CBSELetters (ਪੱਤਰ)NCERT class 10thPunjab School Education Board(PSEB)Punjabi Viakaran/ Punjabi Grammar

ਅਖ਼ਬਾਰ ਦੇ ਸੰਪਾਦਕ ਨੂੰ ਪੱਤਰ


ਕਿਸੇ ਅਖ਼ਬਾਰ ਦੇ ਪ੍ਰਕਾਸ਼ਕ ਨੂੰ ਅਖ਼ਬਾਰ ਸੰਬੰਧੀ ਆਪਣੇ ਵਿਚਾਰ ਦੱਸੋ।


ਪ੍ਰੀਖਿਆ ਭਵਨ,

………………ਸ਼ਹਿਰ।

ਸੇਵਾ ਵਿਖੇ,

ਪ੍ਰਕਾਸ਼ਕ,

ਰੋਜ਼ਾਨਾ ਪੰਜਾਬੀ ਟ੍ਰਿਬਿਊਨ,

ਚੰਡੀਗੜ੍ਹ।

ਵਿਸ਼ਾ : ਅਖ਼ਬਾਰ ਦੇ ਮਿਆਰੀਕਰਨ ‘ਤੇ ਪ੍ਰਸੰਸਾ-ਪੱਤਰ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਪਿਛਲੇ 20 ਸਾਲਾਂ ਤੋਂ ਰੋਜ਼ਾਨਾ ਛਪਣ ਵਾਲੇ ਤਿੰਨ-ਚਾਰ ਅਖ਼ਬਾਰ ਜਰੂਰ ਪੜ੍ਹਦਾ ਹਾਂ। ਹਰ ਅਖਬਾਰ ਦੀ ਆਪੋ-ਆਪਣੀ ਅਹਿਮੀਅਤ ਹੈ। ਹਰ ਕਿਸੇ ਵਿੱਚ ਕੁਝ ਨਿਵੇਕਲਾ ਸ਼ਾਮਲ ਹੁੰਦਾ ਹੈ। ਇਸ ਲਈ ਸਾਰੀਆਂ ਅਖ਼ਬਾਰਾਂ ‘ਤੇ ਨਜ਼ਰ ਮਾਰਨੀ ਪੈਂਦੀ ਹੈ ਪਰ ਜੋ ਅਨੰਦ ਤੇ ਸਕੂਨ ਪੰਜਾਬੀ ਟ੍ਰਿਬਿਊਨ ਅਖ਼ਬਾਰ ਪੜ੍ਹ ਕੇ ਮਿਲਦਾ ਹੈ ਉਹ ਕਿਸੇ ਹੋਰ ਅਖ਼ਬਾਰ ਪੜ੍ਹਨ ਨਾਲ ਨਹੀਂ ਮਿਲਦਾ। ਇਸ ਦੇ ਕੁਝ ਇੱਕ ਖ਼ਾਸ ਕਾਰਨ ਹਨ; ਜਿਵੇਂ ਇਸ ਦਾ ਪੇਪਰ ਬਾਕੀਆਂ ਨਾਲੋਂ ਉੱਚ ਕਵਾਲਿਟੀ ਦਾ ਹੁੰਦਾ ਹੈ, ਇਸ ਵਿੱਚ ਪੰਜਾਬੀ ਸ਼ਬਦ ਜੋੜ ਸ਼ੁੱਧ ਹੁੰਦੇ ਹਨ। ਹਰ ਖ਼ਬਰ ਨੂੰ ਢੁੱਕਵੀਂ ਥਾਂ ‘ਤੇ ਲਿਖਿਆ ਜਾਂਦਾ ਹੈ ਤੇ ਇਸ਼ਤਿਹਾਰਬਾਜੀ ਵੀ ਪ੍ਰਭਾਵਸ਼ਾਲੀ ਹੁੰਦੀ ਹੈ। ਤਸਵੀਰਾਂ ਵੀ ਬਹੁਤ ਜਾਇਜ ਹੁੰਦੀਆਂ ਹਨ, ਮੈਗਜ਼ੀਨ ਅਤੇ ਵਿਸ਼ੇਸ਼ ਅੰਕ ਆਪਣਾ ਪ੍ਰਭਾਵ ਆਪ ਪਾਉਂਦੇ ਹਨ।

ਇਸ ਦੀ ਸਾਰੀ ਸਮੱਗਰੀ ਲੱਚਰਤਾ, ਸਿਆਸੀਕਰਨ ਤੇ ਖ਼ਾਸ ਤਬਕੇ ਤੋਂ ਪਰ੍ਹੇ ਹੋ ਕੇ ਜਨਸਧਾਰਨ ਲਈ ਸਾਂਝੀ ਹੁੰਦੀ ਹੈ। ਸਚਮੁੱਚ ਇਹ ਪੰਜਾਬ ਦੀ ਅਵਾਜ਼ ਹੈ ਜੋ ਹੱਕ ਤੇ ਸੱਚ ਦਾ ਹੋਕਾ ਦਿੰਦੀ ਹੈ। ਇਸ ਤੋਂ ਸਮੁੱਚੇ ਲੋਕਾਂ ਨੂੰ ਸੇਧ ਮਿਲਦੀ ਹੈ। ਇਸ ਵਿੱਚ ਛਪਣ ਵਾਲੇ ਵਿਸ਼ੇਸ਼ ਅੰਕਾਂ ਵਿੱਚ ਸਮੇਂ-ਸਮੇਂ ‘ਤੇ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਮੇਰਾ ਵਿਚਾਰ ਹੈ ਕਿ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵਿਸ਼ੇਸ਼ ਅੰਕ ਰੋਜ਼ਾਨਾ ਹੀ ਕ੍ਰਮ ਅਨੁਸਾਰ ਛਾਪੇ ਜਾਣ ਤਾਂ ਜੋ ਹਰ ਇੱਕ ਨੂੰ ਇਸ ਦੀ ਹੋਰ ਵੀ ਬੇਸਬਰੀ ਨਾਲ ਉਡੀਕ ਰਹੇ ਤੇ ਹਰ ਕੋਈ ਇਨ੍ਹਾਂ ਨਾਲ ਜੁੜਿਆ ਰਹੇ। ਵਿਸ਼ੇਸ਼ ਅੰਕਾਂ ਦੇ ਨਾਲ ਲੋਕਾਂ ਵਿੱਚ ਜਾਗ੍ਰਤੀ ਵੀ ਆਉਂਦੀ ਹੈ। ਇਹ ਇੱਕ ਵਧੀਆ ਉਪਰਾਲਾ ਹੈ। ਮੈਂ ਇੱਕ ਵਾਰ ਫਿਰ ਤੋਂ ਆਪ ਅਤੇ ਆਪ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਆਪ ਦਾ ਇਹ ਉਪਰਾਲਾ ਸਚਮੁੱਚ ਹੀ ਸ਼ਲਾਘਾਯੋਗ ਹੈ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ੳ. ਅ. ੲ.।

ਮਿਤੀ : 10 ਅਪ੍ਰੈਲ, 20…………