾਂਗੂੰ ਰੁਲ ਰਹੇ ਹਨ। ਪੈਸਿਆਂ ਤੋਂ ਬਿਨਾਂ ਮਹਿਕਮਿਆਂ ਵਿੱਚੋਂ ਫਾਈਲਾਂ ਅੱਗੇ ਨਹੀਂ ਤੁਰਦੀਆਂ। ਹੇਰਾ-ਫੇਰੀਆਂ, ਧੋਖੇਬਾਜ਼ੀਆਂ, ਠੱਗੀਆਂ ਦਾ ਵਪਾਰ ਵਧ ਰਿਹਾ ਹੈ। ਵਿਦੇਸ਼ਾਂ ਵਿੱਚ ਕਾਲਾ ਧਨ ਵਧਦਾ ਹੀ ਜਾ ਰਿਹਾ ਹੈ। ਭਾਰਤੀ ਮਨੁੱਖ ਮਹਿੰਗਾਈ ਦੀ ਮਾਰ ਹੇਠ ਦੱਬਿਆ ਦੋ ਵਕਤ ਦੀ ਰੋਟੀ ਤੋਂ ਵੀ ਆਤੁਰ ਹੈ।
ਅੱਜ ਨਸ਼ਿਆਂ ਦੇ ਦਰਿਆ ਨੇ ਜਵਾਨੀ ਰੋੜ੍ਹ ਦਿੱਤੀ ਹੈ। ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਸਾਰੇ ਨੌਜਵਾਨ ਵਕਤ ਤੋਂ ਪਹਿਲਾਂ ਹੀ ਸਿਵਿਆਂ ਦੇ ਰਾਹ ਪੈ ਰਹੇ ਹਨ। ਵੋਟਾਂ ਦੌਰਾਨ ਨਸ਼ੇ ਵੰਡ ਕੇ ਬਾਅਦ ਵਿੱਚ ਨਸ਼ੇ ਤਿਆਗਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਦਾਜ ਦੀ ਲਾਹਨਤ ਤੇ ਇਸਤਰੀਆਂ ਨਾਲ ਬਦਸਲੂਕੀ ਨੇ ਭਰੂਣ-ਹੱਤਿਆ ਦੇ ਕਹਿਰ ਨੂੰ ਵਧਾ ਦਿੱਤਾ ਹੈ। ਵਿਆਹ ਵਪਾਰ ਬਣ ਗਿਆ ਹੈ। ਦਾਜ ਦੇ ਲਾਲਚੀ ਮੰਗਤੇ ਕੁੜੀ ਵਾਲਿਆਂ ਤੋਂ ਮੂੰਹ ਅੱਡ ਕੇ ਦਾਜ ਮੰਗਦੇ ਹਨ ਤੇ ਦਾਜ ਨਾ ਮਿਲਣ ਦੀ ਸੂਰਤ ਵਿੱਚ ਕੁੜੀ ਨੂੰ ਬਲੀ ਚਾੜ੍ਹ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਵਿੱਚ ਆਤਮ-ਹੱਤਿਆ ਦਾ ਰੁਝਾਨ ਵਧ ਰਿਹਾ ਹੈ। ਸਮਾਜਕ ਰਿਸ਼ਤਿਆਂ ਵਿੱਚ ਤਰੇੜਾਂ ਪੈ ਰਹੀਆਂ ਹਨ। ਮਾਪਿਆਂ ਦਾ ਸਤਿਕਾਰ ਕਰਨ ਦੀ ਥਾਂ ਉਨ੍ਹਾਂ ਨਾਲ ਹੈਵਾਨੀਅਤ ਨਾਲ ਪੇਸ਼ ਆਇਆ ਜਾਂਦਾ ਹੈ। ਪੈਸੇ ਤੇ ਜਾਇਦਾਦ ਦੀ ਖ਼ਾਤਰ ਆਪਣਿਆਂ ਦਾ ਹੀ ਕਤਲ ਕੀਤਾ ਜਾ ਰਿਹਾ ਹੈ।
ਵਹਿਮ-ਭਰਮ ਕੌੜੀ ਵੇਲ ਵਾਂਗ ਵਧ ਰਹੇ ਹਨ। ਅਖੌਤੀ ਬਾਬੇ, ਤਾਂਤਰਿਕ ਭੋਲੇ-ਭਾਲੇ ਲੋਕਾਂ ਦਾ ਆਰਥਕ ਤੇ ਮਾਨਸਕ ਸ਼ੋਸ਼ਣ ਕਰਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ। ਲੋਕ ਹਰ ਪਾਸਿਓਂ ਲੁੱਟੇ-ਪੁੱਟੇ ਜਾ ਰਹੇ ਹਨ। ਅਨਪੜ੍ਹਤਾ, ਬਾਲ- ਮਜ਼ਦੂਰੀ, ਵਾਤਾਵਰਨ ਪ੍ਰਦੂਸ਼ਣ, ਗੀਤਾਂ ਵਿੱਚ ਲੱਚਰਤਾ, ਲੁੱਟਾਂ-ਖੋਹਾਂ, ਡਾਕੇ, ਮੰਗਣ-ਪ੍ਰਥਾ, ਲੋਕ-ਵਿਖਾਵਾ, ਵਿਆਹ- ਸ਼ਾਦੀਆਂ ਜਾਂ ਕਿਸੇ ਵੀ ਖ਼ੁਸ਼ੀ ਦੇ ਮੌਕੇ ਕਰਜ਼ੇ ਚੁੱਕ ਕੇ ਬੇਲੋੜੇ ਖਰਚ ਕਰਨੇ, ਪੈਲੇਸਾਂ ਦੀ ਚਕਾਚੌਂਧ, ਫੋਕੀ ਬੱਲੇ-ਬੱਲੇ ਨੇ ਹਰ ਇੱਕ ਨੂੰ ਕੰਗਾਲ ਕਰ ਦਿੱਤਾ ਹੈ।
ਅੱਜ ਨਕਲ ਦਾ ਕੋਹੜ ਛੇਤੀ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਅਧਿਆਪਕਾਂ ਤੇ ਵਿਦਿਆਰਥੀਆਂ ਵਿੱਚ ਵਧਦਾ ਜਾ ਰਿਹਾ ਪਾੜਾ, ਹੜਤਾਲਾਂ, ਨਸ਼ੇ, ਡਿਗਰੀਆਂ ਦਾ ਵਪਾਰ, ਨੌਜਵਾਨਾਂ ਵਿੱਚ ਵਿਹਲੇ ਰਹਿਣ ਦੀ ਰੁਚੀ, ਵਿਹਲੀ ਮਟਰ- ਗਸ਼ਤੀ ਆਦਿ ਪ੍ਰਧਾਨ ਹੋ ਗਏ ਹਨ।
ਇਨ੍ਹਾਂ ਬੁਰਾਈਆਂ ਦਾ ਮੂਲ ਕਾਰਨ ਸਾਡੇ ਵਿੱਚ ਆਦਰਸ਼ਕ, ਸਦਾਚਾਰਕ, ਧਾਰਮਕ ਤੇ ਨੈਤਿਕ ਸਿੱਖਿਆ ਦੀ ਅਣਹੋਂਦ ਹੈ। ਅਜੋਕੇ ਸਮੇਂ ‘ਚ ਘਰੇਲੂ ਮਾਹੌਲ ਵੀ ਆਪੋ-ਧਾਪ ਵਾਲਾ ਬਣ ਗਿਆ ਹੈ। ਕਿਸੇ ਕੋਲ ਵਕਤ ਹੀ ਨਹੀਂ ਕਿ ਬੱਚਿਆਂ ਨੂੰ ਨੈਤਿਕ ਸਿੱਖਿਆ ਦੇਵੇ। ਇੰਜ ਪੈਸੇ ਦੀ ਦੌੜ ਨੇ ਅਨੇਕਾਂ ਬੁਰਾਈਆਂ ਸਿਰਜ ਦਿੱਤੀਆਂ ਹਨ। ਸਾਨੂੰ ਇਨ੍ਹਾਂ ਬੁਰਾਈਆਂ, ਆਦਤਾਂ ਤੇ ਰੁਚੀਆਂ ਦਾ ਤਿਆਗ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ।
ਮੈਨੂੰ ਆਸ ਹੈ ਕਿ ਤੁਸੀਂ ਇਹ ਪੱਤਰ ਛੇਤੀ ਆਪਣੇ ਅਖ਼ਬਾਰ ‘ਚ ਛਾਪੋਗੇ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ੳ. ਅ. ੲ.।
ਮਿਤੀ : 10 ਅਪ੍ਰੈਲ, 20…………