ਅਕਾਲੀ ਫੂਲਾ ਸਿੰਘ


ਪ੍ਰਸ਼ਨ. ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਫੌਲਾਦੀ ਥੰਮ੍ਹ ਸਨ। ਉਨ੍ਹਾਂ ਨੇ ਸਿੱਖ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। ਆਪ ਦੀ ਲਾਸਾਨੀ ਸੂਰਬੀਰਤਾ, ਨਿਡਰਤਾ, ਪੰਥਕ ਪਿਆਰ ਅਤੇ ਉੱਚੇ ਆਚਰਨ ਕਾਰਨ ਮਹਾਰਾਜਾ ਰਣਜੀਤ ਸਿੰਘ ਆਪ ਦਾ ਬਹੁਤ ਸਤਿਕਾਰ ਕਰਦੇ ਸਨ।

1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ। ਇਸੇ ਹੀ ਵਰ੍ਹੇ ਅਕਾਲੀ ਫੂਲਾ ਸਿੰਘ ਨੇ ਝੰਗ ਨੂੰ ਵੀ ਆਪਣੇ ਅਧੀਨ ਕੀਤਾ। ਆਪ ਜੀ ਦੇ ਸਹਿਯੋਗ ਸਦਕਾ ਹੀ 1816 ਈ. ਵਿੱਚ ਮੁਲਤਾਨ, ਭੱਖਰ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਮੁਸਲਮਾਨ ਹਾਕਮਾਂ ਵੱਲੋਂ ਸਿੱਖ ਰਾਜ ਵਿਰੁੱਧ ਭੜਕੀਆਂ ਬਗ਼ਾਵਤਾਂ ਨੂੰ ਕੁਚਲਿਆ ਜਾ ਸਕਿਆ।

1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਹੀ ਵਰ੍ਹੇ ਪਿਸ਼ਾਵਰ ‘ਤੇ ਹਮਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ।

1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨਾਲ ਸਨ। ਉਹ 14 ਮਾਰਚ, 1823 ਈ. ਨੂੰ ਨੌਸ਼ਹਿਰਾ ਵਿਖੇ ਅਫ਼ਗਾਨਾਂ ਨਾਲ ਹੋਈ ਇੱਕ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ। ਨਿਰਸੰਦੇਹ ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਇੱਕ ਮਹਾਨ ਰਾਖੇ ਸਨ।