CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਕਿਸੇ ਅਖ਼ਬਾਰ ਵਿੱਚ ਜੇਕਰ ਤੁਸੀਂ ਆਪਣੀਆਂ ਰਚਨਾਵਾਂ ਛਪਵਾਉਣਾ ਚਾਹੁੰਦੇ ਹੋ ਤਾਂ ਸੰਬੰਧਤ ਸੰਪਾਦਕ ਨੂੰ ਪੱਤਰ ਲਿਖ ਕੇ ਇਸ ਦੀ ਪ੍ਰਵਾਨਗੀ ਦਿਉ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਸੰਪਾਦਕ ਜੀ,

ਨਵਾਂ ਜ਼ਮਾਨਾ,

ਜਲੰਧਰ।

ਵਿਸ਼ਾ : ਅਣਪ੍ਰਕਾਸ਼ਤ ਰਚਨਾਵਾਂ ਨੂੰ ਅਖ਼ਬਾਰ ਦੇ ਵਿਸ਼ੇਸ਼ ਕਾਲਮ ਵਿੱਚ ਲੜੀਵਾਰ ਛਪਾਉਣ ਸਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਕਿੱਤੇ ਵਜੋਂ ਦਸਮੇਸ਼ ਸਰਕਾਰੀ ਹਾਈ ਸਕੂਲ, ਬਨੂੜ ਵਿਖੇ ਪੰਜਾਬੀ ਅਧਿਆਪਕ ਹਾਂ। ਵਿਦਿਆਰਥੀ ਜੀਵਨ ਤੋਂ ਹੀ ਮੈਂ ਸਾਹਿਤਕ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜੋ ਸਕੂਲਾਂ ਤੇ ਕਾਲਜਾਂ ਦੇ ਮੈਗ਼ਜ਼ੀਨਾਂ ਵਿਖੇ ਛਪਦੀਆਂ ਰਹੀਆਂ ਹਨ। ਹਰ ਵਰਗ ਵਲੋਂ ਇਨ੍ਹਾਂ ਨੂੰ ਕਾਫ਼ੀ ਸਲਾਹਿਆ ਵੀ ਗਿਆ। ਹੁਣ ਮੈਂ ਬੱਚਿਆਂ ਲਈ ਨਾਵਲ ਲਿਖਿਆ ਹੈ। ਮੈਂ ਚਾਹੁੰਦਾ ਹਾਂ ਕਿ ਆਪ ਜੀ ਦੇ ਅਖ਼ਬਾਰ ਵਿੱਚ ਛਪਦੇ ਬਾਲ-ਜਗਤ ਵਿਸ਼ੇਸ਼ ਅੰਕ ਵਿੱਚ ਇਹ ਲੜੀਵਾਰ ਛਪ ਸਕੇ ਤਾਂ ਜੋ ਇਸ ਮਾਧਿਅਮ ਰਾਹੀਂ ਬੱਚੇ ਅਤੇ ਹਰ ਵਰਗ ਦੇ ਪਾਠਕ ਇਸ ਨੂੰ ਪੜ੍ਹ ਕੇ ਅਨੰਦ ਵੀ ਮਾਣਨ ਤੇ ਜਾਣਕਾਰੀ ਵੀ ਲੈਣ। ਇਸ ਨਾਵਲ ਵਿੱਚ ਬੱਚਿਆਂ ਦੀ ਮਾਨਸਿਕਤਾ ਦੇ ਅਧਾਰ ‘ਤੇ ਅਗਾਂਹ-ਵਧੂ ਸੇਧ ਦੇਣ ਲਈ ਵਿਚਾਰ ਪੇਸ਼ ਕੀਤੇ ਹਨ। ਇਹ ਨਾਵਲ ਬੱਚਿਆਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਉਸਾਰੂ ਸੇਧ ਵੀ ਦੇਵੇਗਾ | ਇਸ ਲਈ ਮੈਂ ਆਪ ਨੂੰ ਇਸ ਨਾਵਲ ਨੂੰ ਛਾਪਣ ਲਈ ਇਜਾਜ਼ਤ ਦੇਂਦਾ ਹਾਂ। ਇਸ ਪੱਤਰ ਦੇ ਨਾਲ ਮੈਂ ਨਾਵਲ ਦੀਆਂ ਦੋ ਪਰਤਾਂ ਭੇਜ ਰਿਹਾ ਹਾਂ। ਕਿਰਪਾ ਕਰਕੇ ਇਸ ਨੂੰ ਬਾਲ-ਸੰਸਾਰ ਵਿੱਚ ਢੁਕਵੀਂ ਜਗ੍ਹਾ ਦੇਣ ਦੀ ਕਿਰਪਾਲਤਾ ਕੀਤੀ ਜਾਵੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………